ਖੁਸ਼ਹਾਲ ਕਿਸਾਨ ਖੁਸ਼ਹਾਲ ਪੰਜਾਬ ਸਕੀਮ ਅਧੀਨ ਪਿੰਡ ਸੰਗਤਪੁਰਾ ਵਿਖੇ ਮਨਾਇਆ ਗਿਆ ਖੇਤ ਦਿਵਸ

ਰੂਪਨਗਰ, 30 ਜੁਲਾਈ 2021
ਖੁ਼ਸ਼ਹਾਲ ਕਿਸਾਨ ਖੁਸ਼ਹਾਲ ਪੰਜਾਬ (ਕੇ 3 ਪੀ) ਸਕੀਮ ਅਧੀਨ ਡਾ. ਅਵਤਾਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਖੇਤ ਦਿਵਸਾਂ ਦੀ ਲੜੀ ਅਧੀਨ ਜਿ਼ਲ੍ਹਾ ਰੂਪਨਗਰ ਦੇ ਪਿੰਡ ਸੰਗਤਪੁਰਾ ਵਿਖੇ ਖੇਤ ਦਿਵਸ ਮਨਾਇਆ ਗਿਆ। ਜਿਸ ਵਿੱਚ ਸੰਗਤਪੁਰਾ, ਬੰਦੇ ਮਾਹਲਾ ਕਲਾਂ , ਗੋਬਿੰਦਪੁਰਾ ਅਤੇ ਬੰਦੇ ਮਾਹਲ ਖੁਰਦ ਆਦਿ ਪਿੰਡਾਂ ਦੇ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਸ਼੍ਰੀ ਰਾਕੇਸ਼ ਕੁਮਾਰ ਸ਼ਰਮਾ ਖੇਤੀਬਾੜੀ ਅਫਸਰ ਰੂਪਨਗਰ ਵੱਲੋਂ ਕਿਸਾਨਾਂ ਨਾਲ ਝੋਨੇ ਦੀ ਸਿੱਧੀ ਬਿਜਾਈ ਦੇ ਨੁਕਤੇ ਖੇਤਾਂ ਵਿੱਚ ਜਾ ਕੇ ਸਾਂਝੇ ਕੀਤੇ ਗਏ। ਕਿਸਾਨਾਂ ਨੂੰ ਵੱਖ ਵੱਖ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਕਰਵਾਇਆ ਗਿਆ। ਇਸ ਮੌਕੇ ਤੇ ਅਗਾਂਵਧੂ ਕਿਸਾਨ ਸ਼੍ਰੀ ਅਜਮੇਰ ਸਿੰਘ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ 3 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਅਤੇ ਇਸ ਦੇ ਨਤੀਜਿਆਂ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਇਸ ਸਾਲ 12 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਇਸਨੂੰ ਵੇਖ ਕੇ ਪਿੰਡ ਦੇ ਹੋਰ ਕਿਸਾਨਾਂ ਵੱਲੋਂ ਵੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ ਜੋ ਕਿ ਬਹੁਤ ਵਧੀਆ ਚੱਲ ਰਹੀ ਹੈ ਅਤੇ ਨਦੀਨਾਂ ਦੀ ਕੋਈ ਸਮੱਸਿਆ ਨਹੀਂ ਆਈ ਹੈ। ਪਿਛਲੇ ਸਮੇਂ ਦੌਰਾਨ ਪਾਣੀ ਦੀ ਕਮੀ ਹੋਣ ਸਮੇਂ ਕੱਦੂ ਵਾਲੇ ਝੋਨੇ ਦੀ ਥਾਂ ਸਿੱਧੀ ਬਿਜਾਈ ਵਾਲਾ ਝੋਨਾ ਵਧੀਆ ਖੜ੍ਹਾ ਹੈ ਕਿਉਂਕਿ ਇਸ ਨੂੰ ਲਗਾਤਾਰ ਪਾਣੀ ਨਹੀਂ ਦੇਣਾ ਪੈਂਦਾ। ਇਸ ਦੌਰਾਨ ਖੇਤੀ ਮਾਹਿਰਾਂ ਵੱਲੋਂ ਪਿੰਡ ਦਾ ਸਾਰਾ ਰਕਬਾ ਜੋ ਕਿ ਝੋਨੇ ਦੀ ਸਿੱਧੀ ਬਿਜਾਈ ਵਾਲਾ ਹੈ, ਦਾ ਮੁਆਇਨਾ ਕੀਤਾ ਗਿਆ ਤੇ ਕਿਸਾਨਾਂ ਨੂੰ ਲੋੜੀਂਦੇ ਤੱਤਾਂ ਦੀ ਘਾਟ ਬਾਰੇ ਦੱਸਿਆ ਅਤੇ ਇਸ ਨੁੰ ਦੂਰ ਕਰਨ ਲਈ ਵੱਖ-ਵੱਖ ਖਾਦਾਂ ਜਿਵੇਂ ਕਿ ਜਿੰਕ ਸਲਫੇਟ ਅਤੇ ਯੂਰੀਆ ਆਦਿ ਪਾਉਣ ਦੀ ਸਲਾਹ ਦਿੱਤੀ। ਇਸ ਦੇ ਨਾਲ ਨਾਲ ਨਦੀਨਾਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਨੁਕਤੇ ਵੀ ਸਾਂਝੇ ਕੀਤੇ ਗਏ। ਨਦੀਨਾਂ ਦੀ ਸਮੱਸਿਆ ਸਬੰਧੀ ਨਦੀਨਾਂ ਦੀਆਂ ਕਿਸਮਾਂ ਅਨੁਸਾਰ ਵੱਖ ਵੱਖ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਸਮੇਂ ਸਿਰ ਕਰਕੇ ਨਦੀਨਾਂ ਨੂੰ ਕਾਬੂ ਕਰਨ ਬਾਰੇ ਮਾਹਰਾਂ ਵੱਲੋਂ ਦੱਸਿਆ ਗਿਆ। ਇਸ ਮੌਕੇ ਤੇ ਕਿਸਾਨ ਦਵਿੰਦਰ ਸਿੰਘ, ਭੁਪਿੰਦਰ ਸਿੰਘ, ਜਸਪਾਲ ਸਿੰਘ ਅਤੇ ਹਰਮਿੰਦਰ ਸਿੰਘ ਆਦਿ ਮੌਜੂਦ ਸਨ।