ਜ਼ਿਲਾ ਚੋਣ ਅਫਸਰ ਵੱਲੋਂ ਨੌਜਵਾਨ ਅਤੇ ਬਜ਼ੁਰਗ ਵੋਟਰਾਂ ਦਾ ਸਨਮਾਨ
*ਬਾਅਦ ਦੁਪਹਿਰ 2 ਵਜੇ ਤੱਕ ਬਰਨਾਲਾ ’ਚ 53.26, ਤਪਾ ’ਚ 66.40, ਭਦੌੜ ’ਚ 67.2 ਫੀਸਦੀ ਤੇ ਧਨੌਲਾ ’ਚ 65.86 ਫੀਸਦੀ ਪੋਲਿੰਗ
ਬਰਨਾਲਾ, 14 ਫਰਵਰੀ
ਜ਼ਿਲਾ ਬਰਨਾਲਾ ਵਿੱਚ ਨਗਰ ਕੌਂਸਲ ਬਰਨਾਲਾ, ਤਪਾ, ਧਨੌਲਾ ਤੇ ਭਦੌੜ ਲਈ ਵੋਟਾਂ ਪੈਣ ਦਾ ਕਾਰਜ ਜਾਰੀ ਹੈ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਇਮਾਨਦਾਰੀ ਅਤੇ ਬਿਨਾਂ ਲਾਲਚ ਤੇ ਭੈਅ ਤੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ।
ਇਹ ਪ੍ਰਗਟਾਵਾ ਜ਼ਿਲਾ ਚੋਣਕਾਰ ਅਫਸਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਧੂ ਪੱਤੀ ਵਿਖੇ ਬਣੇ ਮਾਡਲ ਪੋਲਿੰਗ ਸਟੇਸ਼ਨ ਦੇ ਦੌਰੇ ਦੌਰਾਨ ਕੀਤਾ। ਇਸ ਮੌਕੇ ਜ਼ਿਲਾ ਚੋਣ ਅਫਸਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਰਿਟਰਨਿੰਗ ਅਫਸਰ ਨਗਰ ਕੌਂਸਲ ਚੋਣਾਂ ਬਰਨਾਲਾ ਸ੍ਰੀ ਵਰਜੀਤ ਵਾਲੀਆ ਵੱਲੋਂ ਜਿੱਥੇ ਪਹਿਲੀ ਵਾਰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਵਾਲੇ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ, ਉਥੇ ਬਜ਼ੁਰਗ ਵੋਟਰਾਂ ਦਾ ਵੀ ਤਗਮਿਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਸਮੁੱਚੀ ਟੀਮ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਨੂੰ ਵੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ’ਤੇ ਹੱਲਾਸ਼ੇਰੀ ਦਿੱਤੀ ਗਈ।
ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਵਿਜੈ ਭਾਸਕਰ ਦੀ ਅਗਵਾਈ ਹੇਠ ਐਨਐਸਐਸ ਵਲੰਟੀਅਰਾਂ ਵੱਲੋਂ ਸਕੂਲ ਐਨਰੋਲਮੈਂਟ ਅਤੇ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਗਈ।
ਦੱਸਣਯੋਗ ਹੈ ਕਿ ਨਗਰ ਕੌਂਸਲ ਬਰਨਾਲਾ ਵਿਚ ਵਾਰਡਾਂ ਦੀ ਗਿਣਤੀ 31, ਭਦੌੜ ਵਿਚ ਵਾਰਡਾਂ ਦੀ ਗਿਣਤੀ 13, ਧਨੌਲਾ ਵਿਚ ਵਾਰਡਾਂ ਦੀ ਗਿਣਤੀ 13 ਤੇ ਤਪਾ ਲਈ ਵਾਰਡਾਂ ਦੀ ਗਿਣਤੀ 15 ਹੈ। ਜ਼ਿਲਾ ਬਰਨਾਲਾ ਦੀਆਂ ਨਗਰ ਕੌਂਸਲਾਂ ਅਧੀਨ ਵੋਟਰਾਂ ਦੀ ਕੁੱਲ ਗਿਣਤੀ 1,29,235 ਹੈ। ਇਨਾਂ ਵਿਚੋਂ ਪੁਰਸ਼ ਵੋਟਰਾਂ ਦੀ ਗਿਣਤੀ 68,323 ਅਤੇ ਮਹਿਲਾ ਵੋਟਰਾਂ ਦੀ ਗਿਣਤੀ 60,908 ਹੈ, ਜਦੋਂਕਿ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ 4 ਹੈ।
