ਘੱਗਰ ਦਰਿਆ ‘ਚ ਪਾੜ ਕਾਰਨ ਹਜ਼ਾਰਾਂ ਏਕੜ ਫ਼ਸਲ ਹੋਈ ਤਬਾਹ

Fields Flooded After Ghaggar Breaches : ਸੰਗਰੂਰ : ਜ਼ਿਲ੍ਹੇ ਦੀ ਹਰਿਆਣਾ ਨਾਲ ਲੱਗਦੀ ਸਰਹੱਦ ਨੇੜਿਓਂ ਵਹਿੰਦੇ ਘੱਗਰ ਦਰਿਆ ਵਿੱਚ ਵੱਡਾ ਪਾੜ ਪੈਣ ਦੀ ਖ਼ਬਰ ਸਾਹਮਣੇ ਆਈ ਹੈ । ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਘੱਗਰ ਦਰਿਆ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਸੀ । ਜਿਸ ਤੋਂ ਬਾਅਦ ਵੀਰਵਾਰ ਸਵੇਰੇ ਪਿੰਡ ਫੂਲ ਨੇੜੇ ਦਰਿਆ ਵਿੱਚ ਵੱਡਾ ਪਾੜ ਪੈ ਗਿਆ ।

ਪਾੜ ਪੈਣ ਕਾਰਨ ਪਾਣੀ ਦੇ ਤੇਜ਼ ਵਹਾਅ ਨਾਲ ਆਲੇ-ਦੁਆਲੇ ਦੇ ਕਈ ਪਿੰਡ ਪਾਣੀ ਦੀ ਲਪੇਟ ਵਿੱਚ ਆ ਗਏ ਹਨ । ਜਿਸ ਕਾਰਨ ਖੇਤਾਂ ਤੋਂ ਲੈ ਕੇ ਘਰਾਂ ਵਿੱਚ ਪਾਣੀ ਭਰ ਗਿਆ ਹੈ । ਇਸ ਵਿੱਚ ਲੋਕ ਆਪਣੇ ਪੱਧਰ ‘ਤੇ ਹੀ ਪਾੜ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਾੜ ਠੀਕ ਨਹੀਂ ਹੋ ਰਿਹਾ । ਪਾੜ ਪੈਣ ਤੋਂ ਕਾਫੀ ਸਮੇਂ ਬਾਅਦ ਪ੍ਰਸ਼ਾਸਨ ਵੀ ਸਾਜ਼ੋ-ਸਮਾਨ ਲੈ ਕੇ ਮੌਕੇ ‘ਤੇ ਪਹੁੰਚ ਗਿਆ ਹੈ ।

Fields Flooded After Ghaggar Breaches
Fields Flooded After Ghaggar Breaches

ਇਸ ਮਾਮਲੇ ਵਿੱਚ ਪਿੰਡ ਵਾਸੀਆਂ ਤੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਘੱਗਰ ਦਰਿਆ ਦਾ ਕੋਈ ਪੱਕਾ ਹੱਲ ਕਰੇ । ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸਾਲ ਮੀਂਹਾਂ ਦੇ ਮੌਸਮ ਵਿੱਚ ਘੱਗਰ ਦਰਿਆ ਦਾ ਪਾਣੀ ਇਸੇ ਤਰ੍ਹਾਂ ਹੀ ਤਬਾਹੀ ਮਚਾਉਂਦਾ ਹੈ । ਜਿਸ ਕਾਰਨ ਹਰ ਸਾਲ ਉਨ੍ਹਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਜਾਂਦੀ ਹੈ । ਕਿਸਾਨਾਂ ਨੇ ਆਪਣੀਆਂ ਫ਼ਸਲਾਂ ਖਰਾਬ ਹੋ ਜਾਣ ਕਾਰਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ ।