ਤਰਨਤਾਰਨ ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦਾ ਵਾਧਾ ਇਸ ਸੈਸ਼ਨ ਵੀ ਜਾਰੀ

Sorry, this news is not available in your requested language. Please see here.

ਸਕੂਲਾਂ ਦੀ ਬਦਲੀ ਨੁਹਾਰ ਨੇ ਦਿਖਾਇਆ ਰੰਗ
ਤਰਨਤਾਰਨ 2 ਮਈ:
ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਸਮੇਂ ਦੇ ਹਾਣ ਦਾ ਬਣਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਬਦੌਲਤ ਤਰਨਤਾਰਨ ਜਿਲ੍ਹੇ ਦੇ ਨਵੇਂ ਸ਼ੈਸ਼ਨ ‘ਚ 5451 ਵਿਦਿਆਰਥੀਆਂ ਦਾ ਵਾਧਾ ਦਰਜ਼ ਕੀਤਾ ਗਿਆ ਹੈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ‘ਚ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਹਫਤਾਵਾਰੀ ਮੀਟਿੰਗ ‘ਚ ਨਵੇਂ ਦਾਖਲਿਆਂ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸਤਿਨਾਮ ਸਿੰਘ ਬਾਠ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਰਾਜੇਸ਼ ਕੁਮਾਰ ਨਾਲ ਵਿਸਥਾਰ ‘ਚ ਵਿਚਾਰ ਚਰਚਾ ਕੀਤੀ ਗਈ।
ਤਾਜ਼ਾ ਅੰਕੜਿਆਂ ਅਨੁਸਾਰ ਨਵੇਂ ਸ਼ੈਸ਼ਨ ਦੇ ਪਹਿਲੇ ਮਹੀਨੇ (ਅਪ੍ਰੈਲ 2021) ਤੱਕ ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ 132767 ਵਿਦਿਆਰਥੀ ਦਾਖਲ ਹੋ ਚੁੱਕੇ ਹਨ, ਜਦੋਂ ਕਿ ਪਿਛਲੇ ਸ਼ੈਸ਼ਨ ਦੌਰਾਨ ਵਿਦਿਆਰਥੀਆਂ ਦੀ ਗਿਣਤੀ 127316 ਸੀ। ਇਸ ਤਰ੍ਹਾਂ ਐਲ.ਕੇ.ਜੀ. ਤੋਂ ਲੈ ਕੇ 12ਵੀਂ ਜਮਾਤ ਤੱਕ ਪਿਛਲੇ ਸ਼ੈਸ਼ਨ ਨਾਲੋਂ 5451 ਵਿਦਿਆਰਥੀ ਵੱਧ ਦਾਖਲ ਹੋ ਚੁੱਕੇ ਹਨ।
ਜਿਲ੍ਹੇ ਦੇ ਸਰਕਾਰੀ ਸੈਕੰਡਰੀ ਸਕੂਲਾਂ ‘ਚ ਪਿਛਲੇ ਵਰ੍ਹੇ 63245 ਵਿਦਿਆਰਥੀ ਦਾਖਲ ਸਨ ਤੇ ਇਸ ਵਾਰ 67335 ਬੱਚੇ ਦਾਖਲ ਹੋ ਚੁੱਕੇ ਹਨ। ਇਸ ਤਰ੍ਹਾਂ ਸੈਕੰਡਰੀ ਵਿੰਗ ‘ਚ ਵਿਦਿਆਰਥੀਆਂ ਦਾ ਵਾਧਾ 6.47 ਫੀਸਦੀ ਹੋ ਚੁੱਕਿਆ ਹੈ। ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਪਿਛਲੇ ਸ਼ੈਸ਼ਨ ‘ਚ 64071 ਬੱਚੇ ਪੜ੍ਹਦੇ ਸਨ ਤੇ ਇਸ ਵਾਰ 65432 ਵਿਦਿਆਰਥੀ ਦਾਖਲ ਹੋ ਚੁੱਕੇ ਹਨ। ਇਸ ਤਰ੍ਹਾਂ ਪ੍ਰਾਇਮਰੀ ਵਿੰਗ ‘ਚ 2.12 ਫੀਸਦੀ ਵਾਧਾ ਦਰਜ਼ ਕੀਤਾ ਗਿਆ ਹੈ। ਸਮੁੱਚੇ ਰੂਪ ‘ਚ ਜੇਕਰ ਨਜ਼ਰ ਮਾਰੀ ਜਾਵੇ ਤਾਂ ਜਿਲ੍ਹੇ ਦਾ ਬਲਾਕ ਚੋਹਲਾ ਸਾਹਿਬ 6.06 ਫੀਸਦੀ ਵਾਧੇ ਨਾਲ ਪਹਿਲੇ, ਨੌਸ਼ਹਿਰਾ ਪਨੂੰਆਂ ਦੂਸਰੇ ਤੇ ਅਤੇ ਬਲਾਕ ਖਡੂਰ ਸਾਹਿਬ ਤੀਸਰੇ ਸਥਾਨ ‘ਤੇ ਚੱਲ ਰਿਹਾ ਹੈ।
ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੇ ਲਗਾਤਾਰ ਦੂਸਰੇ ਸਾਲ ਹੋਏ ਵੱਡੇ ਵਾਧੇ ਬਾਰੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸਤਿਨਾਮ ਸਿੰਘ ਬਾਠ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦਾ ਮਿਆਰ ਹਰ ਪੱਖੋਂ ਉੱਚਾ ਚੁੱਕਣ ਦੀ ਬਦੌਲਤ ਹੀ ਇਨ੍ਹਾਂ ਸਕੂਲਾਂ ‘ਚ ਵਿਦਿਆਰਥੀਆਂ ਦਾ ਵੱਡਾ ਵਾਧਾ ਹੋ ਰਿਹਾ ਹੈ। ਹਰ ਵਰਗ ਦੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਪੜ੍ਹਾਉਣ ਨੂੰ ਤਰਜੀਹ ਦੇਣ ਲੱਗੇ ਹਨ।
ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਇਸ ਵਾਰ ਦਾਖਲਾ ਮੁਹਿੰਮ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਚਲਾਈ ਹੋਈ ਹੈ। ਪ੍ਰੇਮ ਸਿੰਘ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਕਿਹਾ ਕਿ ਵਿਭਾਗ ਵੱਲੋਂ ਜਿੱਥੇ ਰਵਾਇਤੀ ਸਾਧਨਾਂ ਨੁੱਕੜ ਨਾਟਕਾਂ, ਗੀਤਾਂ, ਮੇਲਿਆਂ, ਧਾਰਮਿਕ ਸਥਾਨਾਂ ਰਾਹੀਂ ਬੇਨਤੀਆਂ ਤੇ ਘਰ-ਘਰ ਜਾ ਕੇ, ਮਾਪਿਆਂ ਨੂੰ ਸਰਕਾਰੀ ਸਕੂਲਾਂ ‘ਚ ਬੱਚੇ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਟੀਵੀ, ਰੇਡੀਓ, ਸੋਸ਼ਲ ਮੀਡੀਆ, ਪੋਸਟਰਾਂ, ਪੈੱਫਲਿਟਾਂ ਤੇ ਫਲੈਕਸਾਂ ਰਾਹੀਂ ਵੀ ਪ੍ਰਚਾਰ ਮੁਹਿੰਮ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ ਗਿਆ। ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਦਿਖਾਉਣ ਲਈ ‘ਸਕੂਲ ਦਰਸ਼ਨ’ ਪ੍ਰੋਗਰਾਮ ਵੀ ਚਲਾਇਆ ਹੋਇਆ ਹੈ ਅਤੇ ਵਿਭਾਗ ਨੂੰ ਇਸ ਪ੍ਰੋਗਰਾਮ ਦੇ ਬਹੁਤ ਹੀ ਵਧੀਆ ਨਤੀਜੇ ਸਾਹਮਣੇ ਆਏ ਹਨ।ਜਿਸ ਸਦਕਾ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਵਧੇ ਹਨ।