ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਵੇਚੀਆਂ ਸਰਕਾਰੀ ਜਾਇਦਾਦਾਂ ਦੀ ਵਿਜੀਲੈਂਸ ਜਾਂਚ ਸ਼ੁਰੂ: ਵਿਧਾਇਕ ਚੱਢਾ
ਰੂਪਨਗਰ, 15 ਸਤੰਬਰ
ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਰੂਪਨਗਰ ਦੀਆਂ ਬਹੁਤ ਵਧੀਆਂ ਲੋਕੇਸ਼ਨਾਂ ਵਾਲੀਆਂ ਸਰਕਾਰੀ ਜਾਇਦਾਦਾਂ ਬਹੁਤ ਘਟ ਭਾਅ ਵੇਚਣ ਦੇ ਮਾਮਲੇ ਦੀ ਵਿਜੀਲੈਂਸ ਬਿਊਰੋ ਨੇ ਜਾਂਚ ਆਰੰਭ ਕਰ ਦਿੱਤੀ ਹੈ ਤੇ ਕੁਝ ਬੋਲੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਹਲਕਾ ਰੂਪਨਗਰ ਦੇ ਵਿਧਾਇਕ ਸ਼੍ਰੀ ਦਿਨੇਸ਼ ਚੱਢਾ ਨੇ ਨਵੇਂ ਬੱਸ ਅੱਡੇ ਨੇੜੇ ਸਥਿਤ ਜਾਇਦਾਦ ਕੋਲ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ ਤੇ ਇਸ ਮੌਕੇ ਉਹਨਾਂ ਨੇ ਜਾਂਚ ਸਬੰਧੀ ਕਾਗਜ਼ਾਤ ਵੀ ਮੀਡੀਆ ਨੂੰ ਦਿਖਾਏ।
ਸ਼੍ਰੀ ਦਿਨੇਸ਼ ਚੱਢਾ ਨੇ ਦੱਸਿਆ ਕਿ ਸਾਲ 1998 ਵਿਚ ਉਸ ਵੇਲੇ ਦੀ ਸਰਕਾਰ ਨੇ ਕੁਝ ਸਰਕਾਰੀ ਜਾਇਦਾਦਾਂ ਦਾ ਰਾਖਵਾਂ ਮੁੱਲ 1200 ਰੁਪਏ ਪ੍ਰਤੀ ਗਜ਼ ਰੱਖਿਆ ਪਰ ਬਾਅਦ ਵਿੱਚ 700 ਰੁਪਏ ਪ੍ਰਤੀ ਗਜ਼ ਕਰ ਦਿੱਤਾ ਗਿਆ ਤੇ 740 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਇਹਨਾਂ ਜਾਇਦਾਦਾਂ ਨੂੰ ਵੇਚ ਦਿੱਤਾ ਗਿਆ। ਇਹ ਸਾਰੀਆਂ ਜਾਇਦਾਦਾਂ ਕਰੀਬ 1.5 ਕਰੋੜ ਰੁਪਏ ਵਿਚ ਵੇਚ ਦਿੱਤੀਆਂ ਗਈਆਂ, ਜਦਕਿ ਇਹਨਾਂ ਦੀ ਕੀਮਤ ਕਰੀਬ 60 ਕਰੋੜ ਰੁਪਏ ਬਣਦੀ ਹੈ।
ਇਸ ਉਪਰੰਤ ਪਿਛਲੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਅਖੀਰਲੇ ਸਮੇਂ ਦੌਰਾਨ ਇਹਨਾਂ ਜਾਇਦਾਦਾਂ ਦੀਆਂ ਰਜਿਸਟਰੀਆਂ ਨੂੰ ਪੁਰਾਣੇ ਭਾਅ ਮੁਤਾਬਕ ਹੀ ਪ੍ਰਵਾਨਗੀ ਦੇ ਦਿੱਤੀ, ਜਦਕਿ ਉਸ ਸਰਕਾਰ ਕੋਲ ਇਹ ਜਾਇਦਾਦਾਂ ਬਚਾਉਣ ਦਾ ਮੌਕਾ ਸੀ। ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਸਰਕਾਰੀ ਜਾਇਦਾਦਾਂ ਦੀ ਸੰਭਾਲ ਲਈ ਵਚਨਬੱਧ ਹੈ ਤੇ ਕਿਸੇ ਵੀ ਕਿਸਮ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਲਕਾ ਵਿਧਾਇਕ ਨੇ ਇਹਨਾਂ ਜਾਇਦਾਦਾਂ ਸਬੰਧੀ ਜਾਂਚ ਵਾਸਤੇ ਚੁੱਕੇ ਕਦਮਾਂ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਮਾਨਦਾਰੀ ਦੇ ਰਾਹ ਉੱਤੇ ਤੁਰ ਰਹੀ ਹੈ ਤੇ ਹੁਣ ਤੱਕ ਕਈ ਘਪਲੇ ਸਾਹਮਣੇ ਲਿਆ ਕੇ ਮੁਲਜ਼ਮਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਹੈ ਤੇ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।

English






