ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ “ਨਸ਼ਿਆਂ ਦੇ ਖਿਲਾਫ ਪੰਜਾਬ” ਮੁਹਿੰਮ ਤਹਿਤ ਕੱਢੀ ਰੈਲੀ ਗਈ

Sorry, this news is not available in your requested language. Please see here.

ਰੂਪਨਗਰ, 19 ਅਕਤੂਬਰ:
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਰਮੇਸ਼ ਕੁਮਾਰੀ ਦੀ ਅਗਵਾਈ ਹੇਠ ਨਸ਼ਿਆਂ ਦੇ ਖਿਲਾਫ਼ ਚੱਲ ਰਹੀ ਮੁਹਿੰਮ ਦੇ ਤਹਿਤ ਬੀਬੀ ਸ਼ਰਨ ਕੌਰ ਖਾਲਸਾ ਕਾਲਜ, ਸ਼੍ਰੀ ਚਮਕੌਰ ਸਾਹਿਬ ਵਿਖੇ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਇੱਕ ਵਿਸ਼ੇਸ਼ ਰੈਲੀ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ, ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਮੌਜੂਦ ਰਹੇ ਅਤੇ ਰੈਲੀ ਨੂੰ ਹਰੀ ਝੰਡੀ ਦੇ ਕੇ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਤੋਂ ਰਵਾਨਾ ਕਰਕੇ ਮੇਨ ਰੋਡ ਸ਼੍ਰੀ ਚਮਕੌਰ ਸਾਹਿਬ ਵਿਖੇ ਖਤਮ ਕੀਤੀ ਗਈ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਨੇ ਦੱਸਿਆ ਕਿ ਯੁਵਾ ਵਰਗ ਪੰਜਾਬ ਦਾ ਆਉਣ ਵਾਲਾ ਸੁਨਹਿਰੀ ਭਵਿੱਖ ਹੈ ਪਰੰਤੂ ਕਈ ਤਰ੍ਹਾਂ ਦੇ ਕਾਰਨਾਂ ਜਿਵੇਂ ਕਿ ਮਾਲੀ ਸਮੱਸਿਆ, ਮਾਨਸਿਕ ਸਥਿਤੀ ਜਾਂ ਮਾੜੀ ਸੰਗਤ ਕਾਰਨ ਅੱਜ ਦਾ ਯੁਵਾ ਵਰਗ ਨਸ਼ਿਆਂ ਦੀ ਤਰਫ ਵਧਦਾ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਸੱਭਿਆਚਾਰਕ ਰੁਤਬੇ ਨੂੰ ਬਹੁਤ ਠੇਸ ਪਹੁੰਚੀ ਹੈ। ਇਹ ਖਾਸ ਮੁਹਿੰਮ ਪੰਜਾਬ ਦੇ ਯੁਵਾ ਵਰਗ ਨੂੰ ਮੁੜ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਕੇਂਦਰਿਤ ਹੈ।
ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਵਿੱਚ ਚੱਲ ਰਹੇ ਨਸ਼ਿਆਂ ਖਿਲਾਫ ਜਾਗਰੁਕਤਾ ਮੁਹਿੰਮ ਯੁਵਕਾਂ ਅਤੇ ਪੰਜਾਬ ਦੇ ਹੋਰਨਾਂ ਵਰਗਾਂ ਦੇ ਲੋਕਾਂ ਨੂੰ ਨਸ਼ਿਆਂ ਤੋਂ ਰੋਕਣ ਅਤੇ ਮੁੜ ਬਾਹਰ ਕੱਢਣ ਪ੍ਰਤੀ ਸਮਰਪਿਤ ਕੀਤੀ ਗਈ। ਅੰਤ ਵਿੱਚ ਉਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ ਇਹ ਮੁਹਿੰਮ ਰੂਪਨਗਰ ਦੇ ਵੱਖ-ਵੱਖ ਖੇਤਰਾਂ, ਸਕੂਲ, ਕਾਲਜਾਂ, ਪਿੰਡਾਂ, ਬਲਾਕਾਂ ਅਤੇ ਸ਼ਹਿਰੀ ਪੱਧਰ ਤੇ ਜਾਰੀ ਰਹੇਗੀ।
ਵਰਨਣਯੋਗ ਹੈ ਕਿ ਪੰਜਾਬ ਵਿੱਚ ਨਸ਼ਿਆਂ ਖਿਲਾਫ ਖਾਸ ਮੁਹਿੰਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵੱਲੋਂ ਇੱਕ ਅਕਤੂਬਰ 2023 ਤੋਂ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਅੰਤਰਗਤ ਬਾਕੀ ਵਿਭਾਗਾਂ ਦੇ ਨਾਲ ਜੁੜ ਕੇ ਲੋਕਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਦਾ ਇੱਕ ਉਪਰਾਲਾ ਹੈ।
ਇਸ ਮੌਕੇ ਕਾਲਜ ਵਿੱਚ ਐੱਨ.ਐੱਸ.ਐੱਸ. ਦੇ ਕੈਡਿਟਾਂ ਵੱਲੋਂ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਸ਼ਿਆਂ ਖਿਲਾਫ ਖਾਸ ਸੈਮੀਨਾਰ ਦਾ ਵੀ ਆਯੋਜਨ ਕੀਤਾ ਗਿਆ।
ਇਸ ਰੈਲੀ ਵਿੱਚ ਕਾਲਜ ਦੇ ਪ੍ਰਿੰਸੀਪਲ ਪ੍ਰੋ.ਜਗਰੂਪ ਸਿੰਘ, ਐੱਸ.ਐੱਮ.ਓ. ਸ਼੍ਰੀ ਚਮਕੌਰ ਸਾਹਿਬ ਡਾ. ਗੋਬਿੰਦ ਟੰਡਨ, ਐਡਵੋਕੇਟ ਅਸ਼ੀਸ਼ ਕੁਮਾਰ, ਕਾਲਜ ਦੇ ਸਾਰੇ ਵਿਦਿਆਰਥੀ, ਐੱਨ.ਐੱਸ.ਐੱਸ. ਕੈਡਿਟ ਅਤੇ ਹੋਰ ਅਧਿਆਪਕ ਸਾਹਿਬਾਨ ਇਸ ਰੈਲੀ ਦਾ ਹਿੱਸਾ ਬਣੇ।