ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਖਰੜ ਸਬ ਡਵੀਜ਼ਨ ਵਿਖੇ 12 ਨਵੰਬਰ ਨੂੰ ਬਰਸਾਲਪੁਰ ਅਤੇ 22 ਨਵੰਬਰ ਨੂੰ ਲਖਨੌਰ (ਖਰੜ) ਵਿਖੇ ਕੈਂਪ ਲੱਗਣਗੇ

Sorry, this news is not available in your requested language. Please see here.

ਸਾਹਿਬਜ਼ਾਦਾ ਅਜੀਤ ਸਿੰਘ ਨਗਰ,  5 ਨਵੰਬਰ 2024

ਆਮ ਲੋਕਾਂ ਨੂੰ  ਸਰਕਾਰੀ ਦਫ਼ਤਰਾਂ ਵਿਚ ਰੋਜ਼ਾਨਾ ਦੇ ਕੰਮਾਂ-ਕਾਰਾਂ ਦੌਰਾਨ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਵੱਖ-ਵੱਖ ਪਿੰਡਾਂ/ਸ਼ਹਿਰਾਂ ਵਿਚ ਸਬ-ਡਵੀਜ਼ਨ ਪੱਧਰ ’ਤੇ ਲਗਾਏ ਜਾ ਰਹੇ ਕੈਂਪਾ ਦੀ ਲੜੀ ਵਿੱਚ ਖਰੜ ਸਬ ਡਵੀਜ਼ਨ ਵਿੱਚ 12 ਨਵੰਬਰ ਨੂੰ ਬਰਸਾਲਪੁਰ ਅਤੇ 22 ਨਵੰਬਰ ਨੂੰ ਲਖਨੌਰ (ਖਰੜ) ਵਿਖੇ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ’ਚ ਮੌਕੇ ’ਤੇ ਹੀ ਸਬੰਧਤ ਵਿਭਾਗਾਂ ਵੱਲੋਂ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 10.00 ਵਜੇ ਤੋਂ ਦੁਪਿਹਰ 1.00 ਵਜੇ ਤੱਕ ਦਾ ਹੋਵੇਗਾ।
ਇਹ ਜਾਣਕਾਰੀ ਦਿੰਦਿਆਂ ਕੈਂਪ ਦੇ ਨੋਡਲ ਅਫਸਰ ਅਤੇ ਖਰੜ ਦੇ ਐਸ.ਡੀ.ਐਮ. ਗੁਰਮੰਦਰ ਸਿੰਘ ਨੇ ਦੱਸਿਆ ਕਿ 12 ਨਵੰਬਰ ਨੂੰ ਖਰੜ ਸਬ ਡਵੀਜਨ ਦੇ ਪਿੰਡ ਬਰਸਾਲਪੁਰ ਵਿਖੇ ਲਗਾਏ ਜਾਣ ਵਾਲੇ ਕੈਂਪ ਵਿਚ ਥਾਣਾ ਗੋਬਿੰਦਗੜ੍ਹ, ਬਰਸਾਲਪੁਰ, ਲੁਬਾਣਗੜ੍ਹ, ਸਲੇਮਪੁਰ ਕਲਾਂ, ਅਤੇ ਸਲੇਮਪੁਰ ਖੁਰਦਪੁਰ, ਦੇ ਵਸਨੀਕ ਆਪਣੀਆਂ ਅਰਜ਼ੀਆਂ ਲੈ ਕੇ ਆ ਸਕਦੇ ਹਨ। ਮਿਤੀ 22 ਨਵੰਬਰ ਨੂੰ ਖਰੜ ਸਬ ਡਵੀਜਨ ਦੇ ਪਿੰਡ ਲਖਨੌਰ ਵਿਖੇ ਕੈਂਪ ਲੱਗੇਗਾ ਅਤੇ ਇਸ ਕੈਂਪ ਵਿੱਚ ਪਿੰਡ ਲਖਨੌਰ, ਨੱਗਲ ਸਿੰਘਾਂ, ਨਨਹੇੜੀਆਂ, ਰਕੌਲੀ, ਸ਼ਾਹਪੁਰ ਦੇ ਵਸਨੀਕ ਅਰ਼ਜ਼ੀਆਂ ਦੇ ਸਕਦੇ ਹਨ।

ਇਨ੍ਹਾਂ ਕੈਂਪਾਂ ਵਿੱਚ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਿਆਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ’ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫ਼ਰਦ ਬਣਾਉਣੀ, ਸ਼ਗਨ ਸਕੀਮ ਅਰਜ਼ੀ, ਜ਼ਮੀਨ ਦੀ ਨਿਸ਼ਾਨਦੇਹੀ, ਐੱਨ.ਆਰ. ਆਈ. ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ’ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੇ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਸਰਕਾਰੀ ਦਫ਼ਤਰਾਂ ਨਾਲ ਸਬੰਧਤ ਆਪਣੇ ਕੰਮ ਮੁਕੰਮਲ ਕਰਵਾ ਲੈਣ। ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 43 ਸੇਵਾਵਾਂ ਹਾਸਲ ਕਰਨ ਲਈ ਹੈਲਪ ਲਾਈਨ 1076 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।