ਪੀ.ਐਨ.ਬੀ. ਨੇ ਖਰੜ ਦੇ ਸਰਕਾਰੀ ਹਸਪਤਾਲ ਨੂੰ ਮੈਡੀਕਲ ਉਪਕਰਨ ਭੇਟ ਕੀਤੇ

Sorry, this news is not available in your requested language. Please see here.

ਐਸ.ਏ.ਐਸ. ਨਗਰ, 13 ਅਗਸਤ 2021
ਬੈਂਕ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਸਕੀਮ ਅਧੀਨ ਪੰਜਾਬ ਨੈਸ਼ਨਲ ਬੈਂਕ, ਡਿਵੀਜ਼ਨਲ ਦਫ਼ਤਰ, ਐਸ.ਏ.ਐਸ. ਨਗਰ, ਮੋਹਾਲੀ ਵੱਲੋਂ ਸਰਕਾਰੀ ਹਸਪਤਾਲ, ਖਰੜ ਵਿੱਚ ਕਾਰਡੀਐਕ ਮਾਨੀਟਰ, ਬਾਈਨੈਕੁਲਰ ਇਨਡਾਇਰੈਕਟ ਓਫਥਲਮੋਸਕੋਪ, ਹਾਇਟਰੋਸਕੋਪ, ਸੀਲਿੰਗ ਓਟੀ ਲਾਈਟਾਂ ਆਦਿ ਵਰਗੇ ਮੈਡੀਕਲ ਉਪਕਰਨ ਭੇਟ ਕੀਤੇ ਗਏ। ਮੌਜੂਦਾ ਕੋਰੋਨਾ ਮਹਾਂਮਾਰੀ ਕਾਰਨ ਬੈਂਕ ਨੇ ਦੇਸ਼ ਭਰ ਦੇ 111 ਜ਼ਿਲ੍ਹਿਆਂ ਵਿੱਚ ਆਪਣੀ ਸੀ.ਐਸ.ਆਰ. ਯੋਜਨਾ ਤਹਿਤ ਹਰੇਕ ਜ਼ਿਲ੍ਹੇ ਵਿੱਚ 10 ਲੱਖ ਰੁਪਏ ਤੱਕ ਦੀ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਦੀ ਪਹਿਲ ਕੀਤੀ ਹੈ।
ਇਸ ਮੌਕੇ ਹਸਪਤਾਲ ਦੇ ਐਸ.ਐਮ.ਓ. ਸ੍ਰੀ ਮਨੋਹਰ ਸਿੰਘ, ਸ੍ਰੀ ਸੁਮੰਤ ਮਹੰਤੀ, ਜ਼ੋਨਲ ਮੈਨੇਜਰ, ਪੰਜਾਬ, ਸ੍ਰੀ ਦਲਜੀਤ ਸਿੰਘ (ਡਿਪਟੀ ਜਨਰਲ ਮੈਨੇਜਰ) ਸਮੇਤ ਮੁਹਾਲੀ ਮੰਡਲ ਮੁਖੀ ਸ੍ਰੀਮਤੀ ਰੀਟਾ ਜੁਨੇਜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਆਪਣੇ ਸੰਬੋਧਨ ਵਿੱਚ ਜ਼ੋਨਲ ਮੈਨੇਜਰ ਸ਼੍ਰੀ ਸੁਮੰਤ ਮਹੰਤੀ ਨੇ ਬੈਂਕ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਸਕੀਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਕੀਮ ਦਾ ਮੂਲ ਉਦੇਸ਼ ਲੋੜਵੰਦਾਂ ਅਤੇ ਸੰਸਥਾਵਾਂ ਨੂੰ ਉਨ੍ਹਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਬੈਂਕ ਆਪਣੀਆਂ ਕਾਰੋਬਾਰੀ ਗਤੀਵਿਧੀਆਂ ਦੇ ਨਾਲ-ਨਾਲ ਸਮਾਜਿਕ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ ਅਤੇ ਸਮੇਂ-ਸਮੇਂ ਉਤੇ ਅਜਿਹੇ ਸਮਾਜ ਭਲਾਈ ਕਾਰਜ ਕਰਵਾਉਂਦਾ ਰਹਿੰਦਾ ਹੈ।
ਸ੍ਰੀ ਮਹੰਤੀ ਨੇ ਕਿਹਾ ਕਿ 127 ਸਾਲਾਂ ਦੀ ਸਫ਼ਲ ਹੋਂਦ ਦੇ ਨਾਲ ਪੰਜਾਬ ਨੈਸ਼ਨਲ ਬੈਂਕ ਭਾਰਤੀ ਬੈਂਕਿੰਗ ਉਦਯੋਗ ਵਿੱਚ ਇਕ ਜਾਣਿਆ-ਪਛਾਣਿਆ ਨਾਂ ਹੈ, ਜੋ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਯਕੀਨੀ ਬਣਾਉਂਦਾ ਹੈ। ਮੰਡਲ ਪ੍ਰਧਾਨ ਸ੍ਰੀਮਤੀ ਰੀਟਾ ਜੁਨੇਜਾ ਨੇ ਕਿਹਾ ਕਿ ਮੁਹਾਲੀ ਅਤੇ ਚੰਡੀਗੜ੍ਹ ਵਿੱਚ ਸਹੂਲਤਾਂ ਬਿਹਤਰ ਹਨ, ਇਸ ਲਈ ਉਨ੍ਹਾਂ ਬੈਂਕ ਦੀ ਸੀ.ਐਸ.ਆਰ. ਗਤੀਵਿਧੀ ਲਈ ਖਰੜ ਦੇ ਸਰਕਾਰੀ ਹਸਪਤਾਲ ਦੀ ਚੋਣ ਕੀਤੀ ਤਾਂ ਜੋ ਹਸਪਤਾਲ ਵਿੱਚ ਮੈਡੀਕਲ ਉਪਕਰਨਾਂ ਦੀ ਕੋਈ ਘਾਟ ਨਾ ਰਹੇ ਅਤੇ ਮਰੀਜ਼ਾਂ ਦੇ ਇਲਾਜ ਵਿੱਚ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਹਾਜ਼ਰ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ।