ਨਾਰਵੇ ਦੇ ਮੰਤਰੀ ਅਤੇ ਡੈਲੀਗੇਸ਼ਨ ਵੱਲੋਂ ਫਿਰੋਜ਼ਪੁਰ ਦਾ ਦੌਰਾ

Sorry, this news is not available in your requested language. Please see here.

  • ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰ ਕੇ ਲੋਕ ਭਲਾਈ ਸਕੀਮਾਂ ਬਾਰੇ ਲਈ ਜਾਣਕਾਰੀ
  • ਪੰਜਾਬ ਦੀ ਜਨਤਕ ਵੰਡ ਪ੍ਰਣਾਲੀ ਤੋਂ ਹੋਏ ਪ੍ਰਭਾਵਿਤ
  • ਭਾਰਤ ਦੇ ਪੋਸਟਲ ਬੈਂਕ ਸਿਸਟਮ ਬਾਰੇ ਵੀ ਲਈ ਜਾਣਕਾਰੀ
  • ਪਰਾਲੀ ਤੋਂ ਬਿਜਲੀ ਬਨਾਉਣ ਵਾਲੇ ਪਲਾਂਟ ਐਸ.ਏ.ਈ.ਐਲ ਦਾ ਕੀਤਾ ਦੌਰਾ

ਫਿਰੋਜ਼ਪੁਰ 16 ਨਵੰਬਰ:

ਨਾਰਵੇ ਦੇ ਵਿਸ਼ੇਸ਼ ਵਫਦ ਜਿਸਦੀ ਅਗਵਾਈ ਐਨੀ ਬੈਥੇ ਤਿਵੀਨੇਰਿਮ (Anne Beathe Tvinnereim) ਅੰਤਰਰਾਸ਼ਟਰੀ ਵਿਕਾਸ ਮੰਤਰੀ ਵਿਦੇਸ਼ ਮੰਤਰਾਲੇ ਨਾਰਵੇ ਵੱਲੋਂ ਅੱਜ ਫਿਰੋਜ਼ਪੁਰ ਦਾ ਦੌਰਾ ਕੀਤਾ ਗਿਆ। ਜਿੱਥੇ ਉਨ੍ਹਾਂ ਪਰਾਲੀ ਤੋਂ ਬਿਜਲੀ ਬਨਾਉਣ ਵਾਲੇ ਪਲਾਂਟ ਐਸ.ਏ.ਈ.ਐਲ ਦਾ ਦੌਰਾ ਕੀਤਾ ਅਤੇ ਪਰਾਲੀ ਤੋਂ ਬਿਜਲੀ ਬਣਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਭਾਰਤ ਤੇ ਪੰਜਾਬ ਸਰਕਾਰ ਵੱਲੋਂ ਪਰਾਲੀ ਤੋਂ ਬਿਜਲੀ ਬਣਾ ਕੇ ਪ੍ਰਦੂਸ਼ਣ ਦੀ ਰੋਕਥਾਮ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਉਪਰੰਤ ਨਾਰਵੇ ਦੇ ਵਫਦ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਵੱਲੋਂ ਨਾਰਵੇ ਦੇ ਮੰਤਰੀ ਅਤੇ ਨਾਲ ਆਏ ਡੈਲੀਗੇਸ਼ਨ ਨੂੰ ਜੀ ਆਇਆਂ ਕਿਹਾ ਤੇ ਉਨ੍ਹਾਂ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਇਤਿਹਾਸ, ਵਿਕਾਸ ਅਤੇ ਹੋਰ ਗਤੀਵਿਧੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਵਫਦ ਵੱਲੋਂ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ, ਲਾਭਪਾਤਰੀਆਂ ਨਾਲ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ) ਬਾਰੇ ਮੀਟਿੰਗ ਕਰ ਕੇ ਇਸ ਸਕੀਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਇਹ ਸਕੀਮ ਗਰੀਬ ਵਰਗ ਲਈ ਬਹੁਤ ਕਾਰਗਰ ਸਾਬਤ ਹੋ ਰਹੀ ਹੈ ਅਤੇ ਇਸ ਸਕੀਮ ਰਾਹੀਂ ਜ਼ਿਲ੍ਹੇ ਵਿਚ 6 ਲੱਖ 10 ਹਜ਼ਾਰ 768 ਲਾਭਪਾਤਰੀ ਲਾਭ ਲੈ ਰਹੇ ਹਨ, ਜਦਕਿ ਪੰਜਾਬ ਵਿੱਚ 1 ਕਰੋੜ 44 ਲੱਖ ਅਤੇ ਦੇਸ਼ ਵਿੱਚ 80 ਕਰੋੜ ਦੇ ਕਰੀਬ ਲੋਕ ਇਸ ਸਕੀਮ ਦਾ ਲਾਭ ਲੈ ਰਹੇ ਹਨ। ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ੍ਰੀ ਰਾਜ ਰਿਸ਼ੀ ਮਹਿਰਾ ਨੇ ਸਮਾਰਟ ਰਾਸ਼ਨ ਕਾਰਡ, ਲਾਭਪਾਤਰੀਆਂ ਨੂੰ ਰਾਸ਼ਨ ਦੀ ਵੰਡ ਦੀ ਸਮੁੱਚੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ।

