ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪੰਤਗ ਉਡਾਉਣ ਲਈ ਨਾਈਲੋਨ/ ਸੰਥੈਟਿਕ/ਪਲਾਸਟਿਕ (ਕੱਚ ਦੇ ਪਾਉਡਰ ਲੱਗੇ ਧਾਗੇ) ਧਾਗੇ ਦੀ ਬਣੀ ਡੋਰ ਨੂੰ ਵੇਚਣ, ਸਟੋਰ ਕਰਨ, ਵਰਤੋਂ ਕਰਨ ਤੇ ਪਾਬੰਦੀ ਦੇ ਹੁਕਮ ਜਾਰੀ

Rajesh Dhiman
Mr. Rajesh Dhiman

ਫਿਰੋਜ਼ਪੁਰ, 1 ਫਰਵਰੀ 2024

ਜ਼ਿਲ੍ਹਾ ਮੈਜਿਸਟਰੇਟ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੰਤਗ/ਗੁੱਡੀਆਂ ਉਡਾਉਣ ਲਈ ਨਾਈਲੋਨ/ ਸੰਥੈਟਿਕ/ਪਲਾਸਟਿਕ (ਕੱਚ ਦੇ ਪਾਉਡਰ ਲੱਗੇ ਧਾਗੇ) ਧਾਗੇ ਦੀ ਬਣੀ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ ਤੇ ਮੁਕੰਮਲ ਤੌਰ ‘ਤੇ ਪਾਬੰਦੀ ਲਗਾਈ ਹੈ।

ਉਨ੍ਹਾਂ ਕਿਹਾ ਕਿ ਵਧੀਕ ਪ੍ਰਧਾਨ ਮੁੱਖ ਵਣ ਪਾਲ (ਜੰ:ਜੀ) ਅਤੇ ਮੁੱਖ ਜੰਗਲੀ ਜੀਵ ਵਾਰਡਨ, ਪੰਜਾਬ ਐਸ.ਏ.ਐਸ ਨਗਰ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਅੱਜ-ਕੱਲ੍ਹ ਪਤੰਗ/ਗੁੱਡੀਆਂ ਉਡਾਉਣ ਲਈ ਜਿਹੜੀ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਨਾਈਲੋਨ ਤੋ ਬਣੀ /ਚਾਈਨੀਜ/ਸੰਥੈਟਿਕ/ਪਲਾਸਟਿਕ (ਕੱਚ ਦੇ ਪਾਉਡਰ ਲੱਗੇ ਧਾਗੇ) ਦੀ ਬਣੀ ਹੁੰਦੀ ਹੈ ਅਤੇ ਉਹ ਬਹੁਤ ਮਜ਼ਬੂਤ, ਨਾ-ਗਲਣਯੋਗ ਅਤੇ ਨਾ ਹੀ ਟੁੱਟਣ ਯੋਗ ਹੁੰਦੀ ਹੈ। ਇਹ ਡੋਰ ਪਤੰਗਬਾਜ਼ੀ ਸਮੇਂ ਪਤੰਗ/ਗੁੱਡੀਆਂ ਉਡਾਉਣ ਵਾਲਿਆਂ ਦੇ ਹੱਥ ਅਤੇ ਉਂਗਲਾਂ ਕੱਟ ਦਿੰਦੀ ਹੈ। ਸਾਈਕਲ ਅਤੇ ਸਕੂਟਰ ਚਾਲਕਾਂ ਦੇ ਗੱਲ ਅਤੇ ਕੰਨ ਕੱਟ ਜਾਂਦੇ ਹਨ ਅਤੇ ਉੱਡਦੇ ਪੰਛੀਆਂ ਦੇ ਫੱਸ ਜਾਣ ‘ਤੇ ਉਨ੍ਹਾਂ ਦੇ ਮਰਨ ਬਾਰੇ ਵੀ ਕਾਫੀ ਘਟਨਾਵਾਂ ਵਾਪਰਦੀਆਂ ਹਨ। ਇਸ ਤਰ੍ਹਾਂ ਨਾਈਲੋਨ/ਸੰਥੈਟਿਕ/ਪਲਾਸਟਿਕ (ਕੱਚ ਦੇ ਪਾਉਂਡਰ ਲੱਗੇ ਹੋਏ ਧਾਗੇ) ਦੀ ਬਣੀ ਇਹ ਡੋਰ ਜਦੋਂ ਪਤੰਗਾਂ ਉਡਾਉਣ ਲਈ ਵਰਤੀ ਜਾਂਦੀ ਹੈ ਤਾਂ ਇਹ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ। ਇਨ੍ਹਾਂ ਤੱਥਾਂ ਨੂੰ ਮੁੱਖ ਰੱਖਦਿਆਂ ਨਾਈਲੋਨ/ਸੰਥੈਟਿਕ/ਪਲਾਸਟਿਕ (ਕੰਚ ਦੇ ਪਾਉਡਰ ਲੱਗੇ ਧਾਗੇ) ਦੀ ਬਣੀ ਡੋਰ ਨੂੰ ਪਤੰਗਾਂ ਲਈ ਵਰਤਣ ਵਾਸਤੇ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਤੇ ਰੋਕ ਲਗਾਉਣ ਲਈ ਕਦਮ ਚੁੱਕਣ ਦੀ ਅਤਿਅੰਤ ਲੋੜ ਹੈ। ਇਹ ਹੁਕਮ 31 ਮਾਰਚ 2024 ਤੱਕ ਲਾਗੂ ਰਹਿਣਗੇ।