ਆਪਸ ‘ਚ ਪੂਰੀ ਤਰਾਂ ਘਿਉ-ਖਿਚੜੀ ਹਨ ਰਾਜਾ ਅਤੇ ਬਾਦਲ- ਭਗਵੰਤ ਮਾਨ

aap punjab

ਆਪਸੀ ਸਮਝੌਤੇ ਤਹਿਤ ਬਾਦਲਾਂ ਨੂੰ ਮੁੱਖ ਵਿਰੋਧੀ ਧਿਰ ਵਜੋਂ ਉਭਾਰਨ ਦੀ ਕੋਝੀ ਕੋਸ਼ਿਸ਼ ਕਰ ਰਹੇ ਹਨ ‘ਰਾਜਾ ਸਾਹਿਬ’
ਪੁੱਛਿਆ, ਕੋਰੋਨਾ ‘ਚ ਧਰਨਿਆਂ ਦੇ ਡਰਾਮੇ ਕਰ ਰਹੇ ਬਾਦਲਾਂ ‘ਤੇ ਕਿਉਂ ਨਹੀਂ ਦਰਜ ਹੁੰਦੇ ਕੇਸ?

ਬਠਿੰਡਾ, 14 ਅਗਸਤ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਵਾਰੀ ਬੰਨ੍ਹ ਕੇ ਰਾਜ ਕਰਨ ਦੇ ਆਪਸੀ ਸਮਝੌਤੇ ਤਹਿਤ ‘ਰਾਜਾ ਸਾਹਿਬ’ ਦਾ ਹੁਣ ਇਹੋ ਜ਼ੋਰ ਲੱਗਿਆ ਹੋਇਆ ਕਿ ਸਿਆਸੀ ਜ਼ਮੀਨ-ਗੁਆ ਚੁੱਕੇ ਬਾਦਲਾਂ (ਸੁਖਬੀਰ ਸਿੰਘ ਬਾਦਲ-ਬਿਕਰਮ ਸਿੰਘ ਮਜੀਠੀਆ) ਨੂੰ 2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਵਿਰੋਧੀ ਧਿਰ ਵਜੋਂ ਕਿਵੇਂ ਉਭਾਰਿਆ ਜਾਵੇ?
ਸ਼ੁੱਕਰਵਾਰ ਨੂੰ ਪਾਰਟੀ ਦੇ ਸਥਾਨਕ ਆਗੂਆਂ ਨਾਲ ਭਗਵੰਤ ਮਾਨ ਇੱਥੇ ਮੀਡੀਆ ਦੇ ਰੂਬਰੂ ਸਨ। ਭਗਵੰਤ ਮਾਨ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਲੋਕ-ਮਾਰੂ ਨੀਤੀਆਂ ਅਤੇ ਗੈਰ ਜਿੰਮੇਵਾਰਨਾ ਰਵੱਈਏ ਵਿਰੁੱਧ ਜਦ ਆਮ ਆਦਮੀ ਪਾਰਟੀ ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਬੇਰੁਜ਼ਗਾਰਾਂ ਸਮੇਤ ਹੋਰ ਸੰਗਠਨਾਂ ਵੱਲੋਂ ਰੋਸ ਮੁਜ਼ਾਹਰੇ ਜਾਂ ਧਰਨੇ ਲਗਾਏ ਜਾਂਦੇ ਹਨ ਤਾਂ ਕੋਰੋਨਾ ਦਿਸ਼ਾ-ਨਿਰਦੇਸ਼ਾਂ (ਡਿਸਾਸਟਰ ਮੈਨੇਜਮੈਂਟ) ਦੇ ਨਾਂ ਥੱਲੇ ਪੁਲਸ ਕੇਸ ਕਰ ਦਿੱਤੇ ਜਾਂਦੇ ਹਨ।
ਮਾਨ ਮੁਤਾਬਿਕ ਸਿਰਫ਼ ‘ਆਪ’ ਆਗੂਆਂ ਵਲੰਟੀਅਰਾਂ ਅਤੇ ਸਮਰਥਕਾਂ ‘ਤੇ ਹੁਣ ਤੱਕ 300 ਤੋਂ ਵੱਧ ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹਨ। ਜਦਕਿ ਕਿਸਾਨ ਯੂਨੀਅਨ ਅਤੇ ਮਜ਼ਦੂਰ ਜਥੇਬੰਦੀਆਂ ‘ਤੇ ਹੁਣ ਤੱਕ ਦਰਜ਼ ਕੀਤੇ ਮਾਮਲਿਆਂ ਦੀ ਗਿਣਤੀ 1000 ਤੋਂ ਵੱਧ ਹੈ।
ਭਗਵੰਤ ਮਾਨ ਨੇ ਸਵਾਲ ਉਠਾਇਆ ਕਿ ਬੇਅਦਬੀ ਦੇ ਦੋਸ਼ਾਂ ‘ਚ ਘਿਰੇ ਅਤੇ ਪੰਜਾਬ ‘ਚ ‘ਮਾਫ਼ੀਆ ਰਾਜ’ ਦੀ ਜੜ ਲਗਾਉਣ ਵਾਲੇ ਸੁਖਬੀਰ ਸਿੰਘ ਬਾਦਲ ‘ਸ਼ਰਾਬ ਮਾਫ਼ੀਆ’ ਵਿਰੁੱਧ ਧਰਨਿਆਂ ਦੇ ਡਰਾਮੇ ਕਰ ਰਹੇ ਹਨ। ਕੋਰੋਨਾ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆਂ ਉਡਾ ਰਹੇ ਹਨ, ਪਰੰਤੂ ਉਨ੍ਹਾਂ ‘ਤੇ ਕੋਈ ਮੁਕੱਦਮਾ ਦਰਜ ਕਰਨ ਦੀ ਥਾਂ ਉਨ੍ਹਾਂ ਨੂੰ ਅਸਿੱਧੇ ਢੰਗ ਨਾਲ ਪੁਲਸ ਅਤੇ ਪ੍ਰਸ਼ਾਸਨ ਕੋਲੋਂ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਵੀ ਤਾਂ ‘ਮਹਾਰਾਜੇ’ ਵੱਲੋਂ ਖ਼ਤਮ ਹੋਏ ਬਾਦਲਾਂ ਨੂੰ ਮੁੜ ਖੜੇ ਕਰਨ ਦੀਆਂ ਪ੍ਰਤੱਖ ਕੋਸ਼ਿਸ਼ਾਂ ਅਤੇ ਉਨ੍ਹਾਂ (ਬਾਦਲਾਂ) ਦੇ ਮਾਫ਼ੀਆ ਰਾਜ ਦੀ ਵਾਗਡੋਰ ਖ਼ੁਦ ਸੰਭਾਲੇ ਹੋਣ ਦਾ ਰੋਣਾ-ਰੋ ਰਹੇ ਹਨ, ਕਿਉਂਕਿ ਮਹਾਰਾਜੇ ਅਤੇ ਬਾਦਲਾਂ ਦਰਮਿਆਨ ਹੋਏ ਸਮਝੌਤੇ ਦੀ ਹੁਣ ਪੋਲ ਖੁੱਲ ਚੁੱਕੀ ਹੈ।
ਭਗਵੰਤ ਮਾਨ ਨੇ ਇੱਥੋਂ ਤੱਕ ਕਿਹਾ ਕਿ ਮੁੱਖ ਮੰਤਰੀ ਅਤੇ ਬਾਦਲ ਸਿਸਵਾਂ ਸਥਿਤ ਆਪਣੇ ਫਾਰਮ ਹਾਊਸ ‘ਚ ਮੁਲਾਕਾਤਾਂ-ਮਹਿਫ਼ਲਾਂ ਸਜਾਉਂਦੇ ਹੋ ਸਕਦੇ ਹਨ ਕਿਉਂਕਿ ਸੁਖਬੀਰ ਬਾਦਲ ਦਾ ‘ਸੁੱਖ ਬਿਲਾਸ’ ਅਤੇ ਮਹਾਰਾਜੇ ਦਾ ਸ਼ਾਹੀ ਫਾਰਮ ਹਾਊਸ ਨਾਲ-ਨਾਲ ਹੀ ਹਨ।
ਭਗਵੰਤ ਮਾਨ ਨੇ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਆਪਣੀ ਚੰਡੀਗੜ੍ਹ ਸਥਿਤ ਸਰਕਾਰੀ ਕੋਠੀ ‘ਚ ਇਸ ਲਈ ਨਹੀਂ ਠਹਿਰਦੇ ਕਿਉਂਕਿ ਰੇਤ, ਸ਼ਰਾਬ ਅਤੇ ਹੋਰ ਸਾਰੇ ਮਾਫ਼ੀਆ ਦਾ ਪੈਸਾ ਇਕੱਠਾ ਹੋ ਕੇ ‘ਮਹਾਰਾਜੇ’ ਦੇ ਫਾਰਮ ਹਾਊਸ ਜਾਂਦਾ ਹੈ।
ਮਾਨ ਨੇ ਕਿਹਾ ਕਿ ਪੰਜਾਬ ਦੀ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ ਕਿ ਸੱਤਾਧਾਰੀਆਂ ਦੀ ਸਰਪ੍ਰਸਤੀ ਹੇਠ ਸ਼ਰੇਆਮ ਵਿਕਦੀ ਨਜਾਇਜ਼ ਦਾਰੂ ਦੇ ਜ਼ਹਿਰ ਨਾਲ ਜਦੋਂ ਤਰਨਤਾਰਨ, ਅੰਮ੍ਰਿਤਸਰ ਅਤੇ ਬਟਾਲਾ ‘ਚ ਘਰ ਉਜਾੜੇ ਤਾਂ ਮੁੱਖ ਮੰਤਰੀ ਨੂੰ ਫਾਰਮ ਹਾਊਸ ‘ਚੋਂ ਕੱਢ ਕੇ ਮਾਝੇ ‘ਚ ਭੇਜਣ ਲਈ ਆਮ ਆਦਮੀ ਪਾਰਟੀ ਨੂੰ ਫਾਰਮ ਹਾਊਸ ਘੇਰਨਾ ਪਿਆ।
ਭਗਵੰਤ ਮਾਨ ਨੇ ਇਹ ਵੀ ਪੁੱਛਿਆ ਕਿ ਜ਼ਹਿਰੀਲੀ ਸ਼ਰਾਬ ਨਾਲ ਕੀਤੇ ਕਤਲੇਆਮ ਦੇ ਦੋਸ਼ੀ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ, ਉਸ ਦੇ ਪੀਏ ਜਰਮਨਜੀਤ ਸਿੰਘ ਅਤੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵਰਗੇ ਅਸਲੀ ਤਸਕਰਾਂ ‘ਤੇ ਕਤਲ ਦੇ ਮੁਕੱਦਮੇ ਕਿਉਂ ਨਹੀਂ ਦਰਜ ਕੀਤੇ। ਇਸ ਮੌਕੇ ਉਨ੍ਹਾਂ ਨਾਲ ਨਵਦੀਪ ਸਿੰਘ ਜੀਦਾ, ਅਮ੍ਰਿਤ ਲਾਲ, ਅਨਿਲ ਠਾਕੁਰ, ਰਾਕੇਸ਼ ਪੁਰੀ, ਨੀਲ ਗਰਗ ਆਦਿ ਹਾਜ਼ਰ ਸਨ।