ਜਪੁਜੀ ਸਾਹਿਬ ਦੇ ਤੁਲਨਾਤਮਿਕ ਅਧਿਐਨ ਬਾਰੇ ਡਾਃ ਦਲੀਪ ਸਿੰਘ ਦੀਪ ਦੀ ਵਡਮੁੱਲੀ ਖੋਜ ਪੁਸਤਕ ਦਾ ਪ੍ਰਕਾਸ਼ਨ ਇਤਿਹਾਸਕ ਕਦਮ— ਪ੍ਰੋਃ ਗੁਰਭਜਨ ਸਿੰਘ ਗਿੱਲ

Sorry, this news is not available in your requested language. Please see here.

ਲੁਧਿਆਣਾਃ 9 ਅਕਤੂਬਰ

ਵਿਜ਼ਡਮ ਕੁਲੈਕਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਪ੍ਰੋਫੈਸਰ ਸਵਰਗੀ ਡਾਃ ਦਲੀਪ ਸਿੰਘ ਦੀਪ ਜੀ ਦੀ ਮੁੱਲਵਾਨ ਇਤਿਹਾਸਕ ਖੋਜ ਪੁਸਤਕ “ਜਪੁਜੀ-ਇੱਕ ਤੁਲਨਾਤਮਕ ਅਧਿਐਨ” ਦਾ ਪੁਨਰ ਪ੍ਰਕਾਸ਼ਨ ਇਤਿਹਾਸਕ ਕਾਰਜ ਹੈ ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ। ਇਹ ਵਿਚਾਰ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਇਸ ਵੱਡ ਆਕਾਰੀ ਸੁੰਦਰ ਪੁਸਤਕ ਨੂੰ ਪ੍ਰਾਪਤ ਕਰਦਿਆਂ ਬੀਤੀ ਸ਼ਾਮ ਕਹੇ। ਉਨ੍ਹਾਂ ਕਿਹਾ ਕਿ ਮੈਨੂੰ ਡਾਃ ਦਲੀਪ ਸਿੰਘ ਦੀਪ ਜੀ ਦਾ ਪਿਆਰ ਪਾਤਰ ਹੋਣ ਦਾ ਸੁਭਾਗ ਹੈ ਕਿਉਂਕਿ  ਆਪਣੇ ਵਿਦਿਆਰਥੀ ਕਾਲ ਵਿੱਚ ਗੁਰਬਾਣੀ ਸਾਹਿੱਤ ਸਬੰਧੀ ਆਪਣੇ ਮਨ ਦੀਆਂ ਗੁੰਝਲਾਂ ਖੋਲ੍ਹਣ ਲਈ ਉਨ੍ਹਾਂ ਤੋਂ ਪੀ ਏ ਯੂ ਜਾ ਕੇ ਅਗਵਾਈ ਲੈਂਦਾ ਰਿਹਾ ਹਾਂ। ਉਹ ਮਧੁਰਭਾਸ਼ੀ ਖੋਜੀ ਵਿਦਵਾਨ ਸਨ ਪਰ ਜਵਾਨ ਉਮਰੇ ਹੀ 1982 ‘ਚ ਸਾਨੂੰ ਸਦੀਵੀ ਵਿਛੋੜਾ ਦੇ ਗਏ।

ਡਾਃ ਦਲੀਪ ਸਿੰਘ ਦੀਪ ਜੀ ਨੇ ਸਿਰਫ਼ ਗੁਰਬਾਣੀ ਅਧਿਐਨ ਨੂੰ ਹੀ ਆਪਣਾ ਖੇਤਰ ਨਹੀਂ ਸੀ ਚੁਣਿਆ ਸਗੋਂ ਕਹਾਣੀ ਸਿਰਜਣ ਤੇ ਡਾਃ ਮ ਸ ਰੰਧਾਵਾ ਬਾਰੇ ਵਾਰਤਕ ਪੁਸਤਕ “ਪੱਤੇ ਪੱਤੇ ਗੋਬਿੰਦ ਬੈਠਾ” ਲਿਖ ਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ। ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਬਾਨੀਆਂ ਲਈ ਵੀ ਉਹ ਰਾਹ ਦਿਸੇਰੇ ਸਨ।

ਇਸ ਪੁਸਤਕ ਨੂੰ 1969 ਵਿੱਚ ਪੰਜਵੀਂ ਗੁਰੂ ਨਾਨਕ ਜਨਮ ਸ਼ਤਾਬਦੀ ਵੇਲੇ ਭਾਸ਼ਾ ਵਿਭਾਗ ਪੰਜਾਬ ਨੇ ਪ੍ਰਕਾਸ਼ਿਤ ਕੀਤਾ ਸੀ ਤੇ ਹੁਣ ਪੰਜਾਹ ਸਾਲ ਬਾਦ ਵਿਜ਼ਡਮ ਕੁਲੈਕਸ਼ਨ ਲੁਧਿਆਣਾ ਦੇ ਸੰਚਾਲਕ ਸਃ ਰਣਜੋਧ ਸਿੰਘ ਜੀ ਐੱਸ ਵਾਲਿਆਂ ਨੇ ਪਰਿੰਟਵੈੱਲ ਅੰਮ੍ਰਿਤਸਰ ਤੋਂ ਬਹੁਤ ਖ਼ੂਬਸੂਰਤ ਛਪਵਾਇਆ ਹੈ।

