ਰੂਪਨਗਰ, 18 ਦਸੰਬਰ:
ਜ਼ਿਲ੍ਹਾ ਰੂਪਨਗਰ ਦੇ ਸ਼ਹਿਰੀ ਵਾਸੀਆਂ ਨੂੰ ਸਰਕਾਰੀ ਸੇਵਾਵਾਂ ਅਤੇ ਸਿਵਲ ਸਹੂਲਤਾਂ ਨੂੰ ਯਕੀਨੀ ਤੌਰ ਉਤੇ ਉਪਲਬੱਧ ਕਰਵਾਉਣ ਦੇ ਮੰਤਵ ਲਈ ਅੱਜ ਡਿਪਟੀ ਕਮਿਸ਼ਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਵਲੋਂ ਚਲਾਏ ਜਾ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ।
ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਸੈਨੀਟੇਸ਼ਨ, ਸੀਵਰੇਜ, ਸੜਕਾਂ, ਸਟ੍ਰੀਟ ਲਾਈਟਾਂ, ਪਾਰਕਾਂ ਅਤੇ ਪਾਣੀ ਦੀ ਸਪਲਾਈ ਆਦਿ ਮਾਮਲਿਆਂ ਦੀ ਵੇਰਵਿਆਂ ਸਹਿਤ ਜਾਇਜ਼ਾ ਲੈਂਦੇ ਹੋਏ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਆਮ ਲੋਕਾਂ ਵਲੋਂ ਕੀਤੀ ਜਾਂਦੀਆਂ ਇਸ ਸਬੰਧੀ ਸ਼ਿਕਾਇਤਾਂ ਨੂੰ ਨਿਰਧਾਰਿਤ ਸਮੇਂ ਵਿਚ ਹੱਲ ਕੀਤਾ ਜਾਵੇ। ਜਿਸ ਤਹਿਤ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੇ ਮਾਮਲਿਆਂ ਨੂੰ ਪਹਿਲ ਦੇ ਆਧਾਰ ਉਤੇ ਵਿਚਾਰਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿਚ ਹਾਜ਼ਰ ਕਾਰਜ ਸਾਧਕ ਅਫਸਰਾਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੇ ਅਧੀਨ ਆਉਂਦੀਆਂ ਮਿਉਂਸੀਪਲ ਕੌਂਸਲਾਂ ਦੇ ਆਮਦਨ ਦੇ ਸਰੋਤਾਂ ਦੀ ਯੋਗ ਵਰਤੋਂ ਕਰਨ ਅਤੇ ਪ੍ਰਾਪਰਟੀ ਟੈਕਸ, ਬਿਲਡਿੰਗ ਐਪਲੀਕੇਸ਼ਨ ਸਮੇਤ ਵਿਗਿਆਪਨ ਆਦਿ ਦੇ ਸਰੋਤਾਂ ਦੀ ਮੁਕੰਮਲ ਰਿਪੋਰਟ ਬਣਾਉਣ ਤਾਂ ਜੋ ਇਨ੍ਹਾਂ ਸਰੋਤਾਂ ਦੀ ਸੁਚਾਰੂ ਢੰਗ ਨਾਲ ਯੋਜਨਾਬੰਦੀ ਕਰਕੇ ਮਿਉਂਸੀਪਲ ਕੌਂਸਲਾਂ ਦੀ ਆਮਦਨ ਨੂੰ ਆਉਣ ਵਾਲੇ ਸਮੇਂ ਵਿਚ ਹੋਰ ਵਧਾਇਆ ਜਾ ਸਕੇ।
