ਚੰਡੀਗੜ੍ਹ, 18 ਦਸੰਬਰ:
ਚੌਥੇ ਮਿਲੀਟਰੀ ਲਿਟਰੇਚਰ ਫੈਸਟੀਵਲ ਵਿਚ ਤਾਲਿਬਾਨ ਬਾਰੇ ਗੱਲ ਕਰਦਿਆਂ ਅਮਰੀਕੀ ਸਾਇੰਸਦਾਨ ਡਾ. ਸੀ ਕਰਿਸਟੀਨ ਫੇਅਰ ਨੇ ਕਿਹਾ ਕਿ ਅੱਤਵਾਦ ਨੂੰ ਰੋਕਣ ਲਈ ਦੁਨੀਆਂ ਨੂੰ ਸਮੂਹਿਕ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਏਸ਼ੀਆਈ ਖਿੱਤੇ ਦੇ ਕੁਝ ਮੁਲਕ ਤਾਲਿਬਾਨ ਸਮੇਤ ਕਈ ਅੱਤਵਾਦੀ ਸੰਗਠਨਾਂ ਦੀ ਮਦਦ ਕਰ ਰਹੇ ਹਨ ਜਿਸ ਦਾ ਖਾਮਿਆਜ਼ਾ ਦੁਨੀਆਂ ਭਰ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਇਰਾਨ ਵਿਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਫਸਰ ਕੇਸੀ ਸਿੰਘ, ਆਈਐਫਐਸ ਨਾਲ ਵਿਚਾਰ-ਚਰਚਾ ਕਰਦਿਆਂ ਡਾ. ਫੇਅਰ ਨੇ ਕਿਹਾ ਕਿ ਪਾਕਿਸਤਾਨੀ ਸਰਕਾਰ ਅਤੇ ਫੌਜ ਵਿਚ ਬੇਹਤਰ ਤਾਲਮੇਲ ਦੀ ਘਾਟ ਤਾਲਿਬਾਨ ਦੇ ਉਭਾਰ ਦਾ ਇਕ ਕਾਰਣ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਕੋਲ ਫੌਜ ਦੀ ਵੱਡੀ ਗਿਣਤੀ ਅੱਤਵਾਦ ਨਾਲ ਜੁੜੀਆਂ ਗਤੀਵਿਧੀਆਂ ਦੀ ਰੋਕਥਾਮ ਦਾ ਇਕੋ-ਇਕ ਜ਼ਰੀਆਂ ਨਹੀਂ ਹੋ ਸਕਦੀ ਬਲਕਿ ਅੱਤਵਾਦ ਦਾ ਉਭਾਰ ਰੋਕਣ ਲਈ ਸਮੂਹਿਕ ਪੈਂਤੜੇਬਾਜ਼ੀ ਦੀ ਲੋੜ ਹੈ।
ਕਾਬਿਲੇਗੌਰ ਹੈ ਕਿ ਡਾ. ਸੀ ਕਰਿਸਟੀਨ ਫੇਅਰ ਅਮਰੀਕੀ ਸਿਆਸੀ ਸਾਇੰਸਦਾਨ ਹੋਣ ਤੋਂ ਇਲਾਵਾ ਅੱਤਵਾਦ ਵਿਰੋਧੀ ਅਤੇ ਏਸ਼ੀਆਈ ਖਿੱਤੇ ਨਾਲ ਜੁੜੇ ਮਾਮਲਿਆਂ ਦੇ ਮਾਹਿਰ ਹਨ। ਉਹ ਅੱਧੀ ਦਰਜਨ ਤੋਂ ਉੱਪਰ ਕਿਤਾਬਾਂ ਲਿਖ ਚੁੱਕੇ ਹਨ।
“ਦੀ ਤਾਲਿਬਾਨ ਆਰ ਕਮਿੰਗ ਕਾਲਿੰਗ: ਡੀਪ ਸਟੇਟਸ ਇਨ ਪਾਕਿਸਤਾਨ ਐਂਡ ਇੰਡੀਆ ਐਂਡ ਦੀ ਰੋਲ ਆਫ ਮੀਡੀਆ” ਵਿਸ਼ੇ `ਤੇ ਵਿਚਾਰ-ਚਰਚਾ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਏਸ਼ੀਆਂ ਖਿੱਤੇ ਵਿਚ ਤਾਲਿਬਾਨ ਦੀ ਮਦਦ ਕਰਨ ਵਾਲੇ ਦੇਸ਼ਾਂ ਦੀ ਅੰਦਰੂਨੀ ਤੇ ਵਿੱਤੀ ਹਾਲਤ ਬਹੁਤੀ ਵਧੀਆਂ ਨਹੀਂ ਹੈ ਕਿਉਂ ਕਿ ਅੱਤਵਾਦੀਆਂ ਦੀ ਮਦਦ ਲਈ ਖਰਚਿਆ ਪੈਸਾ ਵਿਕਾਸ ਕਾਰਜਾਂ `ਤੇ ਨਹੀਂ ਲੱਗਦਾ ਅਤੇ ਅੰਦਰੂਨੀ ਹਮਲਿਆਂ ਲਈ ਕਈ ਵਾਰ ਅਜਿਹੇ ਅੱਤਵਾਦੀ ਗਰੁੱਪ ਹੀ ਜ਼ਿੰਮੇਵਾਰ ਹੁੰਦੇ ਹਨ ਜਿਨ੍ਹਾਂ ਦੀ ਮਦਦ ਹਕੂਮਤ ਵੱਲੋਂ ਕੀਤੀ ਜਾਂਦੀ ਹੈ। ਭਾਰਤ, ਪਾਕਿਸਤਾਨ, ਇਰਾਨ, ਈਰਾਕ, ਅਫਗਾਨਿਸਤਾਨ ਅਤੇ ਏਸ਼ੀਆਂ ਦੇ ਹੋਰ ਅੱਤਵਾਦ ਪ੍ਰਭਾਵਿਤ ਦੇਸ਼ਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਤਵਾਦ ਖਿਲਾਫ ਲਏ ਸਟੈਂਡ ਕਾਰਨ ਭਾਰਤ ਵਿਕਾਸਸ਼ੀਲ ਮੁਲਕਾਂ ਦੀ ਸੂਚੀ ਵਿਚ ਮੋਹਰੀ ਹੋ ਕੇ ਉੱਭਰਿਆਂ ਹੈ।
ਇਸ ਦੌਰਾਨ ਵੱਖ-ਵੱਖ ਅੱਤਵਾਦੀ ਸੰਗਠਨਾਂ ਦੀ ਕਾਰਜਪ੍ਰਣਾਲੀ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ। ਅਮਰੀਕਾ `ਤੇ 9/11 ਦੇ ਹਮਲੇ ਬਾਰੇ ਗੱਲ ਕਰਦਿਆਂ ਡਾ. ਫੇਅਰ ਨੇ ਕਿਹਾ ਕਿ ਅੱਤਵਾਦੀ ਹਮਲਿਆਂ ਪਿੱਛੇ ਕਿਸੇ ਨਾ ਕਿਸੇ ਤਾਕਤ ਦਾ ਹੱਥ ਜ਼ਰੂਰ ਹੁੰਦਾ ਹੈ ਅਤੇ ਅੱਤਵਾਦੀਆਂ ਨੂੰ ਪੈਸਾ ਮੁਹੱਈਆ ਕਰਵਾਉਣ ਵਾਲੇ ਦੇਸ਼ ਇਸ ਲਈ ਜ਼ਿੰਮੇਵਾਰ ਹਨ। ਉਨ੍ਹਾਂ ਅਮਰੀਕਾ ਵੱਲੋਂ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸਫਾਈ ਲਈ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ।
ਮੀਡੀਆ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਖੋਜੀ ਪੱਤਰਕਾਰੀ ਦੀ ਘੱਟ ਰਹੀ ਪ੍ਰਵਿਰਤੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਬਹੁਤੇ ਮੀਡੀਆ ਅਦਾਰੇ ਸਿਰਫ ਉਹ ਦਿਖਾ/ਛਾਪ ਰਹੇ ਹਨ ਜੋ ਹਕੂਮਤ ਕਰ ਰਹੇ ਲੋਕ ਕਹਿ ਰਹੇ ਹਨ। ਇਕਪਾਸੜ ਰਿਪੋਰਟਿੰਗ `ਤੇ ਦੋਵਾਂ ਪੈਨਲਿਸਟਾਂ ਨੇ ਚਿੰਤਾ ਦਾ ਇਜ਼ਹਾਰ ਕੀਤਾ। ਤਾਲਿਬਾਨ ਕਿੱਦਾਂ ਸ਼ੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਹੈ ਬਾਬਤ ਕੀਤੇ ਇਕ ਸਵਾਲ ਬਾਰੇ ਡਾ. ਫੇਅਰ ਨੇ ਕਿਹਾ ਕਿ ਇਹ ਮਾਧਿਆਮ ਤਾਲਿਬਾਨ ਕਾਫੀ ਸਮੇਂ ਤੋਂ ਵਰਤਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਠਨ ਬਹੁਤ ਸਾਰੇ ਸੰਦੇਸ਼ ਅਤੇ ਵੀਡੀਓ ਸ਼ੋਸ਼ਲ ਮੀਡੀਆ ਰਾਹੀਂ ਹੀ ਫੈਲਾਉਂਦੇ ਹਨ। ਅਮਰੀਕਾ ਵਿਚ ਨਵੀਂ ਸਰਕਾਰ ਦੇ ਗਠਨ ਨਾਲ ਤਾਲਿਬਾਨ ਸਬੰਧੀ ਨੀਤੀਆਂ `ਤੇ ਕੀ ਅਸਰ ਪਵੇਗਾ ਬਾਰੇ ਉਨ੍ਹਾਂ ਕਿਹਾ ਕਿ ਇਹ ਭਵਿੱਖ ਤੈਅ ਕਰੇਗਾ ਕਿ ਨਵੀਂ ਅਮਰੀਕੀ ਸਰਕਾਰ ਕੀ ਪੈਂਤੜਾ ਤਿਆਰ ਕਰਦੀ ਹੈ।

English






