ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲ, ਲੋੜਵੰਦ ਬੱਚਿਆਂ ਨੂੰ ਖਿਡੌਣੇ ਦਾਨ ਕਰਨ ਲਈ ਮੁਹਿੰਮ ਸ਼ੁਰੂ
—ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਵਾਸੀਆਂ ਨੂੰ ਮੁਹਿੰਮ ’ਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ
—-ਕਿਹਾ ਆਓ! ਇਹ ਦੀਵਾਲੀ ਲੋੜਵੰਦ ਬੱਚਿਆਂ ਨੂੰ ਖੁਸ਼ੀਆਂ ਦੇ ਕੇ ਮਨਾਈਏ
ਜਲੰਧਰ, 18 ਅਕਤੂਬਰ
ਇਹ ਦੀਵਾਲੀ ਲੋੜਵੰਦ ਬੱਚਿਆਂ ਨੂੰ ਖੁਸ਼ੀਆਂ ਦੇ ਕੇ ਮਨਾਉਣ ਦਾ ਸੱਦਾ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਵੇਕਲੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸ਼ਹਿਰ ਵਾਸੀ ਲੋੜਵੰਦ ਬੱਚਿਆਂ ਲਈ ਖਿਡੌਣੇ ਦਾਨ ਕਰ ਸਕਦੇ ਹਨ, ਜੋ ਕਿ ਅੱਗੋਂ ਜ਼ਰੂਰਤਮੰਦ ਬੱਚਿਆਂ ਨੂੰ ਵੰਡੇ ਜਾਣਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ 23 ਅਕਤੂਬਰ 2022 ਤੱਕ ਜਾਰੀ ਰਹੇਗੀ ਅਤੇ ਇਸ ਮੰਤਵ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਸੇਵਾ ਕੇਂਦਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ, ਕਪੂਰਥਲਾ ਚੌਕ ਵਿਖੇ ਬਕਸੇ ਸਥਾਪਤ ਕੀਤੇ ਗਏ ਹਨ, ਜਿਥੇ ਸ਼ਹਿਰ ਵਾਸੀ ਨਵੇਂ ਜਾਂ ਪੁਰਾਣੇ ਖਿਡੌਣ ਦਾਨ ਕਰ ਸਕਦੇ ਹਨ, ਜੋ ਕਿ ਲੋੜਵੰਦ ਬੱਚਿਆਂ ਵਿੱਚ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਇਹ ਉਪਰਾਲਾ ਜਿਥੇ ਨਿਵਾਸੀਆਂ ਨੂੰ ਆਪਣੇ ਬੱਚਿਆਂ ਜਾਂ ਪੋਤੇ-ਪੋਤੀਆਂ ਦੇ ਖਿਡੌਣੇ ਦਾਨ ਕਰਨ ਦੀ ਸਹੂਲਤ ਪ੍ਰਦਾਨ ਕਰੇਗਾ ਉਥੇ ਜ਼ਰੂਰਤਮੰਦ ਬੱਚਿਆਂ ਦੀ ਖੁਸ਼ੀ ਦਾ ਜ਼ਰੀਆ ਵੀ ਬਣੇਗਾ।
ਜਸਪ੍ਰੀਤ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਇਸ ਮੁਹਿੰਮ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਵੀ ਇਸ ਨੇਕ ਕੰਮ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦੀਵਾਲੀ ਲੋੜਵੰਦ ਬੱਚਿਆਂ ਨੂੰ ਖੁਸ਼ੀਆਂ ਦੇ ਕੇ ਮਨਾਈ ਜਾਵੇ ਅਤੇ ਹਰੇਕ ਚਿਹਰੇ ’ਤੇ ਮੁਸਕੁਰਾਹਟ ਲਿਆਉਣ ਦਾ ਯਤਨ ਕੀਤਾ ਜਾਵੇ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਤੇ ਲੀਗਲ ਪ੍ਰੋਬੇਸ਼ਨ ਅਫ਼ਸਰ ਨਾਲ ਕ੍ਰਮਵਾਰ 79738-46008 ਤੇ 94177-14786 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

English






