ਪੀ.ਡੀ.ਏ. ਵੱਲੋਂ ਅਰਬਨ ਅਸਟੇਟ ਖੇਤਰ ਦੇ ਸੁੰਦਰੀਕਰਨ ਲਈ ਉਪਰਾਲੇ ਜਾਰੀ

Sorry, this news is not available in your requested language. Please see here.

ਅਰਬਨ ਅਸਟੇਟ ਦੇ ਛੇ ਸਥਾਨ ‘ਤੇ ਲੋਕਾਂ ਵੱਲੋਂ ਸੁੱਟੇ ਜਾਂਦੇ ਮਲਬੇ ਨੂੰ ਰੋਕਣ ਲਈ ਵਿਸ਼ੇਸ਼ ਸਫ਼ਾਈ ਮੁਹਿੰਮ ਸ਼ੁਰੂ
-ਕੂੜਾ ਸੁੱਟਣ ਵਾਲੇ ਸਥਾਨਾਂ ‘ਤੇ ਤਾਰ ਲਗਾਕੇ ਸਥਾਨਾਂ ਦਾ ਕੀਤਾ ਜਾਵੇਗਾ ਸੁੰਦਰੀਕਰਨ: ਸੁਰਭੀ ਮਲਿਕ
ਪਟਿਆਲਾ, 11 ਫਰਵਰੀ:
ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.) ਵੱਲੋਂ ਅਰਬਨ ਅਸਟੇਟ ਦੇ ਖੇਤਰ ‘ਚੋਂ ਗੰਦਗੀ ਖਤਮ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਖੇਤਰ ‘ਚ ਖਾਲੀ ਪਏ ਸਥਾਨਾਂ ‘ਤੇ ਲੋਕਾਂ ਵੱਲੋਂ ਸੁੱਟੇ ਕੂੜੇ ਨੂੰ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਛੇ ਸਥਾਨਾਂ ਦੀ ਚੋਣ ਕਰਕੇ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਸੁਰਭੀ ਮਲਿਕ ਨੇ ਦੱਸਿਆ ਕਿ ਅਰਬਨ ਅਸਟੇਟ ਫੇਜ਼-1, 2 ਅਤੇ 3 ‘ਚ ਖਾਲੀ ਪਈਆਂ ਸਾਈਟਾਂ ‘ਤੇ ਲੋਕਾਂ ਵੱਲੋਂ ਮਲਬਾ, ਘਰ ਦਾ ਕੂੜਾ ਤੇ ਪਲਾਸਟਿਕ ਸੁੱਟਿਆ ਜਾ ਰਿਹਾ ਸੀ, ਜੋ ਸਿਹਤ ਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਅਰਬਨ ਅਸਟੇਟ ਦੀ ਸੁੰਦਰਤਾ ਨੂੰ ਵੀ ਖਰਾਬ ਕਰਦਾ ਸੀ, ਇਸ ‘ਤੇ ਕਾਰਵਾਈ ਕਰਦਿਆ ਪੀ.ਡੀ.ਏ. ਵੱਲੋਂ ਅਰਬਨ ਅਸਟੇਟ ਖੇਤਰ ‘ਚ ਛੇ ਅਜਿਹੇ ਸਥਾਨਾਂ ਦੀ ਪਹਿਚਾਣ ਕੀਤੀ ਗਈ ਜਿਥੇ ਮਲਬੇ ਤੇ ਕੂੜੇ ਦੇ ਢੇਰ ਲੱਗੇ ਹੋਏ ਸਨ।
ਉਨ੍ਹਾਂ ਦੱਸਿਆ ਕਿ ਪੀ.ਡੀ.ਏ ਵੱਲੋਂ ਅਜਿਹੇ ਸਥਾਨਾਂ ਦੀ ਸਫ਼ਾਈ ਦਾ ਕੰਮ ਅਰੰਭ ਕਰ ਦਿੱਤਾ ਗਿਆ ਹੈ ਅਤੇ ਹੁਣ ਤੱਕ ਦੋ ਸਥਾਨਾਂ ਦੀ ਪੂਰੀ ਤਰ੍ਹਾਂ ਸਫ਼ਾਈ ਕੀਤੀ ਜਾ ਚੁੱਕੀ ਹੈ ਅਤੇ ਰਹਿੰਦੇ ਚਾਰ ਸਥਾਨਾਂ ‘ਤੇ ਸਫ਼ਾਈ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਸਫ਼ਾਈ ਦੇ ਨਾਲ-ਨਾਲ ਪੀ.ਡੀ.ਏ. ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਉਕਤ ਸਥਾਨਾਂ ‘ਤੇ ਸਾਈਨ ਬੋਰਡ ਲਗਾਕੇ ਕੂੜਾ ਨਾ ਸੁੱਟਣ ਦੀ ਅਪੀਲ ਕਰਨ ਸਮੇਤ ਅਜਿਹੇ ਸਥਾਨਾਂ ‘ਤੇ ਤਾਰ ਨਾਲ ਫੈਨਸਿੰਗ ਕਰਕੇ ਘਾਹ ਲਗਾਕੇ ਸਥਾਨਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਅਤੇ ਕੁੱਝ ਰਿਹਾਇਸ਼ੀ ਅਤੇ ਵਪਾਰਕ ਸਥਾਨਾਂ ਨੂੰ ਵੇਚਣ ਦੇ ਕੰਮ ‘ਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ।
ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਖਾਲੀ ਸਥਾਨਾਂ ‘ਤੇ ਕੂੜਾ ਸੁੱਟਣ ਦੀ ਬਜਾਏ ਕੂੜਾ ਸੁੱਟਣ ਲਈ ਨਿਰਧਾਰਤ ਕੀਤੇ ਸਥਾਨਾਂ ‘ਤੇ ਹੀ ਕੂੜਾ ਸੁੱਟਿਆ ਜਾਵੇ, ਤਾਂ ਜੋ ਅਰਬਨ ਅਸਟੇਟ ਦੇ ਖੇਤਰ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ।
ਕੈਪਸ਼ਨ : ਅਰਬਨ ਅਸਟੇਟ ਵਿਖੇ ਕੀਤੀ ਗਈ ਸਫ਼ਾਈ ਦਾ ਦ੍ਰਿਸ਼।