ਫਾਜ਼ਿਲਕਾ 2 ਸਤੰਬਰ 2021
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਹਾਇਕ ਧੰਦੇ ਨਾਲ ਜ਼ੋੜਨ ਲਈ ਕਈ ਉਪਰਾਲੇ ਕੀਤੇ ਗਏ ਹਨ। ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ `ਚੋਂ ਕੱਢ ਕੇ ਸਹਾਇਕ ਕਾਰੋਬਾਰ ਜਿਸ ਵਿਚ ਡੇਅਰੀ ਵਿਕਾਸ, ਪਸ਼ੂ ਪਾਲਣ ਅਤੇ ਮੱਛੀ ਪਾਲਣ ਦੇ ਧੰਦਿਆਂ ਨੂੰ ਅਪਣਾਉਣ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ।ਪੇਂਡੂ ਵਿਕਾਸ ਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਉੱਚ ਸਿੱਖਿਆ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਮਾਰਗਦਰਸ਼ਨ ਹੇਠ ਡੇਅਰੀ ਫਾਰਮਿੰਗ ਕਰਨ ਦੇ ਚਾਹਵਾਨਾਂ ਨੂੰ ਸਿਖਲਾਈ ਕੋਰਸ ਕਰਵਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕੀਤਾ।
ਡਿਪਟੀ ਕਮਿਸ਼ਨਰ ਸ. ਸੰਧੂ ਨੇ ਕਿਹਾ ਕਿ ਡੇਅਰੀ ਵਿਕਾਸ ਵਿਭਾਗ ਫਾਜ਼ਿਲਕਾ ਵੱਲੋਂ ਪਿਛਲੇ 2 ਸਾਲਾਂ ਵਿੱਚ ਡੇਅਰੀ ਫਾਰਮ, ਡੇਅਰੀ ਸ਼ੈੱਡ, ਫੌਡਰ ਹਾਰਵੈਸਟਰ, ਫੌਰੇਜ਼ ਕਟਰ ਆਦਿ ਵੱਖ-ਵੱਖ ਕੰਪੋਨੈਟਾਂ ਤਹਿਤ ਲਾਭਪਾਤਰੀਆਂ ਨੂੰ 699.65 ਲੱਖ ਰੁਪਏ ਦੇ ਵਿੱਤੀ ਲਾਭ ਮੁਹੱਈਆ ਕਰਵਾਏ ਗਏ ਹਨ।ਇਸ ਤੋਂ ਇਲਾਵਾ 398 ਜਣਿਆਂ ਨੂੰ ਡੇਅਰੀ ਫਾਰਮ ਖੋਲਣ, ਡੇਅਰੀ ਸ਼ੈੱਡ ਬਣਾਉਣ ਆਦਿ ਹੋਰ ਵੱਖ-ਵੱਖ ਸਕੀਮਾਂ ਤਹਿਤ ਸਿਖਲਾਈ ਵੀ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾ ਚੁੱਕੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਫਾਜ਼ਿਲਕਾ ਸ੍ਰੀ ਰਣਦੀਪ ਕੁਮਾਰ ਹਾਂਡਾ ਨੇ ਦੱਸਿਆ ਕਿ 172 ਲਾਭਪਾਤਰੀਆਂ ਨੂੰ ਡੇਅਰੀ ਯੁਨਿਟ ਸਥਾਪਤ 580.65 ਲੱਖ ਰੁਪਏ, ਡੇਅਰੀ ਸ਼ੈੱਡ ਬਣਾਉਣ ਵਾਲੇ 22 ਲਾਭਪਾਤਰੀਆਂ ਨੂੰ 66 ਲੱਖ ਰੁਪਏ, ਫੋਰੇਜ਼ ਕੱਟਰ ਲਗਾਉਣ ਵਾਲੇ 1 ਲਾਭਪਾਤਰੀ ਨੂੰ 2.25 ਲੱਖ ਅਤੇ ਫੋਡਰ ਹਾਰਵੈਸਟਰ ਲਗਾਉਣ ਵਾਲੇ 3 ਲਾਭਪਾਤਰੀਆਂ ਨੂੰ 6.75 ਲੱਖ ਰੁਪਏ ਦੀ ਵਿੱਤੀ ਸਹਾਇਤਾ ਵਿਭਾਗ ਵੱਲੋਂ ਮੁਹੱਈਆ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਵੱਖ-ਵੱਖ ਕੰਪੋਨੈਟਾਂ ਤਹਿਤ ਵਿਭਾਗ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ 2 ਤੋਂ 20 ਦੁਧਾਰੂ ਪਸ਼ੂਆਂ ਦੀ ਖਰੀਦ ਯੁਨਿਟ ਲਗਾਉਣ, ਡੇਅਰੀ ਫਾਰਮ ਅਤੇ ਡੇਅਰੀ ਸ਼ੈਡ ਵਾਲੇ ਜਨਰਲ ਕੈਟਾਗਰੀ ਨਾਲ ਸਬੰਧਤ ਵਿਅਕਤੀ ਨੂੰ 25 ਫੀਸਦੀ ਅਤੇ ਐਸ.ਸੀ./ਐਸ.ਟੀ. ਨੂੰ 33 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਸਕੀਮਾਂ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਡਿਪਟੀ ਡਾਇਰੇਕਟਰ ਡੇਅਰੀ ਕਮਰਾ ਨੰਬਰ 508, ਡੀ.ਸੀ. ਕੰਪਲੈਕਸ, ਐਸ.ਐਸ.ਪੀ. ਬਲਾਕ ਫਾਜ਼ਿਲਕਾ ਜਾਂ ਦਫਤਰ ਦੇ ਫੋਨ ਨੰਬਰ 01638-262140 `ਤੇ ਸੰਪਰਕ ਕੀਤਾ ਜਾ ਸਕਦਾ ਹੈ।

हिंदी






