ਖੇਡਾਂ ਵਤਨ ਪੰਜਾਬ ਦੀਆਂ ਜ਼ਰੀਏ ਖਿਡਾਰੀਆਂ ਦੀ ਪ੍ਰਤਿਭਾ ਉਭਰ ਕੇ ਆ ਰਹੀ ਹੈ ਸਾਹਮਣੇ

ਖੇਡਾਂ ਵਤਨ ਪੰਜਾਬ ਦੀਆਂ ਜ਼ਰੀਏ ਖਿਡਾਰੀਆਂ ਦੀ ਪ੍ਰਤਿਭਾ ਉਭਰ ਕੇ ਆ ਰਹੀ ਹੈ ਸਾਹਮਣੇ

—ਜਸ਼ਨਦੀਪ ਸਿੰਘ, ਧਰਮਪ੍ਰੀਤ ਸਿੰਘ ਅਤੇ ਮਿਥਲੇਸ਼ ਕੁਮਾਰ ਨੇ ਮਾਰੀਆਂ ਮੱਲਾਂ

ਰੂਪਨਗਰ, 14 ਸਤੰਬਰ:

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਖਿਡਾਰੀਆਂ ਦੀ ਪ੍ਰਤਿਭਾ ਉਭਰ ਕੇ ਸਾਹਮਣੇ ਆ ਰਹੀ ਹੈ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿੱਚ ਹੀ ਸ਼ਾਮਲ ਹਨ ਜਸ਼ਨਦੀਪ ਸਿੰਘ, ਧਰਮਪ੍ਰੀਤ ਸਿੰਘ ਅਤੇ ਮਿਥਲੇਸ਼ ਕੁਮਾਰ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਓਪਨ ਵਰਗ ਵਿੱਚ ਗੱਤਕਾ ਦੇ ਫਾਈਨਲ ਮੁਕਾਬਲੇ ਵਿੱਚ 18 ਸਾਲ ਦਾ ਨੌਜਵਾਨ ਜਸ਼ਨਪ੍ਰੀਤ ਸਿੰਘ ਪੁੱਤਰ ਸ. ਮਨਜੀਤ ਸਿੰਘ ਮਾਤਾ ਸ਼੍ਰੀਮਤੀ ਅਵਤਾਰ ਕੌਰ, ਵੱਡੀ ਹਵੇਲੀ ਦੇ ਖਿਡਾਰੀ ਨੇ ਰੋਪੜ ਵਲੋਂ ਖੇਡਦਿਆਂ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਜਸ਼ਨਪ੍ਰੀਤ ਸਿੰਘ 10 ਸਾਲ ਤੋਂ ਗੱਤਕਾ ਨਾਲ ਜੁੜਿਆ ਹੋਇਆ ਹੈ ਤੇ ਨੈਸ਼ਨਲ ਪੱਧਰ ਉੱਤੇ ਵੀ ਖੇਡ ਚੁੱਕਿਆ ਹੈ। ਇਹ ਖਿਡਾਰੀ ਆਪਣੇ ਹੌਂਸਲੇ ਤੇ ਮਿਹਨਤ ਸਦਕਾ ਅੰਤਰਾਸ਼ਟਰੀ ਪੱਧਰ ਉੱਤੇ ਜਾਣ ਦਾ ਚਾਹਵਾਨ ਹੈ।

ਅੰਡਰ 17 ਉਮਰ ਵਰਗ ਤਹਿਤ ਡੀ.ਏ.ਵੀ ਸੀ.ਸੈ.ਸਕੂਲ ਤਖਤਗੜ ਵਲੋਂ ਖੇਡਦਿਆਂ ਲੜਕਿਆਂ ਦੇ ਕਬੱਡੀ ਦੇ ਮੁਕਾਬਲੇ ਵਿੱਚ ਧਰਮਪ੍ਰੀਤ ਸਿੰਘ ਪਿਤਾ ਗੁਰਮੀਤ ਸਿੰਘ ਮਾਤਾ ਹਰਜੀਤ ਕੌਰ, ਪਿੰਡ ਰਾਇਪੁਰ, ਨੂਰਪੁਰ ਬੇਦੀ ਤੋਂ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਖੇਡਿਆ ਤੇ ਟੀਮ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਹ ਖਿਡਾਰੀ ਤਕਰੀਬਨ 4 ਸਾਲ ਤੋਂ ਇਸੇ ਖੇਡ ਨਾਲ ਜੁੜਿਆ ਹੋਇਆ ਹੈ ਅਤੇ ਨੈਸ਼ਨਲ ਪੱਧਰ ਉੱਤੇ ਵੀ ਖੇਡ ਚੁੱਕਾ ਹੈ।

ਇਸੇ ਟੀਮ ਵਿੱਚ ਮਿਥਲੇਸ਼ ਕੁਮਾਰ ਪੁੱਤਰ ਸੰਜੇ ਪ੍ਰਸ਼ਾਦ ਮਾਤਾ ਸ਼ਿੰਦੂ ਦੇਵੀ ਪਿੰਡ ਰਾਏਪੁਰ ਨੇ ਵੀ ਸ਼ਾਨਦਾਰ ਪ੍ਰਦਰਸ਼ਨਰ ਕਰਕੇ ਆਪਣੀ ਟੀਮ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਮਿਥਲੇਸ਼ ਕੁਮਾਰ ਵੀ ਨੈਸ਼ਨਲ ਪੱਧਰ ਉੱਤੇ ਖੇਡ ਵਿੱਚ ਮੱਲਾਂ ਮਾਰ ਚੁੱਕਾ ਹੈ ਅਤੇ 05 ਸਾਲ ਤੋਂ ਲਗਾਤਾਰ ਉਹ ਕਬੱਡੀ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਖਿਡਾਰੀਆਂ ਦਾ ਸੁਪਨਾ ਵੀ ਭਾਰਤੀ ਟੀਮ ਵਿੱਚ ਸ਼ਾਮਲ ਹੋ ਕੇ ਅੰਤਰਾਸ਼ਟਰੀ ਪੱਧਰ ਉੱਤੇ ਖੇਡਣ ਦਾ ਹੈ। ਇਹ ਦੋਵੇ ਖਿਡਾਰੀ ਕੋਚ ਸ਼੍ਰੀਮਤੀ ਤ੍ਰਿਪਤਾ ਦੇਵੀ ਦੀ ਅਗਵਾਈ ਹੇਠ ਚੰਗਾ ਪ੍ਰਦਰਸ਼ਨ ਕਰ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਕੀਤਾ ਗਿਆ ਵਿਸ਼ੇਸ਼ ਉਪਰਾਲਾ ਹੈ ਤੇ ਇਸ ਦੇ ਬਹੁਤ ਹੀ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ ਤੇ ਅੱਗੇ ਵੀ ਬਹੁਤ ਵਧੀਆ ਸਿੱਟੇ ਨਿਕਲਣਗੇ।  ਉਹਨਾਂ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਖੇਡਾਂ ਵਿਚ ਖੇਡਾਂ ਦੀ ਭਾਵਨਾ ਨਾਲ ਖੇਡਣ।