ਅੰਗਰੇਜ਼ੀ ਦਾ ਸ਼ੋਅ ਐਂਡ ਟੈੱਲ ਅਤੇ ਸਮਾਜਿਕ ਵਿਗਿਆਨ ਦਾ ਪੋਸਟਰ ਮੇਕਿੰਗ ਮੁਕਾਬਲਾ ਵਿਦਿਆਰਥੀਆਂ ਵਿਚ ਵਧਾਏਗਾ ਆਤਮਵਿਸ਼ਵਾਸ

ਫਾਜ਼ਿਲਕਾ, 20 ਮਈ,2021
ਸਿੱਖਿਆ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਦੀ ਯੋਗ ਅਗਵਾਈ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁੁੁੁਮਾਰ ਆਈ.ਏ.ਐਸ. ਦੇ ਯਤਨਾਂ ਸਦਕਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਤਿਰਲੋਚਨ ਸਿੰਘ ਦੀ ਰਹਿਨੁਮਾਈ ਵਿਚ  ਜ਼ਿਲ੍ਹਾ ਫਾਜ਼ਿਲਕਾ ਦੀਆਂ ਸਿੱਖਿਆ ਨਾਲ ਸਬੰਧਤ ਵਿਭਾਗੀ ਗਤੀਵਿਧੀਆਂ ਚਰਮ ਸੀਮਾ `ਤੇ ਚੱਲ ਰਹੀਆਂ ਹਨ।ਇਸ ਮਨੋਰਥ ਲਈ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਮੇਂ ਸਮੇਂ ਤੇ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਸਹਿ-ਅਕਾਦਮਿਕ ਮੁਕਾਬਲੇ ਕਰਵਾਏ ਜਾ ਰਹੇ ਹਨ।ਜਿੱਥੇ ਸਰਕਾਰੀ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਨਾਲ ਜੋੜੀ ਰੱਖਣ ਦੇ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਸਮੇਂ ਦੀ ਮੰਗ ਅਨੁਸਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਨਿਪੁੰਨ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਤਰਲੋਚਨ ਸਿੰਘ ਨੇ ਦੱਸਿਆ ਕਿ ਮਾਤ ਭਾਸ਼ਾ ਦੇ ਨਾਲ ਨਾਲ ਅੱਜ ਦੀ ਮੰਗ ਅਨੁਸਾਰ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ।ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਬੋਲ ਚਾਲ ਵਿਚ ਨਿਪੁੰਨ ਬਣਾਉਣ ਲਈ ਇੰਗਲਿਸ਼ ਬੂਸਟਰ ਕਲੱਬਾਂ ਦੀ ਸਥਾਪਨਾ ਕਰਕੇ ਰੋਜ਼ਾਨਾ ਆਨਲਾਈਨ ਢੰਗ ਰਾਹੀਂ ਅੰਗਰੇਜ਼ੀ ਬੋਲਣ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਸ਼ੋਅ ਐਂਡ ਟੈੱਲ ਮੁਕਾਬਲੇ ਵਿੱਚ ਵਿਦਿਆਰਥੀ ਤਸਵੀਰਾਂ ਅਤੇ ਚਿੱਤਰਾਂ ਨੂੰ ਵਿਖਾ ਕੇ ਉਸ ਬਾਰੇ ਅੰਗਰੇਜ਼ੀ ਚ ਬੋਲ ਕੇ ਦੱਸੇਗਾ।
ਜਾਣਕਾਰੀ ਦਿੰਦੇ ਹੋਏ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਬ੍ਰਿਜਮੋਹਨ ਸਿੰਘ ਬੇਦੀ ਨੇ ਦੱਸਿਆ ਕਿ ਇਹ ਮੁਕਾਬਲੇ ਜ਼ੂਮ ਕਲਾਸਾਂ ਅਤੇ ਵੀਡੀਓ ਰਿਕਾਰਡਿੰਗ ਜਰੀਏ ਕਰਵਾਏ ਜਾ ਸਕਣਗੇ। ਇਸ ਸਬੰਧੀ ਜ਼ਿਲਾ ਡੀ. ਐਮ. ਗੌਤਮ ਗੌੜ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਅੰਗਰੇਜ਼ੀ ਬੋਲਣ ਵਿੱਚ ਨਿਪੁੰਨ ਬਣਾਉਣ ਲਈ ਵਿਭਾਗ ਵੱਲੋਂ ਸਕੂਲ ਪੱਧਰ ਤੇ ਸ਼ੋਅ ਐਂਡ ਟੈੱਲ ਮੁਕਾਬਲੇ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸ਼ੋਅ ਐਂਡ ਟੈੱਲ ਮੁਕਾਬਲੇ ਛੇਵੀਂ ਤੋਂ ਬਾਰ੍ਹਵੀਂ ਤੱਕ ਕਰਵਾਏ ਜਾਣਗੇ ਅਤੇ ਇਹ 20 ਮਈ ਤੋਂ ਸ਼ੁਰੂ ਹੋ ਕੇ 25 ਮਈ ਤੱਕ ਚੱਲਣਗੇ। 20 ਮਈ ਨੂੰ ਛੇਵੀਂ ਜਮਾਤ, 21 ਮਈ ਨੂੰ ਸੱਤਵੀਂ ਜਮਾਤ, 22 ਮਈ ਨੂੰ ਅੱਠਵੀਂ ਜਮਾਤ, 24 ਮਈ ਨੂੰ ਨੌਵੀਂ ਤੇ ਗਿਆਰ੍ਹਵੀਂ ਜਮਾਤ ਅਤੇ 25 ਮਈ ਨੂੰ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਮੁਕਾਬਲੇ ਸਕੂਲ ਪੱਧਰ ਤੇ ਕਰਵਾਏ ਜਾਣਗੇ। ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਪੱਧਰ ਤੇ ਈ-ਸਰਟੀਫਿਕੇਟ ਵੀ ਦਿੱਤੇ ਜਾਣਗੇ।ਇਸੇ ਤਰ੍ਹਾਂ ਹੀ ਸਮਾਜਿਕ ਵਿਗਿਆਨ ਦਾ ਪੋਸਟਰ ਮੇਕਿੰਗ ਮੁਕਾਬਲਾ 26 ਮਈ ਤੋਂ 29 ਮਈ ਤਕ ਚੱਲੇਗਾ।ਇਸ ਸੰਬੰਧੀ ਛੇਵੀਂ ਤੋਂ ਦਸਵੀਂ ਦੇ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ੇ ਦਿੱਤੇ ਗਏ ਹਨ ਅਤੇ ਉਹਨਾਂ ਵਿਸ਼ਿਆਂ ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਜਾਵੇਗਾ। ਪੂਰੇ ਜ਼ਿਲ੍ਹੇ ਵਿੱਚ ਇਹ ਮੁਕਾਬਲੇ ਉਨ੍ਹਾਂ ਦੀ ਦੇਖਰੇਖ ਵਿੱਚ ਆਨ ਲਾਈਨ  ਕਰਵਾਏ ਜਾਣਗੇ।
ਜ਼ਿਲ੍ਹਾ ਸਿੱਖਿਆ ਅਫਸਰ ਨੇ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ-19 ਵਰਗੀ ਮਹਾਂਮਾਰੀ ਤੋਂ ਬਚਣ ਲਈ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਈ ਜਾਵੇ।