— ਸੈਟੇਲਾਈਟ ਤੋਂ ਅਜਿਹੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਮਾਮਲੇ ਵੀ ਆਏ ਹਨ ਸਾਹਮਣੇ
— ਕਿਸਾਨ ਬਣਨ ਵਾਤਾਵਰਨ ਦੇ ਰਾਖੇ ਤੇ ਪਰਾਲੀ ਨੂੰ ਅੱਗ ਨਾ ਲਗਾਉਣ
ਫਾਜ਼ਿਲਕਾ 15 ਨਵੰਬਰ 2023
ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਤੇ ਖੁਦ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਦੇ ਖੇਤਾਂ ਦਾ ਦੌਰਾ ਵੀ ਕਰ ਰਹੇ ਹਨ। ਫਾਜ਼ਿਲਕਾ ਜ਼ਿਲ੍ਹੇ ਵਿੱਚ ਪਰਾਲੀ ਦੀਆਂ ਗੱਠਾਂ ਬਣਾਉਣ ਦੀ ਰੁਚੀ ਕਿਸਾਨਾਂ ਵਿੱਚ ਕਾਫੀ ਵਧੀ ਹੈ ਤੇ ਬਹੁਤੇ ਕਿਸਾਨ ਇਹ ਗੱਠਾਂ ਬਣਾਉਣ ਦੀ ਤਕਨੀਕ ਅਪਣਾ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਡਾ. ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਕੁਝ ਕਿਸਾਨ ਪਰਾਲੀ ਦੀ ਗੱਠਾਂ ਬਣਵਾ ਕੇ ਚੁਕਵਾਉਣ ਉਪਰੰਤ ਖੇਤ ਵਿੱਚ ਜਾਂ ਵੱਟਾਂ ਤੇ ਬਚੀ ਰਹਿੰਦ ਖੂੰਹਦ ਨੂੰ ਅੱਗ ਲਗਾ ਦਿੰਦੇ ਹਨ ਜਿਸ ਨੂੰ ਸੈਟੇਲਾਈਟ ਵੱਲੋਂ ਕੈਪਚਰ ਕਰ ਲਿਆ ਜਾਂਦਾ ਹੈ। ਫਾਜ਼ਿਲਕਾ ਵਿੱਚ ਕੁਝ ਅਜਿਹੇ ਹੀ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਵਿੱਚ ਕਿਤੇ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਚਾਲਾਨ ਵੀ ਕੀਤਾ ਜਾਵੇਗਾ।
ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਪਰਾਲੀ ਦੀਆਂ ਗੱਠਾਂ ਬਣਾਉਣ ਉਪਰੰਤ ਬਚੀ ਰਹਿੰਦ—ਖੂੰਹਦ ਨੂੰ ਅੱਗ ਨਾ ਲਗਾਉਣ ਸਗੋਂ ਇਸ ਨੂੰ ਖੇਤਾਂ ਵਿੱਚ ਰਲਾ ਕੇ ਅਗਲੀ ਫਸਲ ਦੀ ਬਿਜਾਈ ਕਰਨ। ਕਿਉਂਕਿ ਅਜਿਹਾ ਕਰਨ ਨਾਲ ਉਹ ਇੱਕ ਤਾਂ ਕਿਸਾਨ ਦੇ ਖੇਤ ਦੀ ਉਪਜਾਊ ਸ਼ਕਤੀ ਵਧੇਗੀ ਤੇ ਦੂਸਰਾ ਵਾਤਾਵਰਨ ਵੀ ਪ੍ਰਦੂਸਿ਼ਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਬਚੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਅੱਗ ਲਗਾਉਣ ਵਾਲਿਆਂ ਦੀ ਸੂਚੀ ਵਿੱਚ ਨਾ ਆਉਣ ਸਗੋਂ ਵਾਤਾਵਰਨ ਦੇ ਰਾਖੇ ਕਿਸਾਨਾਂ ਦੀ ਸੂਚੀ ਵਿੱਚ ਹੀ ਆਉਣ।ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਸਗੋਂ ਪਰਾਲੀ ਦੀਆਂ ਗੱਠਾਂ ਬਣਵਾ ਕੇ ਜਾਂ ਫਿਰ ਆਧੁਨਿਕ ਸੰਦਾਂ ਦੀ ਮਦਦ ਨਾਲ ਖੇਤਾਂ ਵਿੱਚ ਮਿਲਾ ਕੇ ਹੀ ਅਗਲੀ ਫਸਲ ਦੀ ਬਿਜਾਈ ਕਰਨ ਅਜਿਹਾ ਕਰਨ ਨਾਲ ਜਿੱਥੇ ਸਾਡਾ ਵਾਤਾਵਰਨ ਪ੍ਰਦੂਸਿ਼ਤ ਨਹੀਂ ਹੋਵੇਗਾ ਉੱਥੇ ਹੀ ਕਿਸਾਨਾਂ ਦੀ ਅਗਲੀ ਫਸਲ ਦਾ ਝਾੜ ਵੀ ਵਧੇਗਾ।

English






