ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਕਰਵਾਏ ਗਏ ਡੀ.ਡੀ.ਬੀ.ਡੀ.ਏ.ਵੀ.ਸੈਨਟਰੀ ਪਬਲਿਕ ਸਕੂਲ ਵਿੱਚ ਸੁੰਦਰ ਲਿਖਾਈ ਦੇ ਮੁਕਾਬਲੇ

Sorry, this news is not available in your requested language. Please see here.

ਫ਼ਿਰੋਜ਼ਪੁਰ, 31 ਜਨਵਰੀ 2025
ਵਿਦਿਆਰਥੀਆਂ ਅੰਦਰ ਕਲਾਤਮਿਕ ਰੁਚੀਆਂ ਪੈਦਾ ਕਰਨ ਹਿੱਤ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਡੀ.ਡੀ.ਬੀ.ਡੀ.ਏ.ਵੀ. ਸੈਨਟਰੀ ਪਬਲਿਕ ਸਕੂਲ ਫਿਰੋਜ਼ਪੁਰ ਛਾਉਣੀ ਵਿਖੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੇ ਵਿੱਚ ਸੱਤਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਹੈ।
ਇਹਨਾਂ ਮੁਕਾਬਲਿਆਂ ਦੇ ਕਰਵਾਉਣ ਦੇ ਮਨੋਰਥ ਹਿਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਜਿਵੇਂ ਸੁੰਦਰ ਸਰੀਰ ਵਿੱਚ ਸੁੰਦਰ ਮਨ ਨਿਵਾਸ ਕਰਦਾ ਹੈ ਉਸੇ ਤਰੀਕੇ ਨਾਲ  ਸੁੰਦਰ ਲਿਖਾਈ ਦਾ ਦੂਜਿਆਂ ਦੇ ਉੱਤੇ ਬਹੁਤ ਵਧੀਆ ਪ੍ਰਭਾਵ ਪੈਂਦਾ ਹੈ ਅਤੇ ਸਾਡੀ ਸਖ਼ਸ਼ੀਅਤ ਦਾ ਇੱਕ ਸਾਕਾਰਾਤਮਕ ਪੱਖ ਲੋਕਾਂ ਸਾਹਮਣੇ ਉਜਾਗਰ ਹੁੰਦਾ ਹੈ। ਉਹਨਾਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਤਾਂ ਸੁੰਦਰ ਲਿਖਾਈ ਦਾ ਹੋਰ ਵੀ ਜਿਆਦਾ ਮਹੱਤਵ ਹੈ ਕਿਉਂਕਿ ਪ੍ਰੀਖਿਆਵਾਂ ਵਿੱਚ ਜੇਕਰ ਵਿਦਿਆਰਥੀ ਲਿਖਾਈ ਸੁੰਦਰ ਲਿਖਦੇ ਹਨ ਤਾਂ ਨਿਰੀਖਣ ਕਰਨ ਵਾਲੇ ਅਧਿਆਪਕ ਉੱਤੇ ਇਸ ਦਾ ਬਹੁਤ ਹੀ ਸਾਕਾਰਤਮਕ ਅਸਰ ਪੈਂਦਾ ਹੈ। ਸੁੰਦਰ ਲਿਖਾਈ ਲਿਖਣ ਵਾਲੇ ਦਾ ਮਨ ਸਾਫ਼ ਰਹਿੰਦਾ ਹੈ ਅਤੇ ਉਹ ਆਲੇ-ਦੁਆਲੇ ਵਿੱਚ ਵੀ ਸੋਹਣੇ ਅਤੇ ਸੁਚੱਜੇ ਢੰਗ ਨਾਲ ਰਹਿਣਾ ਸਿੱਖਦਾ ਹੈ।
ਸਕੂਲ ਦੇ ਪ੍ਰਿੰਸੀਪਲ ਨਿਸ਼ਾ ਦਿਉੜਾ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਪਹਿਲਾ ਸਥਾਨ ਸੱਤਵੀਂ ਜਮਾਤ ਦੀ ਵਿਦਿਆਰਥਣ ਸਾਂਚੀ  ਨੇ, ਦੂਜਾ ਸਥਾਨ ਬਾਰਵੀਂ ਜਮਾਤ ਦੀ ਵਿਦਿਆਰਥਣ ਮਾਨਸੀ ਨੇ ਅਤੇ ਤੀਜਾ ਸਥਾਨ ਸੱਤਵੀਂ ਜਮਾਤ ਦੀ ਵਿਦਿਆਰਥਣ ਪਲਕ ਨੇ ਪ੍ਰਾਪਤ ਕੀਤਾ। ਉਨਾਂ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਦਾ ਅਜਿਹੇ ਸਾਕਾਰਾਤਮਕ ਅਤੇ ਸਾਰਥਕ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ।

ਇਸ ਮੌਕੇ ਸੀਨੀਅਰ ਸਹਾਇਕ ਸ੍ਰੀ ਰਮਨ ਕੁਮਾਰ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।