ਜ਼ਿਲ੍ਹਾ ਉਦਯੋਗ ਕੇਂਦਰ ਫਾਜ਼ਿਲਕਾ ਵੱਲੋਂ ਸਰਕਾਰੀ ਆਈ.ਟੀ.ਆਈ.ਫਾਜ਼ਿਲਕਾ ਵਿਖੇ ਪੀ.ਐਮ.ਈ.ਜੀ.ਪੀ. ਜਾਗਰੂਕਤਾ ਕੈਂਪ ਲਗਾਇਆ ਗਿਆ

Sorry, this news is not available in your requested language. Please see here.

ਫਾਜ਼ਿਲਕਾ, 7 ਅਕਤੂਬਰ:

ਜਨਰਲ ਮੈਨੇਜਰ ਜਸਵਿੰਦਰਪਾਲ ਸਿੰਘ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਉਦਯੋਗ ਕੇਂਦਰ ਫਾਜ਼ਿਲਕਾ ਵੱਲੋਂ ਪੀ.ਐਮ.ਈ.ਜੀ.ਪੀ ਸਕੀਮ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਵਿਦਿਅਕ ਸਾਲ 2022-23 ਦੌਰਾਨ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫਾਜ਼ਿਲਕਾ ਦੇ ਪਾਸ ਆਉਟ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।

ਜ਼ਿਲ੍ਹਾ ਉਦਯੋਗ ਕੇਂਦਰ ਫੰਕਸ਼ਨਲ ਮੈਨੇਜਰ ਨਿਰਵੈਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਓਹਨਾ ਦੀ ਕੈਰੀਅਰ ਕੌਂਸਲਿੰਗ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਦੀ ਬਜਾਏ ਨੌਕਰੀ ਦੇਣ ਵਾਲੇ ਬਣਨਾ ਚਾਹੀਦਾ ਹੈ ਜੋ ਕਿ ਪੀ.ਐਮ.ਈ.ਜੀ.ਪੀ ਸਕੀਮ ਨਾਲ ਸੰਭਵ ਹੋ ਸਕਦਾ ਹੈ। ਇਸ ਸਕੀਮ ਦੇ ਤਹਿਤ ਕੋਈ ਵੀ ਵਿਅਕਤੀ ਆਪਣਾ ਖੁੱਦ ਦਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ, ਜਿਵੇ ਕਿ ਪਲਬਿੰਗ, ਇਲੈਕਟਿਰੀਸ਼ੀਅਨ, ਸਟਿਚਿੰਗ, ਬਿਉਟੀ ਪਾਰਲਰ, ਕੈਫਿਟਏਰੀਆ, ਵੈਲਡਿੰਗ ਵਰਕਸ਼ਾਪ, ਵੂਡ ਵਰਕ ਆਦਿ ਜਿਸ ਲਈ 15 ਫੀਸਦੀ ਤੋਂ 35 ਫੀਸਦੀ ਤੱਕ ਦੀ ਸਬਸਿਡੀ ਦੇ ਨਾਲ ਨਿਰਮਾਣ ਗਤੀਵਿਧੀਆਂ ਲਈ 50 ਲੱਖ ਰੁਪਏ ਅਤੇ ਸੇਵਾ ਖੇਤਰ ਦੀਆਂ ਗਤੀਵਿਧੀਆਂ ਲਈ 20 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਸ ਸਕੀਮ ਤਹਿਤ 10 ਲੱਖ ਰੁਪਏ ਤੱਕ ਦੇ ਕਰਜ਼ੇ ਬਿਨਾਂ ਕਿਸੇ ਸੰਪੱਤੀ ਸੁਰੱਖਿਆ ਦੇ ਦਿੱਤੇ ਜਾਂਦੇ ਹਨ। 5 ਲੱਖ ਤੋਂ ਵੱਧ ਦੇ ਕਰਜ਼ਿਆਂ ਲਈ ਘੱਟੋ-ਘੱਟ ਵਿਦਿਅਕ ਯੋਗਤਾ 8ਵੀਂ ਪਾਸ ਹੋਣੀ ਚਾਹੀਦੀ ਹੈ।  ਇਸ ਸਕੀਮ ਦੇ ਸਬੰਧ ਵਿੱਚ ਕਿਸੇ ਵੀ ਕਿਸਮ ਦੀ ਮਦਦ ਪ੍ਰਦਾਨ ਕਰਨ ਲਈ ਜ਼ਿਲ੍ਹਾ ਉਦਯੋਗ ਕੇਂਦਰ ਹਮੇਸ਼ਾ ਹਾਜ਼ਰ ਹੈ। ਵਧੇਰੇ ਜਾਣਕਾਰੀ ਲਈ ਕੋਈ ਵੀ ਵਿਅਕਤੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਦੇ ਕਮਰਾ ਨੰਬਰ 205 (ਸੀ) ਵਿੱਚ ਸਥਿਤ ਜ਼ਿਲ੍ਹਾ ਉਦਯੋਗ ਕੇਂਦਰ ਦੇ ਦਫ਼ਤਰ ਵਿੱਚ ਪਹੁੰਚ ਸਕਦਾ ਹੈ।

ਇਸ ਮੌਕੇ ਵਾਈਸ ਪ੍ਰਿੰਸੀਪਲ ਸ਼੍ਰੀ ਅੰਗਰੇਜ਼ ਸਿੰਘ, ਸ਼੍ਰੀ ਗੁਰਜੰਟ ਸਿੰਘ ਅਤੇ ਸਮੂਹ ਆਈ.ਟੀ.ਆਈ ਸਟਾਫ, ਮਿਸ ਨੇਹਾ ਬੀ.ਐੱਲ.ਈ.ਓ ਵੀ ਮੌਜੂਦ ਸਨ।