ਐਨ.ਟੀ.ਐਸ.ਈ. ਦੀ ਮੁਢਲੀ ਪ੍ਰੀਖਿਆ ਵਿੱਚ ਅੰਮ੍ਰਿਤਸਰ ਦੇ ਪਾੜੇ ਛਾਏ

Sorry, this news is not available in your requested language. Please see here.

ਮੈਰਿਟ ਸੂਚੀ ਵਿੱਚ 49.78 ਫੀਸਦੀ ਨਤੀਜਿਆਂ ਨਾਲ ਅੰਮ੍ਰਿਤਸਰ ਪੰਜਾਬ ਵਿਚੋਂ ਰਿਹਾ ਮੋਹਰੀ
ਅੰਮ੍ਰਿਤਸਰ, 6 ਜੂਨ,2021- ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਬੀਤੇ ਦਿਨੀਂ ਰਾਸ਼ਟਰੀ ਪ੍ਰਤਿਭਾ ਖੋਜ ਪ੍ਰੀਖਿਆ ਲਈ ਲਏ ਗਏ ਮੁਢਲੇ ਇਮਤਿਹਾਨਾਂ ਵਿੱਚ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਮੱਲਾਂ ਮਾਰਦਿਆਂ ਵਿਭਾਗ ਵਲੋਂ ਜਾਰੀ ਮੈਰਿਟ ਸੂਚੀ ਵਿੱਚ 49.78 ਫੀਸਦੀ ਨਤੀਜਿਆਂ ਨਾਲ ਹਾਜਰੀ ਲਵਾਉਂਦਿਆਂ ਸੂਬੇ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਇਥੇ ਜਿਕਰਯੋਗ ਹੈ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਐਸ.ਸੀ.ਈ.ਆਰ.ਟੀ. ਪੰਜਾਬ ਵਲੋਂ 31 ਮਈ ਨੂੰ ਸੂਬੇ ਦੇ ਦਸਵੀਂ ਜਮਾਤ ਵਿੱਚ ਪੜਦੇ ਵਿਦਿਆਰਥੀਆਂ ਦੀ ਮੁਕਾਬਲੇ ਦੀ ਪ੍ਰੀਖਿਆ ਲਈ ਮੁਢਲਾ ਇਮਤਿਹਾਨ ਲਿਆ ਗਿਆ ਸੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਾਖਲਾ ਮੁਹਿੰਮ ਪੰਜਾਬ ਦੇ ਸਟੇਟ ਕੋਆਰਡੀਨੇਟਰ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ ਅਤੇ ਨਰਿੰਦਰ ਸਿੰਘ ਜ਼ਿਲ਼੍ਹਾ ਮੈਂਟਰ ਸਾਇੰਸ ਨੇ ਦੱਸਿਆ ਕਿ 31 ਮਈ ਨੂੰ ਐਸ.ਸੀ.ਈ.ਆਰ.ਟੀ. ਪੰਜਾਬ ਵਲੋਂ ਐਨ.ਟੀ.ਐਸ.ਈ. ਲਈ ਮੁਢਲੀ ਪ੍ਰੀਖਿਆ ਆਯੋਜਤ ਕੀਤੀ ਗਈ ਸੀ ਜਿਸ ਵਿੱਚ ਜ਼ਿਲ਼੍ਹੇ ਦੇ ਸਰਕਾਰੀ ਸਕੂਲਾਂ ਦੀ ਦਸਵੀਂ ਜਮਾਤ ਦੇ ਰਜਿਸਰਟਰਡ ਕੀਤੇ ਗਏ 16387 ਵਿਦਿਆਰਥੀਆਂ ਵਿਚੋਂ 13002 ਵਿਦਿਆਰਥੀਆਂ ਵਲੋਂ ਇਸ ਇਮਹਿਤਾਨ ਵਿਚ ਹਾਜਰੀ ਭਰੀ ਜਿਸ ਨਾਲ ਜ਼ਿਲ੍ਹਾ ਅੰਮ੍ਰਿਤਸਰ 79.34 ਫੀਸਦੀ ਨਾਲ ਹਾਜਰੀ ਪੱਖੋਂ ਸੂਬੇ ਵਿਚੋਂ 5ਵੇਂ ਸਥਾਨ ਤੇ ਰਿਹਾ। ਉੁਨ੍ਹਾਂ ਦੱਸਿਆ ਕਿ ਪ੍ਰੀਸ਼ਦ ਵਲੋਂ ਜਾਰੀ ਨਤੀਜਿਆਂ ਵਿੱਚ ਜ਼ਿਲ਼੍ਹਾ ਅੰਮ੍ਰਿਤਸਰ ਦੇ ਪਾਸ ਬੱਚਿਆਂ ਦੀ ਗਿਣਤੀ 49.78 ਫੀਸਦੀ ਰਹੀ ਜਦਕਿ ਸੂਬੇ ਦੀ ਪਾਸ ਪ੍ਰਤੀਸ਼ਤਤਾ 42.48 ਫੀਸਦੀ ਹੈ। ਉਨਾਂ ਦੱਸਿਆ ਕਿ ਮੁਢਲੀ ਪ੍ਰੀਖਿਆ ਲਈ ਚਾਰ ਵਿਸ਼ਿਆਂ ਦਾ ਇਮਤਿਹਾਨ ਲਿਆ ਜਾਂਦਾ ਹੈ ਜਿੰਨਾਂ ਦੇ ਵਿਸ਼ਾਵਾਰ ਨਤੀਜਿਆਂ ਵਿੱਚ ਵੀ ਅੰਮ੍ਰਿਤਸਰ ਦੇ ਵਿਦਿਆਰਥੀਆਂ ਵਲੋਂ ਮੋਹਰੀ ਰੋਲ ਅਦਾ ਕਰਦਿਆਂ ਪਹਿਲੇ ਸਥਾਨ ਤੇ ਕਬਜਾ ਬਰਕਰਾਰ ਰੱਖਿਆ।ਵਿਸ਼ਾਵਾਰ ਨਤੀਜਿਆਂ ਅਨੁਸਾਰ ਸਾਇੰਸ ਵਿਸ਼ੇ ਦੇ ਨਤੀਜਿਆਂ ਵਿੱਚ ਅੰਮ੍ਰਿਤਸਰ ਦੇ 50.54 ਫੀਸਦੀ ਬੱਚੇ ਪਾਸ ਹੋਏ ਜਦਕਿ ਪੰਜਾਬ ਰਾਜ ਦਾ ਨਤੀਜਾ 42.47 ਫੀਸਦੀ ਰਿਹਾ ਇਸੇ ਤਰਾਂ ਗਣਿਤ ਵਿਸ਼ੇ ਵਿੱਚ ਅੰਮ੍ਰਿਤਸਰ ਜ਼ਿਲ੍ਹਾ 58.90 ਫੀਸਦੀ ਜਦਕਿ ਪੰਜਾਬ ਰਾਜ 48.03 ਫੀਸਦੀ, ਐਸ.ਐਸ.ਟੀ. (ਅੰਗਰੇਜੀ) ਵਿਸ਼ੇ ਵਿੱਚ ਅੰਮ੍ਰਿਤਸਰ 49.31 ਫੀਸਦੀ ਜਦਕਿ ਪੰਜਾਬ ਰਾਜ 38.82 ਫੀਸਦੀ, ਮਾਨਸਿਕ ਯੋਗਤਾ ਟੈਸਟ (ਮੈਂਟਲ ਅਬਿਲਿਟੀ ਟੈਸਟ) ਵਿੱਚ ਜ਼ਿਲ਼੍ਹਾ ਅੰਮ੍ਰਿਤਸਰ ਦਾ ਨਤੀਜਾ 49.31 ਫੀਸਦੀ ਜਦਕਿ ਪੰਜਾਬ ਰਾਜ ਦਾ ਨਤੀਜਾ 41.85 ਫੀਸਦੀ ਰਿਹਾ। ਇਸ ਤਰਾਂ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਗੁਜਾਰੀ ਪੇਸ਼ ਕਰਦਿਆਂ ਸੂਬੇ ਵਿਚੋਂ ਪਹਿਲਾ ਸਥਨ ਹਾਸਲ ਕੀਤਾ।
ਸਿੱਖਿਆ ਅਧਿਕਾਰੀਆਂ ਦੱਸਿਆ ਕਿ ਮੁਕਾਬਲੇ ਦੀ ਪ੍ਰੀਖਿਆ ਵਿੱਚ ਪਾਸ ਹੋਏ ਵਿਦਿਆਰਥੀਆਂ ਦੀ ਬਲਾਕ ਅਨੁਸਾਰ ਪਛਾਣ ਕਰ ਲਈ ਗਈ ਹੈ ਅਤੇ ਹਰੇਕ ਬਲਾਕ ਵਿੱਚ 90 ਵਿਦਿਆਰਥੀਆਂ ਦਾ ਗਰੁੱਪ ਤਿਆਰ ਕੀਤਾ ਗਿਆ ਹੈ ਜਿੰਨਾਂ ਨੂੰ ਸਿਖਲਾਈ ਦੇਣ ਲਈ ਅੱਜ ਤੋਂ ਜੂਮ ਐਪ ਤੇ ਕਲਾਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਵਿੱਚ ਹਰੇਕ ਬਲਾਕ ਵਿੱਚ 4 ਰਿਸੋਰਸ ਪਰਸਨ ਅਤੇ ਤਿੰਨ ਵਿਸ਼ਾਵਾਰ ਬਲਾਕ ਮੈਂਟਰ ਆਪਣੀ ਡਿਊਟੀ ਨਿਭਾਉਂਦਿਆਂ ਵਿਦਿਆਰਥੀਆਂ ਲਈ ਰਾਹ ਦਸੇਰਾ ਬਨਣਗੇ।ਇਸਦੇ ਨਾਲ ਨਾਲ ਆਪਣੇ ਪੱਧਰ ਤੇ ਸਕੂਲ ਮੁਖੀ ਲੋੜ ਅਨੁਸਾਰ ਸਕੂਲ ਅਧਿਆਪਕਾਂ ਨੂੰ ਤਾਇਨਾਤ ਕਰਕੇ ਵਿਦਿਆਰਥੀਆਂ ਨੂੰ ਯੋਗ ਅਗਵਾਈ ਦਿੰਦੇ ਰਹਿਣਗੇ।
ਤਸਵੀਰਾਂ ਕੈਪਸ਼ਨ: ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ ਅਤੇ ਨਰਿੰਦਰ ਸਿੰਘ ਜ਼ਿਲ਼੍ਹਾ ਮੈਂਟਰ ਸਾਇੰਸ ਦੀਆਂ ਫਾਈਲ ਤਸਵੀਰਾਂ।