ਜੂਨ ਮਹੀਨਾ ਅਮਰੂਦ ਦੇ ਬੂਟਿਆਂ ਨੂੰ ਖਾਦ ਪਾਉਣ ਲਈ ਢੁਕਵਾਂ – ਡਾ. ਮਾਨ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਪਟਿਆਲਾ, 9 ਜੂਨ 2021
ਅਮਰੂਦਾਂ ਦੇ ਬੂਟਿਆਂ ਤੋਂ ਭਰਪੂਰ ਫਲ ਪ੍ਰਾਪਤ ਕਰਨ ਲਈ ਜੂਨ ਮਹੀਨਾ ਖਾਦ ਪਾਉਣ ਲਈ ਬਹੁਤ ਹੀ ਢੁਕਵਾਂ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਨੋਡਲ ਅਫ਼ਸਰ ਅਮਰੂਦ ਕਮ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਦੇ ਅਮਰੂਦ ਦੇ ਜਿਹੜੇ ਬੂਟੇ ਦੀ ਉਮਰ 3 ਸਾਲ ਤੱਕ ਹੋਵੇ ਉਸ ਨੂੰ ਪ੍ਰਤੀ ਬੂਟਾ 10 ਤੋਂ 20 ਕਿਲੋਗ੍ਰਾਮ ਰੂੜੀ ਦੀ ਖਾਦ, 75 ਤੋਂ 100 ਗ੍ਰਾਮ ਯੂਰੀਆ, 250 ਤੋਂ 750 ਗ੍ਰਾਮ ਤੱਕ ਸਿੰਗਲ ਸੁਪਰ ਫਾਸਫੇਟ ਅਤੇ 50 ਤੋਂ 200 ਗ੍ਰਾਮ ਮਿਊਰਿਟ ਆਫ਼ ਪੁਟਾਸ਼ ਪਾਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਅਮਰੂਦ ਦੇ ਜਿਹੜੇ ਬੂਟੇ ਦੀ ਉਮਰ 4 ਤੋਂ 6 ਸਾਲ ਦੀ ਹੋਵੇ, ਉਸ ਨੂੰ 25 ਤੋਂ 30 ਕਿਲੋਗ੍ਰਾਮ ਰੂੜੀ ਦੀ ਖਾਦ, 150 ਤੋਂ 300 ਗ੍ਰਾਮ ਯੂਰੀਆ, 750 ਤੋਂ 1000 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 300 ਤੋਂ 500 ਗ੍ਰਾਮ ਮਿਊਰਿਟ ਆਫ਼ ਪੁਟਾਸ਼ ਪਾਈ ਜਾਵੇ। ਇਸੇ ਤਰਾਂ 7 ਤੋਂ 9 ਸਾਲ ਦੀ ਉਮਰ ਦੇ ਬੂਟੇ ਨੂੰ 40 ਤੋਂ 50 ਕਿਲੋਗ੍ਰਾਮ ਰੂੜੀ ਦੀ ਖਾਦ, 350 ਤੋਂ 500 ਗ੍ਰਾਮ ਯੂਰੀਆ, 1000 ਤੋਂ 1250 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 550 ਤੋਂ 750 ਗ੍ਰਾਮ ਮਿਊਰਿਟ ਆਫ਼ ਪੁਟਾਸ਼ ਪਾਈ ਜਾ ਸਕਦੀ ਹੈ। ਡਾ. ਮਾਨ ਨੇ ਦੱਸਿਆ ਕਿ 10 ਸਾਲ ਤੋਂ ਵੱਧ ਉਮਰ ਦੇ ਅਮਰੂਦ ਦੇ ਬੂਟੇ ਨੂੰ 50 ਕਿਲੋਗ੍ਰਾਮ ਰੂੜੀ ਦੀ ਖਾਦ, 500 ਗ੍ਰਾਮ ਯੂਰੀਆ, 1250 ਗ੍ਰਾਮ ਸਿੰਗਲ ਸੁਪਰ ਫਾਸਫੇਟ ਤੇ 750 ਗ੍ਰਾਮ ਮਿਊਰਿਟ ਆਫ਼ ਪੁਟਾਸ਼ ਪਾਈ ਜਾਵੇ।
ਡਿਪਟੀ ਡਾਇਰੈਕਟਰ ਨੇ ਖਾਦਾਂ ਪਾਉਣ ਦੇ ਢੰਗ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ ਖਾਦਾਂ ਬੂਟਿਆਂ ਦੀਆਂ ਜੜ੍ਹਾਂ ਦੇ ਬਿਲਕੁਲ ਨੇੜੇ ਨਹੀਂ ਪਾਉਣੀਆਂ ਚਾਹੀਦੀਆਂ, ਸਗੋਂ ਬੂਟੇ ਦੀ ਛੱਤਰੀ ਭਾਵ ਜਿਥੇ ਤੱਕ ਬੂਟਾ ਫੈਲਿਆ ਹੈ ਖਾਦਾਂ ਉਥੇ ਤੱਕ ਪਾਉਣੀਆਂ ਚਾਹੀਦੀਆਂ ਹਨ। ਸਿੰਗਲ ਸੁਪਰ ਫਾਸਫੇਟ ਖਾਦ ਦੀ ਜਗ੍ਹਾ ਡੀ.ਏੇ.ਪੀ ਖਾਦ ਵੀ ਪਾਈ ਜਾ ਸਕਦੀ ਹੈ ਪਰ ਉਸ ਦੀ ਮਾਤਰਾ ਸਿੰਗਲ ਸੁਪਰ ਫਾਸਫੇਟ ਤੋਂ 1/3 ਹੋਵੇਗੀ।
ਡਾ. ਮਾਨ ਨੇ ਬਾਗਬਾਨਾਂ ਨੂੰ ਇਹ ਵੀ ਸੁਝਾਅ ਦਿੱਤਾ ਕਿ ਜਿਹੜੇ ਬਾਗਾਂ ‘ਚ ਜ਼ਿੰਕ ਦੀ ਘਾਟ ਕਾਰਨ ਪੱਤਿਆਂ ਦਾ ਆਕਾਰ ਛੋਟਾ, ਮੋਟੀਆਂ ਲਕੀਰਾਂ ਦੇ ਵਿਚਾਲੇ ਦਾ ਰੰਗ ਪੀਲਾ ਤੇ ਫਿੱਕਾ ਪੀਲਾ ਹੋ ਜਾਵੇ ਤੇ ਇਸ ਤੋਂ ਇਲਾਵਾ ਪੱਤਿਆਂ ਦਾ ਵਾਧਾ ਰੁਕ ਜਾਵੇ, ਸਿਰੇ ਤੋਂ ਟਾਹਣੀਆਂ ਸੁੱਕਣੀਆਂ ਸ਼ੁਰੂ ਹੋ ਜਾਣ ਤਾਂ ਇਸ ਘਾਟ ਨੂੰ ਪੂਰਾ ਕਰਨ ਲਈ 1 ਕਿਲੋ ਜ਼ਿੰਕ ਸਲਫੇਟ ਅਤੇ 500 ਗ੍ਰਾਮ ਅਣਬੁਝਿਆ ਚੂਨਾ 100 ਲੀਟਰ ਪਾਣੀ ਦਾ ਘੋਲ ਬਣਾ ਕੇ ਜੂਨ ਤੋਂ ਸਤੰਬਰ ਮਹੀਨੇ ਦੌਰਾਨ 3 ਸਪਰੇਆਂ ਕੀਤੀਆਂ ਜਾ ਸਕਦੀਆਂ ਹਨ।