-ਕੰਟਰੋਲ ਰੂਮ ਨੇ ਇੱਕ ਹਫ਼ਤੇ ‘ਚ ਦੋ ਹਜ਼ਾਰ ਤੋਂ ਵਧੇਰੇ ਕਾਲਾਂ ਕਰਕੇ ਪਰਿਵਾਰਕ ਮੈਂਬਰ ਨੂੰ ਮਰੀਜ਼ਾਂ ਦੀ ਸਿਹਤ ਸਬੰਧੀ ਦਿੱਤੀ ਜਾਣਕਾਰੀ

Patiala health Department

ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕੋਰੋਨਾ ਪੀੜਤ ਮਰੀਜ਼ਾਂ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਰੋਜ਼ਾਨਾ ਦੇਣ ‘ਚ ਸਹਾਈ ਸਿੱਧ ਹੋ ਰਿਹਾ ਹੈ ਕੰਟਰੋਲ ਰੂਮ
-ਪਰਿਵਾਰਕ ਮੈਂਬਰਾਂ ਨੂੰ ਆਪਣੇ ਦਾ ਹਾਲ ਦੱਸਣ ਲਈ ਮਾਹਰ ਡਾਕਟਰਾਂ 24 ਘੰਟੇ ਡਿਊਟੀ ‘ਤੇ ਤਾਇਨਾਤ : ਸੁਰਭੀ ਮਲਿਕ
ਪਟਿਆਲਾ, 28 ਅਗਸਤ:
ਰਾਜਿੰਦਰਾ ਹਸਪਤਾਲ ਦੀ ਕੋਰੋਨਾ ਵਾਰਡ ਵਿਖੇ ਦਾਖਲ ਕੋਰੋਨਾ ਮਰੀਜ਼ਾਂ ਦੀ ਸਿਹਤ ਸਬੰਧੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇਣ ਅਤੇ ਉਨ੍ਹਾਂ ਨਾਲ ਰਾਬਤਾ ਰੱਖਣ ‘ਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ। ਕੋਵਿਡ ਕੇਅਰ ਸੈਂਟਰ ਵਿਖੇ ਸਥਾਪਤ ਕੀਤਾ ਗਿਆ ਕੰਟਰੋਲ ਰੂਮ ਰਾਹੀਂ ਡਾਕਟਰ ਮਰੀਜ਼ਾਂ ਦੇ ਪਰਿਵਾਰ ਮੈਂਬਰਾਂ ਨਾਲ 24 ਘੰਟੇ ਸੰਪਰਕ ‘ਚ ਰਹਿੰਦੇ ਹਨ। ਕੰਟਰੋਲ ਰੂਮ ‘ਚੋਂ ਪਿਛਲੇ ਇਕ ਹਫ਼ਤੇ ਦੌਰਾਨ ਦੋ ਹਜ਼ਾਰ ਕਾਲਾਂ ਕਰਕੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਇਹ ਕੰਟਰੋਲ ਰੂਮ ਕੇਵਲ ਉਨ੍ਹਾਂ ਮਰੀਜਾਂ ਦੇ ਪਰਿਵਾਰਾਂ ਲਈ ਹੈ, ਜਿਹੜੇ ਕਿ ਇਸ ਕੋਵਿਡ ਵਾਰਡ ‘ਚ ਦਾਖਲ ਹਨ।
ਰਾਜਿੰਦਰਾ ਹਸਪਤਾਲ ਦੇ ਕੋਰੋਨਾ ਕੇਅਰ ਵਾਰਡ ਦੇ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਹਸਪਤਾਲ ‘ਚ ਇਲਾਜ ਅਧੀਨ ਕੋਵਿਡ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇਣ ਲਈ ਇੱਕ ਵਿਸ਼ੇਸ਼ ਕੰਟਰੋਲ ਰੂਮ ਚਲਾਇਆ ਜਾ ਰਿਹਾ ਹੈ, ਜਿੱਥੋਂਂ ਦਾਖਲ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਰੋਜ਼ਾਨਾ ਫ਼ੋਨ ਕਰਕੇ ਮਰੀਜਾਂ ਦੀ ਸਿਹਤ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ‘ਚ ਤਿੰਨ ਸ਼ਿਫ਼ਟਾਂ ‘ਚ 9-9 ਡਾਕਟਰਾਂ ਦੀਆਂ ਟੀਮਾਂ ਬੜੀ ਸ਼ਿੱਦਤ ਨਾਲ ਕੰਮ ਕਰ ਰਹੀਆਂ ਹਨ ਜੋ ਰੋਜ਼ਾਨਾ ਨਾਰਮਲ ਮਰੀਜ਼ ਦੀ ਸਿਹਤ ਬਾਰੇ ਉਸ ਦੇ ਪਰਿਵਾਰ ਨੂੰ ਦਿਨ ‘ਚ ਘੱਟੋ-ਘੱਟ ਇੱਕ ਵਾਰ ਸੂਚਿਤ ਕਰਦੇ ਹਨ ਅਤੇ ਆਈ.ਸੀ.