ਐਨੀ ਬੈਥੇ ਤਿਵੀਨੇਰਿਮ ਅੰਤਰਰਾਸ਼ਟਰੀ ਵਿਕਾਸ ਮੰਤਰੀ ਵਿਦੇਸ਼ ਮੰਤਰਾਲੇ ਨਾਰਵੇ ਤੇ ਨਾਲ ਆਏ ਵਫਦ ਨੇ ਭਾਰਤ ਦੀ ਜਨਤਕ ਵੰਡ ਪ੍ਰਣਾਲੀ ਦੀ ਸਰਾਹਨਾ ਕੀਤੀ ਤੇ ਕਿਹਾ ਕਿ ਉਹ ਆਪਣੇ ਦੇਸ਼ ਵਿਚ ਵੀ ਇਸ ਤਰ੍ਹਾਂ ਦੀ ਸਕੀਮ ਨੂੰ ਲਾਗੂ ਕਰਨ ਲਈ ਸਰਕਾਰ ਨਾਲ ਗੱਲ ਕਰਨਗੇ ਅਤੇ ਲੋੜ ਪੈਣ ਤੇ ਭਾਰਤ ਸਰਕਾਰ ਤੋਂ ਇਸ ਸਬੰਧੀ ਸਹਿਯੋਗ ਤੇ ਅਗਵਾਈ ਵੀ ਲਈ ਜਾਵੇਗੀ। ਇਸ ਉਪਰੰਤ ਵਫਦ ਵੱਲੋਂ ਮੁੱਖ ਡਾਕਘਰ ਫਿਰੋਜ਼ਪੁਰ ਵਿਖੇ ਪੋਸਟਲ ਬੈਂਕ ਸਿਸਟਮ ਦਾ ਵੀ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿਖੇ ਆ ਕੇ ਉਨ੍ਹਾਂ ਨੂੰ ਜਿੱਥੇ ਬਹੁਤ ਖੁਸ਼ੀ ਹੋ ਰਹੀ ਹੈ ਉਥੇ ਹੀ ਉਹ ਸਰਕਾਰ ਦੀਆਂ ਸਕੀਮਾਂ ਤੋਂ ਪ੍ਰਭਾਵਿਤ ਹੋਏ ਹਨ।

ਇਸ ਮੌਕੇ ਮੈਅ ਐਲਨ ਸਟੰਨਰ ਭਾਰਤ ਤੇ ਸ੍ਰੀਲੰਕਾ ਵਿਚ ਨਾਰਵੇ ਦੇ ਰਾਜਪੂਤ, ਜਾਨ ਲਾਈ ਸੀਨੀਅਰ ਐਡਵਾਈਜ਼ਰ, ਹੈਕਨ ਗੁਲਬਰੈਂਡਸਨ, ਸਾਈਵਰ ਝੈਚਰੀਸਨ, ਰੈਗਨਹੀਲਡ ਤੋਂ ਇਲਾਵਾ ਡਾਇਰੈਕਟਰ ਸ੍ਰੀ ਜਸਬੀਰ ਸਿੰਘ ਆਂਵਲਾ, ਸ੍ਰੀ ਸੁਖਬੀਰ ਸਿੰਘ ਆਂਵਲਾ, ਲਕਸ਼ਿਤ ਆਂਵਲਾ ਸੀਈਓ, ਵਰੁਣ ਗੁਪਤਾ, ਸੰਜੈ ਅਹੂਜਾ ਸਮੇਤ ਐਸ.ਏ.ਈ.ਐਲ ਦਾ ਸਮੂਹ ਸਟਾਫ ਹਾਜ਼ਰ ਸੀ।