ਸਃ ਰਣਜੋਧ ਸਿੰਘ ਨੇ ਪੁਸਤਕ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਡਾਃ ਦਲੀਪ ਸਿੰਘ ਦੀਪ ਜੀ ਨੇ ਜਪੁਜੀ ਸਾਹਿਬ ਦਾ ਸ਼੍ਰੀਮਦ ਭਾਗਵਤ ਗੀਤਾ ਅਤੇ ਮੁੱਖ ਉਪਨਿਸ਼ਦਾਂ ਦੇ ਵਿਚਾਰਾਂ ਨਾਲ ਤੁਲਨਾਤਮਕ ਅਧਿਐਨ ਪੇਸ਼ ਕਰਕੇ ਅੱਧੀ ਸਦੀ ਪਹਿਲਾਂ ਬਹੁਤ ਹੀ ਵੱਡਾ ਖੋਜ ਕਾਰਜ  ਕੀਤਾ ਹੈ। ਇਹ ਉਨ੍ਹਾਂ ਦਾ ਪੀ ਐੱਚ ਡੀ ਲਈ ਡਾਃ ਸੁਰਿੰਦਰ ਸਿੰਘ ਕੋਹਲੀ ਜੀ ਦੀ ਅਗਵਾਈ ਹੇਠ ਕੀਤਾ ਖੋਜ ਕਾਰਜ ਹੈ। ਇਸ ਦੇ ਪ੍ਰਕਾਸ਼ਨ ਲਈ ਉਨ੍ਹਾਂ ਦੇ ਸਪੁੱਤਰ ਡਾਃ ਸਰਬਜੋਤ ਸਿੰਘ  ਤੇ ਸਮੁੱਚੇ ਦੀਪ ਪਰਿਵਾਰ ਨੇ ਵੀ ਭਰਪੂਰ ਸਹਿਯੋਗ ਦਿੱਤਾ ਹੈ।
ਇਸ ਮੌਕੇ ਉੱਘੇ ਖੇਡ ਲੇਖਕ ਸਃ ਨਵਦੀਪ ਸਿੰਘ ਗਿੱਲ(ਚੰਡੀਗੜ੍ਹ) ਤੇ ਸਃ ਪਿਰਥੀਪਾਲ ਸਿੰਘ ਹੇਅਰ  ਐੱਸ ਪੀ(ਪ੍ਰਧਾਨ ਸੁਰਜੀਤ ਸਪੋਰਟਸ ਅਸੋਸੀਏਸ਼ਨ ਬਟਾਲਾ) ਤੇ ਕੁਝ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

ਸਃ ਪਿਰਥੀਪਾਲ ਸਿੰਘ ਹੇਅਰ ਨੇ ਦੱਸਿਆ ਕਿ ਉਹ ਹਰ ਸਾਲ ਵਾਂਗ ਇਸ ਸਾਲ ਵੀ 21-22-23 ਨਵੰਬਰ ਨੂੰ 30ਵੀਆਂ ਕਮਲਜੀਤ ਖੇਡਾਂ ਕਰਵਾ ਰਹੇ ਹਨ ਅਤੇ ਪਿਛਲੇ ਪੰਦਰਾਂ ਸਾਲਾਂ ਤੋਂ ਖਿਡਾਰੀਆਂ ਤੇ ਖੇਡ ਪ੍ਰਬੰਧਕਾਂ ਨੂੰ ਮੁਮੈਂਟੋ ਦੇਣ ਦੀ ਥਾਂ ਸਾਹਿੱਤ ,ਧਰਮ ਤੇ ਖੇਡਾਂ ਬਾਰੇ ਕਿਤਾਬਾਂ ਹੀ ਭੇਂਟ ਕਰਦੇ ਹਨ। ਜੇ ਵਿਜ਼ਡਮ ਕੁਲੈਕਸ਼ਨ ਦੇ ਪ੍ਰਬੰਧਕ ਸਃ ਰਣਜੋਧ ਸਿੰਘ ਲਾਗਤ ਮੁੱਲ ਤੇ ਇਹ ਪੁਸਤਕ ਦੇ ਸਕਣ ਤਾਂ ਉਹ ਇਨਾਮਾਂ ਵਿੱਚ ਭੇਂਟ ਕਰਕੇ ਘਰ ਘਰ ਪਹੁੰਚਾ ਸਕਦੇ ਹਨ।