ਦੇਰ ਰਾਤ ਘਰੋਂ ਕੱਢੀ ਔਰਤ ਨੂੰ ਮਹਿਲਾ ਕਮਿਸ਼ਨ ਨੇ ਘੰਟਿਆਂ ਵਿਚ ਹੀ ਦਿਵਾਇਆ ਇਨਸਾਫ

Sorry, this news is not available in your requested language. Please see here.

ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਸਹਿਯੋਗ ਲਈ ਕੀਤਾ ਪੁਲਿਸ-ਪ੍ਰਸ਼ਾਸ਼ਨ ਦਾ ਧੰਨਵਾਦ
ਅੰਮਿ੍ਰਤਸਰ, 10 ਜੂਨ 2021  ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਦੀਆਂ ਕੋਸ਼ਿਸ਼ਾਂ ਨਾਲ ਅੰਮਿ੍ਰਤਸਰ ਸ਼ਹਿਰ ਵਿਚ ਰਹਿੰਦੇ ਸੁਹਰੇ ਪਰਿਵਾਰ ਵੱਲੋਂ ਦੇਰ ਰਾਤ ਘਰੋਂ ਕੱਢੀ ਗਈ ਮਹਿਲਾ ਨੂੰ ਪੁਲਿਸ ਕਮਿਸ਼ਨਰ ਅੰਮਿ੍ਰਤਸਰ ਨੇ ਘੰਟਿਆਂ ਵਿਚ ਹੀ ਇਨਸਾਫ ਦਿਵਾ ਕੇ ਜਿੱਥੇ ਸੁਹਰੇ ਪਰਿਵਾਰ ਕੋਲੋਂ ਉਕਤ ਮਹਿਲਾ ਦਾ 8 ਮਹੀਨੇ ਦਾ ਬੱਚਾ ਵਾਪਸ ਲੈ ਕੇ ਦਿੱਤਾ, ਉਥੇ ਪੁਲਿਸ ਕੇਸ ਦਰਜ ਕਰਕੇ ਮਾਮਲਾ ਇਨਸਾਫ ਲਈ ਅਦਾਲਤ ਵਿਚ ਪੇਸ਼ ਕਰ ਦਿੱਤਾ। ਉਕਤ ਕਾਰਵਾਈ ਲਈ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਉਨਾਂ ਦੀ ਟੀਮ ਦਾ ਧੰਨਵਾਦ ਕਰਨ ਅੰਮਿ੍ਰਤਸਰ ਆਏ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਬੀਤੇ ਦਿਨ ਮੈਨੂੰ ਰਾਤ 11 ਵਜੇ ਇਕ ਔਰਤ ਨੇ ਰੋਂਦੇ ਹੋਏ ਦੱਸਿਆ ਕਿ ਮੈਂ ਥਾਣਾ ਅੰਮਿ੍ਰਤਸਰ ਕੈਂਟ ਦੇ ਬਾਹਰ ਖੜੀ ਹਾਂ, ਸੁਹਰੇ ਪਰਿਵਾਰ ਨੇ ਮੈਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਹੈ ਅਤੇ ਮੇਰਾ ਬੱਚਾ ਵੀ ਖੋਹ ਲਿਆ ਹੈ। ਕਮਿਸ਼ਨਰ ਸ੍ਰੀਮਤੀ ਗੁਲਾਟੀ ਨੇ ਤਰੁੰਤ ਇਹ ਮਾਮਲਾ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਦੇ ਧਿਆਨ ਵਿਚ ਲਿਆਂਦਾ, ਜਿੰਨਾ ਨੇ ਏ ਸੀ ਪੀ ਕੰਵਲਪ੍ਰੀਤ ਕੌਰ ਨੂੰ ਮੌਕੇ ਉਤੇ ਭੇਜ ਕੇ ਸੁਹਰੇ ਪਰਿਵਾਰ ਨਾਲ ਗੱਲ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਵੀ ਐਸ ਡੀ ਐਮ ਦੀ ਡਿਊਟੀ ਇਸ ਨੇਕ ਕੰਮ ਵਿਚ ਲਗਾ ਦਿੱਤੀ। ਉਕਤ ਔਰਤ, ਜਿਸਦਾ ਪਤੀ ਪੇਸ਼ੇ ਵਜੋਂ ਵਕੀਲ ਹੈ, ਨੇ ਜਿੱਥੇ ਆਪਣੀ ਪਤਨੀ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ, ਉਥੇ ਪੁਲਿਸ ਤੇ ਕਮਿਸ਼ਨ ਬਾਰੇ ਵੀ ਬੁਰਾ-ਭਲਾ ਕਿਹਾ। ਪੁਲਿਸ ਨੇ ਰਾਤ ਹੀ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਸਵੇਰੇ ਤੜਕੇ ਉਕਤ ਪਰਿਵਾਰ ਨੂੰ ਗਿ੍ਰਫਤਾਰ ਕਰਨ ਲਈ ਛਾਪਾ ਮਾਰਿਆ, ਪਰ ਸਾਰੇ ਬੱਚੇ ਸਮੇਤ ਘਰੋਂ ਭੱਜ ਗਏ। ਪਰ ਪੁਲਿਸ ਨੇ ਉਕਤ ਪਰਿਵਾਰ ਕੋਲੋਂ ਬੱਚਾ ਲੈ ਕੇ ਮਾਂ ਦੇ ਹਵਾਲੇ ਕਰ ਦਿੱਤਾ। ਅਦਾਲਤ ਵੱਲੋਂ ਵੀ ਉਕਤ ਪਤੀ ਦੀ ਜਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਇਸ ਵੇਲੇ ਉਹ ਹਵਾਲਾਤ ਵਿਚ ਹੈ। ਸ੍ਰੀਮਤੀ ਗੁਲਾਟੀ ਨੇ ਕੁੱਝ ਹੀ ਘੰਟਿਆਂ ਵਿਚ ਕੀਤੀ ਕਾਰਵਾਈ ਲਈ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿਲ ਤੇ ਉਨਾਂ ਦੀ ਟੀਮ ਦਾ ਧੰਨਵਾਦ ਕਰਦੇ ਕਿਹਾ ਕਿ ਸਮੇਂ ਸਿਰ ਐਕਸ਼ਨ ਕਰਕੇ ਪੁਲਿਸ ਨੇ ਪੀੜਤ ਮਹਿਲਾ ਨੂੰ ਜੋ ਨਿਆਂ ਦਿਵਾਇਆ ਹੈ, ਉਹ ਮਿਸਾਲੀ ਕਾਰਵਾਈ ਹੈ, ਜਿਸਦੀ ਜਿੰਨੀ ਤਾਰੀਫ ਕੀਤੀ ਜਾਵੇ, ਉਹ ਥੋੜੀ ਹੈ। ਉਨਾਂ ਕਿਹਾ ਕਿ ਕਮਿਸ਼ਨ ਪੀੜਕ ਔਰਤਾਂ ਲਈ ਆਸ ਹੈ ਅਤੇ ਇਸ ਆਸ ਨੂੰ ਤਾਂ ਹੀ ਬੂਰ ਪੈ ਸਕਦਾ ਹੈ, ਜੇਕਰ ਪੁਲਿਸ ਇਸੇ ਤਰਾਂ ਤਰੁੰਤ ਕਾਰਵਾਈ ਅਮਲ ਵਿਚ ਲਿਆਵੇ। ਇਸ ਮੌਕੇ ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਅਤੇ ਹੋਰ ਅਧਿਕਾਰੀ ਵੀ ਮੌਕੇ ਉਤੇ ਹਾਜਰ ਸਨ। ਕਮਿਸ਼ਨ ਨੇ ਅੱਜ 5 ਜਿਲਿਆਂ ਦੀਆਂ ਸ਼ਿਕਾਇਤਾਂ ਪੁਲਿਸ ਅਧਿਕਾਰੀਆਂ ਕੋਲੋਂ ਸੁਣੀਆਂ ਅਤੇ ਉਨਾਂ ਦੀਆਂ ਐਕਸ਼ਨ ਰਿਪੋਰਟਾਂ ਵੀ ਲਈਆਂ।
ਪ੍ਰੈਸ ਨਾਲ ਗੱਲਬਾਤ ਕਰਦੇ ਸ੍ਰੀਮਤੀ ਮਨੀਸ਼ਾ ਗੁਲਾਟੀ। ਨਾਲ ਹਨ ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਅਤੇ ਹੋਰ।