ਡਾ. ਪ੍ਰੀਤੀ ਯਾਦਵ ਨੇ ਅੱਗੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਆਪਣੇ ਅਧੀਨ ਆਉਂਦੇ ਰੇਹੜੀ ਅਤੇ ਫੜੀ ਲਗਾ ਕੇ ਜੀਵਨ ਬਸਰ ਕਰਨ ਵਾਲੇ ਲੋਕਾਂ ਦੀ ਰਜਿਸਟ੍ਰੇਸ਼ਨ ਵੱਧ ਤੋਂ ਵੱਧ ਕਰਨ ਤਾਂ ਜੋ ਉਨ੍ਹਾਂ ਨੂੰ ਸਰਕਾਰ ਵਲੋਂ ਮਿਲਣ ਵਾਲੀਆਂ ਵਿੱਤੀ ਅਤੇ ਹੋਰ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਸਕਣ।
ਉਨ੍ਹਾਂ ਕਿਹਾ ਕਿ ਜੇਕਰ ਮਿਉਂਸੀਪਲ ਕੌਂਸਲਾਂ ਵਲੋਂ ਰੇਹੜੀ ਅਤੇ ਫੜੀ ਲਗਾਉਣ ਵਾਲਿਆਂ ਦੀ ਮੁਕੰਮਲ ਤੌਰ ਉਤੇ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਲੋੜਵੰਦ ਲੋਕਾਂ ਨੂੰ ਸਰਕਾਰੀ ਸਕੀਮਾਂ ਦੇ ਲਾਭ ਤੋਂ ਇਲਾਵਾ ਸ਼ਹਿਰਾਂ ਵਿਚ ਖੜੇ ਹੋਣ ਲਈ ਨਿਰਧਾਰਿਤ ਜਗ੍ਹਾ ਦੇਣ ਵਿਚ ਵੀ ਆਸਾਨੀ ਹੋਵੇਗੀ। ਜਿਸ ਨਾਲ ਸ਼ਹਿਰਾਂ ਦੀ ਟ੍ਰੈਫਿਕ ਦੀ ਸਮੱਸਿਆ ਵੀ ਹੱਲ ਹੁੰਦੀ ਹੈ ਉਥੇ ਹੀ ਸੜਕ ਹਾਦਸਿਆਂ ਦਾ ਖਤਰਾ ਵੀ ਘੱਟਦਾ ਹੈ।
ਡਾ. ਪ੍ਰੀਤੀ ਯਾਦਵ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਸ਼ਹਿਰੀ ਵਿਕਾਸ ਕਾਰਜਾਂ ਸਬੰਧੀ ਤਜਵੀਜ ਇੱਕ ਹਫਤੇ ਦੌਰਾਨ ਪੇਸ਼ ਕਰਨ ਦੀ ਹਦਾਇਤ ਦਿੱਤੀ ਜਿਸ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ, ਰੋਡ ਬਣਾਉਣ ਤੋਂ ਲੈ ਕੇ ਸਟ੍ਰੀਟ ਲਾਈਟਾਂ ਅਤੇ ਪਾਰਕਾਂ ਆਦਿ ਨੂੰ ਖਾਸ ਤਵੱਜੋਂ ਦੇਣ ਲਈ ਕਿਹਾ ਗਿਆ।
ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ ਰੂਪਨਗਰ ਹਰਕੀਰਤ ਕੌਰ, ਕਾਰਜਸਾਧਕ ਅਫਸਰ ਰੂਪਨਗਰ ਮਨਜੀਤ ਸਿੰਘ, ਕਾਰਜਸਾਧਕ ਅਫਸਰ ਸ਼੍ਰੀ ਅਨੰਦਪੁਰ ਸਾਹਿਬ ਗੁਰਬਖਸ਼ ਸਿੰਘ, ਕਾਰਜਸਾਧਕ ਅਫਸਰ ਨੰਗਲ ਆਸੋਕ ਪੱਥਰੀਆਂ, ਕਾਰਜਸਾਧਕ ਅਫਸਰ ਮੋਰਿੰਡਾ ਤੇ ਸ਼੍ਰੀ ਚਮਕੌਰ ਸਾਹਿਬ ਰਜਨੀਸ਼ ਸੂਦ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

हिंदी






