ਏਕਤਾ ਵਿਹਾਰ ਦੇ ਹੈਜ਼ਾ ਪੀੜਤਾਂ ਨੂੰ ਹਰ ਸੰਭਵ ਸਰਕਾਰੀ ਸਹਾਇਤਾ ਮਿਲੇਗੀ: ਬਲਬੀਰ ਸਿੰਘ ਸਿੱਧੂ

Sorry, this news is not available in your requested language. Please see here.

ਸਿਹਤ ਮੰਤਰੀ ਵੱਲੋਂ ਬਲਟਾਣਾ ਵਿੱਚ ਪੈਂਦੀ ਕਲੋਨੀ ਦਾ ਦੌਰਾ
ਸਿਹਤ ਅਮਲੇ ਨੂੰ ਮਰੀਜ਼ਾਂ ਦੇ ਇਲਾਜ ਵਿੱਚ ਕੋਈ ਕਸਰ ਨਾ ਛੱਡਣ ਦੀ ਹਦਾਇਤ
ਐਸ.ਏ.ਐਸ. ਨਗਰ 12 ਅਗਸਤ 2021 ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਏਕਤਾ ਵਿਹਾਰ ਕਲੋਨੀ, ਬਲਟਾਣਾ ਜ਼ੀਰਕਪੁਰ ਦਾ ਦੌਰਾ ਕੀਤਾ, ਜਿੱਥੇ ਹੈਜ਼ਾ ਫੈਲਣ ਕਾਰਨ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਇਸ ਇਲਾਕੇ ਵਿੱਚੋਂ ਹੁਣ ਤੱਕ ਹੈਜ਼ੇ ਦੇ 340 ਕੇਸ ਸਾਹਮਣੇ ਆ ਚੁੱਕੇ ਹਨ।
ਇਸ ਮੌਕੇ ਸਿਹਤ ਮੰਤਰੀ ਸ. ਸਿੱਧੂ ਨੇ ਦੱਸਿਆ ਕਿ ਸ਼ੱਕ ਹੈ ਕਿ ਇੱਥੇ ਹੋ ਰਹੀ ਪਾਣੀ ਦੀ ਸਪਲਾਈ ਵਿੱਚ ਕਿਸੇ ਹੋਰ ਪਾਸਿਓਂ ਗੰਦਾ ਪਾਣੀ ਰਲ ਰਿਹਾ ਹੈ, ਜਿਸ ਕਾਰਨ ਇੱਥੇ ਹੈਜ਼ਾ ਫੈਲ ਰਿਹਾ ਹੈ ਕਿਉਂਕਿ ਇੱਥੋਂ ਨੇੜਲੇ ਸਾਰੇ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਲਾਈਨ ਦੀ ਜਾਂਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਲਟਾਣਾ ਵਿਖੇ ਪਿਛਲੀ ਸਰਕਾਰ ਵੱਲੋਂ ਪਾਣੀ ਅਤੇ ਸੀਵਰੇਜ਼ ਦੀਆਂ ਪਾਇਪਾਂ ਨੂੰ ਸਹੀ ਢੰਗ ਨਾਲ ਨਹੀਂ ਵਿਛਾਇਆ ਗਿਆ, ਜਿਸ ਕਾਰਨ ਅੱਜ ਬਲਟਾਣਾ ਵਾਸੀਆਂ ਨੂੰ ਹੈਜ਼ੇ ਵਰਗੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਿਹਤ ਵਿਭਾਗ ਦੇ ਅਮਲੇ ਨੂੰ ਮਰੀਜ਼ਾਂ ਦੇ ਇਲਾਜ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਦੀ ਹਦਾਇਤ ਕਰਦਿਆਂ, ਕੈਬਨਿਟ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਵੱਖ ਵੱਖ ਟੀਮਾਂ ਏਕਤਾ ਵਿਹਾਰ ਵਿਖੇ ਇਸ ਬਿਮਾਰੀ ਦੇ ਫੈਲਣ ਦੇ ਪਹਿਲੇ ਦਿਨ ਤੋਂ ਤਾਇਨਾਤ ਹਨ, ਉਨ੍ਹਾਂ ਲੋਕਾਂ ਨੂੰ ਸਿਹਤ ਪ੍ਰਤੀ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਹਰ ਤਰ੍ਹਾਂ ਦੀ ਸਹਾਇਤਾ ਕਰਨ ਦੇ ਆਦੇਸ਼ ਦਿੱਤੇ। ਬਲਟਾਣਾ ਵਿਖੇ ਇਸ ਬਿਮਾਰੀ ਕਾਰਨ ਹੋਈਆਂ ਦੋ ਮੌਤਾਂ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਤਰ੍ਹਾਂ ਦੀਆਂ ਮੈਡੀਕਲ ਸਹੂਲਤਾਂ ਅਤੇ ਸਰਕਾਰ ਦੀ ਨੀਤੀ ਅਨੁਸਾਰ ਮਾਲੀ ਸਹਾਇਤਾ ਦਿੱਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗਿਰੀਸ਼ ਵਰਮਾ ਨੂੰ ਆਦੇਸ਼ ਦਿੱਤੇ ਕਿ ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕਰਨ ਲਈ ਇਸ ਕਲੋਨੀ ਵਿੱਚ ਪਾਣੀ ਦੀ ਸਪਲਾਈ ਟੈਂਕਰਾਂ ਰਾਹੀਂ ਜਾਰੀ ਰੱਖੀ ਜਾਵੇ। ਉਨ੍ਹਾਂ ਜਾਂਚ ਲਈ ਭੇਜੇ ਪਾਣੀ ਦੇ ਨਮੂਨਿਆਂ ਦੀ ਰਿਪੋਰਟ ਛੇਤੀ ਹਾਸਲ ਕਰਨ ਲਈ ਕਿਹਾ ਤਾਂ ਜੋ ਪਾਣੀ ਦੇ ਦੂਸ਼ਿਤ ਹੋਣ ਦੇ ਕਾਰਨਾਂ ਬਾਰੇ ਪਤਾ ਚੱਲ ਸਕੇ ਅਤੇ ਇਸ ਨੂੰ ਦੂਰ ਕਰਨ ਲਈ ਉਪਾਅ ਕੀਤੇ ਜਾ ਸਕਣ।
ਇਸ ਮੌਕੇ ਐਸ.ਡੀ.ਐਮ.ਡੇਰਾਬਸੀ ਕੁਲਦੀਪ ਬਾਵਾ ਅਤੇ ਐਸ.ਡੀ.ਐਮ. ਖਰੜ ਆਕਾਸ਼ ਬਾਂਸਲ ਵੀ ਹਾਜ਼ਰ ਸਨ।