ਰੂਪਨਗਰ, 30 ਦਸੰਬਰ 2023
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਵੱਲੋਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਫਸਲੀ ਵਿਭਿੰਨਤਾ ਤਹਿਤ ਤੇਲ ਬੀਜ ਫਸਲਾਂ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਪਿੰਡ ਰਸੂਲਪੁਰ ਵਿਖੇ ਕਿਸਾਨ ਸ. ਗੁਰਦੀਪ ਸਿੰਘ ਦੇ ਫਾਰਮ ਤੇ 4 ਏਕੜ ਰਕਬੇ ਵਿੱਚ ਬੀਜੀ ਗੋਭੀ ਸਰੋਂ ਅਤੇ ਗੰਨੇ ਦੀ ਫਸਲ ਦਾ ਨਿਰੀਖਣ ਕਰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਦਿਨੋ-ਦਿਨ ਖੇਤੀਬਾੜੀ ਹੇਠ ਰਕਬਾ ਘੱਟਣ ਅਤੇ ਖੇਤੀ ਖਰਚੇ ਵੱਧਣ ਕਾਰਨ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਤਹਿਤ ਤੇਲ ਬੀਜ ਫਸਲ ਹੇਠ ਰਕਬਾ ਵਧਾਉਣਾ ਚਾਹੀਦਾ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਰੋਂ ਦੀ ਫਸਲ ਦੀ ਸੁਚੱਜੀ ਕਾਸ਼ਤ ਦੇ ਤਰੀਕੇ, ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਬਾਰੇ ਜਾਣਕਾਰੀ ਲੈਣ ਲਈ ਕਿਸਾਨਾਂ ਨੂੰ ਖੇਤੀ ਮਾਹਿਰਾਂ ਨਾਲ ਤਾਲਮੇਲ ਰੱਖਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਫਸਲੀ ਵਿਭਿੰਨਤਾ ਤਹਿਤ ਚੰਗੀ ਆਮਦਨ ਪ੍ਰਾਪਤ ਕਰਨ ਲਈ ਗੋਭੀ ਸਰੋਂ ਦੀ ਕਾਸ਼ਤ ਕਰਨ ਤੇ ਜ਼ੋਰ ਦਿੱਤਾ ਤਾਂ ਜੋ ਕਿਸਾਨ ਘੱਟ ਖਰਚੇ ਕਰਕੇ ਵੱਧ ਮੁਨਾਫ਼ਾ ਕਮਾ ਸਕਣ।
ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਗੋਭੀ ਸਰੋਂ ਦੀ ਫ਼ਸਲ ਤੇ ਫੁੱਲ ਪੈਣ ਦੀ ਸ਼ੁਰੂਆਤ ਅਵਸਥਾ, ਫਲੀਆ ਬਣਨ ਅਤੇ ਦਾਣੇ ਬਣਨ ਸਮੇਂ ਸਿੰਚਾਈ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਤੋਂ ਇਲਾਵਾ ਜਨਵਰੀ ਦੇ ਪਹਿਲੇ ਹਫਤੇ ਤੇ ਚੇਪੇ ਦੇ ਹਮਲੇ ਬਾਰੇ ਖੇਤਾਂ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ, ਕੀਟਨਾਸ਼ਕ ਦਾ ਛਿੜਕਾਅ ਦੁਪਹਿਰ ਤੋ ਬਾਅਦ ਕਰੋ ਜਦੋ ਪਰ-ਪਰਾਗਣ ਕਿਰਿਆ ਕਰਨ ਵਾਲੇ ਕੀੜੇ-ਮਕੌੜੇ ਘੱਟ ਹਰਕਤ ਵਿੱਚ ਹੁੰਦੇ ਹਨ।
ਇਸ ਮੌਕੇ ਵਿਭਾਗ ਦੇ ਏ.ਐਸ.ਆਈ ਮੋਰਿੰਡਾ ਪਵਿੱਤਰ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।

English