ਬੌਕਸ ਲਈ ਪ੍ਰਸਤਾਵਿਤ
ਪੇਂਟਿੰਗ ਰਾਹੀਂ ਭਖਾਈ ਵੋਟਰ ਜਾਗਰੂਕਤਾ ਮੁਹਿੰਮ
ਇਸ ਮੌਕੇ ਸੰਧੂ ਪੱਤੀ ਸਕੂਲ ਦੇ ਵਿਦਿਆਰਥੀਆਂ ਨੇ ਪੇਂਟਿੰਗ ਮੁਕਾਬਲੇ ਵਿਚ ਹਿੱਸਾ ਲੈ ਕੇ ਵੋਟਰਾਂ ਨੂੰ ਵੋਟ ਪਾਉਣ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ, ਜਿਸ ’ਤੇ ਜ਼ਿਲਾ ਚੋਣਕਾਰ ਅਫਸਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਆਰਓ ਵਰਜੀਤ ਵਾਲੀਆ ਅਤੇ ਸਿੱਖਿਆ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
ਬੌਕਸ ਲਈ ਪ੍ਰਸਤਾਵਿਤ
ਵੋਟ ਪਾਉਣ ਪੋਲਿੰਗ ਸਟੇਸ਼ਨ ਪੁੱਜੇ ਬਜ਼ੁਰਗ ਤੇਲੂ ਰਾਮ ਦਾ ਸਨਮਾਨ
ਸੰਧੂ ਪੱਤੀ ਸਕੂਲ ਵਿਖੇ ਬਣੇ ਮਾਡਲ ਪੋਲਿੰਗ ਸਟੇਸ਼ਨ ਵਿਖੇ ਵੋਟ ਪਾਉਣ ਪੁੱਜੇ ਬਜ਼ੁਰਗ ਤੇਲੂ ਰਾਮ ਦਾ ਜ਼ਿਲਾ ਸਿੱਖਿਆ ਅਫਸਰ ਸ. ਸਰਬਜੀਤ ਸਿੰਘ ਤੂਰ, ਉਪ ਜ਼ਿਲਾ ਸਿੱਖਿਆ ਅਫਸਰ ਹਰਕੰਵਲਜੀਤ ਕੌਰ ਤੇ ਹੋਰਨਾਂ ਅਧਿਕਾਰੀਆਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਬਜ਼ੁਰਗ ਤੇਲੂ ਰਾਮ ਨੇ ਆਖਿਆ ਕਿ ਉਹ ਨਿਰਪੱਖ ਅਤੇ ਨਿਰਭੈਅ ਹੋ ਕੇ ਅਤੇ ਪੂਰੀ ਜਾਗਰੂਕਾ ਤਹਿਤ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਾ ਹੈ ਅਤੇ ਦੂਜਿਆਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰਦਾ ਹੈ।
ਬੌਕਸ ਲਈ ਪ੍ਰਸਤਾਵਿਤ
ਦੁਪਹਿਰ 2 ਵਜੇ ਤੱਕ ਇਹ ਰਿਹਾ ਵੋਟਿੰਗ ਦਾ ਰੁਝਾਨ
ਜ਼ਿਲਾ ਚੋਣਕਾਰ ਅਫਸਰ ਨੇ ਦੱਸਿਆ ਕਿ ਦੁਪਹਿਰ 2 ਵਜੇ ਤੱਕ ਬਰਨਾਲਾ ਵਿਚ 53.26 ਫੀਸਦੀ, ਤਪਾ ਵਿਚ 66.40 ਫੀਸਦੀ, ਧਨੌਲਾ ਵਿਚ 65.86 ਤੇ ਭਦੌੜ ਵਿਚ 67.2 ਫੀਸਦੀ ਪੋਲਿੰਗ ਹੋਈ ਹੈ।
ਬੌਕਸ ਲਈ ਪ੍ਰਸਤਾਵਿਤ
ਕਿੰਨੇ ਉਮੀਦਵਾਰ ਹਨ ਚੋਣ ਮੈਦਾਨ ’ਚ
ਨਗਰ ਕੌਂਸਲ ਬਰਨਾਲਾ ਚੋਣਾਂ ਲਈ 149 ਉਮੀਦਵਾਰ, ਤਪਾ ਵਿਚ 38 ਉਮੀਦਵਾਰ, ਧਨੌਲਾ ਵਿਚ 49 ਉਮੀਦਵਾਰ ਤੇ ਭਦੌੜ ਵਿਚ 45 ਉਮੀਦਵਾਰ ਚੋਣ ਮੈਦਾਨ ਵਿਚ ਹਨ।

हिंदी