ਯੂ. ‘ਚ ਦਾਖਲ ਮਰੀਜ਼ ਦੇ ਪਰਿਵਾਰ ਨੂੰ ਸਬੰਧਤ ਵਾਰਡ ਦੇ ਡਾਕਟਰਾਂ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਦਿਨ ‘ਚ ਇੱਕ ਤੋਂ ਜ਼ਿਆਦਾ ਵਾਰ ਵੀ ਦਿੰਦੇ ਹਨ। ਸਵੇਰ ਦੀ ਸ਼ਿਫ਼ਟ ‘ਚ ਇੰਚਾਰਜ ਡਾ. ਨੀਲਮ ਬੰਗਾ ਨੇ ਦੱਸਿਆ ਕਿ ਨੌਜਵਾਨ ਇੰਟਰਨ ਡਾਕਟਰ ਕੰਟਰੋਮ ਰੂਮ ‘ਚ ਡਿਊਟੀ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਅ ਰਹੇ ਹਨ ਅਤੇ ਕਈ ਵਾਰ ਪਰਿਵਾਰ ਮੈਂਬਰਾਂ ਵੱਲੋਂ ਮਰੀਜ਼ ਬਾਰੇ ਦੱਸੀਆਂ ਗੱਲਾਂ ਡਾਕਟਰਾਂ ਲਈ ਇਲਾਜ ‘ਚ ਵੀ ਸਹਾਈ ਹੁੰਦੀਆਂ ਹਨ, ਜਿਨ੍ਹਾਂ ਬਾਰੇ ਸਬੰਧਤ ਵਾਰਡ ਦੇ ਡਾਕਟਰਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ।
ਸੁਰਭੀ ਮਲਿਕ ਨੇ ਦੱਸਿਆ ਕਿ ਕੰਟਰੋਲ ਰੂਮ ਸਥਾਪਤ ਕਰਨ ਦਾ ਮੁੱਖ ਮਕਸਦ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਰੱਖਣਾ ਅਤੇ ਮਰੀਜ਼ਾਂ ਦੀ ਸਿਹਤ ਸਬੰਧੀ ਜਾਣਕਾਰੀ ਮਾਹਰਾਂ ਡਾਕਟਰਾਂ ਰਾਹੀਂ ਪਰਿਵਾਰਕ ਮੈਂਬਰਾਂ ਨੂੰ ਦੇਣਾ ਹੈ ਤਾਂ ਜੋ ਪਰਿਵਾਰ ਦੇ ਮਨ ਵਿੱਚ ਕਿਸੇ ਵੀ ਤਰ੍ਹਾਂ ਦਾ ਸ਼ੰਕਾ ਨਾ ਰਹੇ। ਉਨ੍ਹਾਂ ਦੱਸਿਆ ਕਿ ਇਥੇ ਪਿਛਲੇ ਇਕ ਹਫ਼ਤੇ ਦੌਰਾਨ 1500 ਕਾਲਾਂ ਪਰਿਵਾਰਕ ਮੈਂਬਰਾਂ ਦੀਆਂ ਵੀ ਆਈਆਂ ਹਨ ਜਿਨ੍ਹਾਂ ਵੱਲੋਂ ਆਪਣੇ ਮਰੀਜ਼ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ।
ਕੰਟਰੋਲ ਰੂਮ ਦੇ ਇੰਚਾਰਜ ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਨਿਰਮਲ ਓਸੀਪਚਨ ਨੇ ਦੱਸਿਆ ਕਿ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੀ ਸਹੂਲਤ ਲਈ ਰਾਜਿੰਦਰਾ ਹਸਪਤਾਲ ਵੱਲੋਂ ਫੇਸ ਬੁੱਕ ਪੇਜ https://www.facebook.com/Patiala-Rajindra-hospital-COVID-Enquiry-cell-106767777807017/ ਵੀ ਬਣਾਇਆ ਗਿਆ ਹੈ ਜਿਸ ਦੇ ਮੈਸੰਜਰ ਬਾਕਸ ‘ਚ ਮੈਸੇਜ ਪਾਕੇ ਪਰਿਵਾਰਕ ਮੈਂਬਰ ਮਰੀਜ਼ ਦੀ ਹਾਲਤ ਬਾਰੇ ਪਤਾ ਕਰ ਸਕਦੇ ਹਨ। ਇਸ ਦੇ ਨਾਲ ਹੀ ਵਟਸਐੱਪ ਨੰਬਰ 6239488469 ‘ਤੇ ਮੈਸੇਜ ਕਰਕੇ ਵੀ ਮਰੀਜ਼ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਹ ਵਟਸਐੱਪ ਨੰਬਰ ਸਿਰਫ਼ ਉਨ੍ਹਾਂ ਲਈ ਹੈ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਕੋਰੋਨਾ ਦੇ ਇਲਾਜ ਲਈ ਰਾਜਿੰਦਰਾ ਦੇ ਕੋਵਿਡ ਕੇਅਰ ਸੈਂਟਰ ਵਿਖੇ ਜੇਰੇ ਇਲਾਜ ਹੈ।