ਪੋਸ਼ਣ ਅਭਿਆਨ ਤਹਿਤ ਸਿਹਤ ਵਿਭਾਗ ਵੱਲੋ ਜਾਗਰੂਕਤਾ ਸੈਮੀਨਾਰ ਆਯੋਜਿਤ

ਆਂਗਣਵਾੜੀ ਦੇ ਸਹਿਯੋਗ ਨਾਲ ਸਿਹਤ ਵਿਭਾਗ ਨੇ ਲਗਾਇਆ ਅਨੀਮੀਆ ਜਾਂਚ ਕੈਂਪ
ਫ਼ਿਰੋਜ਼ਪੁਰ, 26 ਸਤੰਬਰ 2024
ਪੋਸ਼ਣ ਅਭਿਆਨ ਦੌਰਾਨ ਸਿਹਤ ਵਿਭਾਗ ਅਤੇ ਆਂਗਣਵਾੜੀ ਵਿਭਾਗ ਦੀਆ ਟੀਮਾਂ ਵੱਲੋ ਪਿੰਡ ਆਸਲ ਦੇ ਸਰਕਾਰੀ ਸਕੂਲ ਵਿੱਚ ਸਥਿੱਤ ਆਂਗਣਵਾੜੀ ਸੈਂਟਰ ਵਿਖੇ ਗਰਭਵਤੀ ਮਹਿਲਾਵਾਂ ਤੇ ਬਚਿਆਂ ਨੂੰ ਸੰਤੁਲਿਤ ਭੋਜਨ ਸੰਬਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਅਨੀਮੀਆ ਜਾਂਚ ਲਈ ਮੈਡੀਕਲ ਜਾਂਚ ਕੈਂਪ ਵੀ ਲਗਾਇਆ ਗਿਆ।
 ਸਿਵਲ ਸਰਜਨ ਡਾ. ਰਾਜਵਿੰਦਰ ਕੌਰ  ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਏ ਜਾਗਰੂਕਤਾ ਕੈਂਪ ਵਿਚ ਡਾ. ਹਰਪ੍ਰੀਤ ਕੌਰ, ਸੰਜੀਵ ਸ਼ਰਮਾ ਜ਼ਿਲ੍ਹਾ ਮਾਸ ਮੀਡੀਆ ਅਫਸਰ, ਅੰਕੁਸ਼ ਭੰਡਾਰੀ ਤੇ ਨੇਹਾ ਭੰਡਾਰੀ ਡਿਪਟੀ ਮਾਸ ਮੀਡੀਆ ਅਫਸਰ ਨੇ ਚੰਗੀ ਖੁਰਾਕ, ਸੰਤੁਲਿਤ ਭੋਜਨ ਅਤੇ ਅਨੀਮੀਆ ਤੋ ਮੁਕਤ ਰਹਿਣ ਬਾਰੇ ਜਾਗਰੂਕ ਕੀਤਾ।
 ਇਸ ਮੌਕੇ ਜ਼ਾਣਕਾਰੀ ਸਾਂਝੀ ਕਰਦਿਆਂ ਡਾ. ਹਰਪ੍ਰੀਤ ਨੇ ਕਿਹਾ ਕਿ ਦੇਸ਼ ਦੀ ਬਾਗਡੋਰ ਸੰਭਾਲਣ ਵਾਲੀ ਨਵੀਂ ਪੀੜ੍ਹੀ ਲਗਾਤਾਰ ਕੁਪੋਸ਼ਣ ਦਾ ਸ਼ਿਕਾਰ ਹੋ ਰਹੀ ਹੈ ਅਤੇ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਸੰਤੁਲਿਤ ਖ਼ੁਰਾਕ ਦੇ ਨਾਲ ਫਲ ਅਤੇ ਘਰ ਦਾ ਬਣਿਆ ਖਾਣਾ ਦੇਣਾ ਸਮੇ ਦੀ ਮੁੱਖ ਲੋੜ ਹੈ ਤਾਂ ਹੀ ਸਿਹਤਮੰਦ ਦੇਸ਼ ਅਤੇ ਸਮਾਜ ਦੀ ਸਿਰਜਣਾ ਸੰਭਵ ਹੈ।
ਉਨ੍ਹਾਂ ਕਿਹਾ ਕਿ ਅਜੋਕੀ ਭੱਜ ਦੋੜ ਵਾਲੀ ਜਿੰਦਗੀ ਵਿਚ ਮਾਪੇ ਆਪਣੇ ਬੱਚਿਆਂ ਨੂੰ ਸਹੀ ਸਮੇਂ ਤੇ ਖੁਰਾਕ ਲੈਣ ਲਈ ਸੁਹਿਰਦ ਬਨਾਉਣ ਤਾਂ ਜੋ ਆਉਣ ਵਾਲੀ ਪੀੜ੍ਹੀ ਕੁਪੋਸ਼ਣ ਦਾ ਸ਼ਿਕਾਰ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਕਈ ਵਾਰ ਬੱਚੇ ਦਾ ਜਨਮ ਸਮੇਂ ਵਜ਼ਨ ਘੱਟ ਹੁੰਦਾ ਹੈ, ਪ੍ਰੰਤੂ ਬੱਚੇ ਦੀ ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਉਸ ਦੀ ਉਮਰ ਦੇ ਮੁਤਾਬਿਕ ਵਜ਼ਨ ਵਧਣਾ ਅਤਿ ਜ਼ਰੂਰੀ ਹੈ ਤਾਂ ਜੋ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਬਿਮਾਰੀਆਂ ਦੇ ਘੇਰੇ ਵਿਚ ਨਾ ਆ ਸਕੇ।
ਆਪਣੇਂ ਸੰਬੋਧਨ ਵਿੱਚ  ਜਿਲ੍ਹਾ ਮਾਸ ਮੀਡੀਆ ਅਫਸਰ ਸੰਜੀਵ ਸ਼ਰਮਾ ਨੇ ਕਿਹਾ ਕਿ ਸਮੇਂ ਸਿਰ ਤੇ ਸਹੀ ਮਾਤਰਾ ਵਿਚ ਸੰਤੁਲਿਤ ਭੋਜਨ, ਮੌਸਮੀ ਸਬਜ਼ੀਆਂ ਅਤੇ ਫਲਾਂ ਦਾ ਇਸਤੇਮਾਲ ਨਾ ਕਰਨ ਕਰਕੇ ਕੁਪੋਸ਼ਣ ਦਾ ਸ਼ਿਕਾਰ ਹੋਏ ਬੱਚਿਆਂ ਵਿੱਚ ਬਿਮਾਰੀਆਂ ਨਾਲ ਲੜਣ ਦੀ ਸਮੱਰਥਾ ਘੱਟ ਜਾਂਦੀ ਹੈ। ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਵਿਟਾਮਿਨ ਏ ਅਤੇ ਵਿਟਾਮਿਨ ਡੀ ਅਤਿ ਜ਼ਰੂਰੀ ਹੈ। ਜੇਕਰ ਬੱਚਾ ਸਹੀ ਖੁਰਾਕ ਲਵੇਗਾ ਤਾਂ ਉਸ ਨੂੰ ਕਦੇ ਵੀ ਦਵਾਈਆਂ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਉਹ ਪੜ੍ਹਾਈ ਅਤੇ ਰੋਜ਼ਾਨਾਂ ਦੀਆਂ ਗਤੀਵਿਧੀਆਂ ਵਿਚ ਸਮਰੱਥ ਰਹੇਗਾ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਨੇ ਦੱਸਿਆ ਕਿ ਅਕਸਰ ਹੀ ਕੁਪੋਸ਼ਣ ਦਾ ਸ਼ਿਕਾਰ ਬੱਚੇ ਆਪਣੇ ਹਮ ਜਮਾਤੀਆਂ ਨਾਲੋਂ ਪਛੜ ਜਾਂਦੇ ਹਨ, ਜਿਸ ਦਾ ਸਿੱਧਾ ਕਾਰਣ ਉਨ੍ਹਾਂ ਦੇ ਅੰਦਰਲੀ ਕਮਜ਼ੋਰੀ ਹੁੰਦਾ ਹੈ। ਬੱਚੇ ਨੂੰ ਜਨਮ ਉਪਰੰਤ ਜਿਥੇ ਮਾਂ ਦਾ ਦੁੱਧ ਅੰਮ੍ਰਿਤ ਵਾਂਗ ਸਿੱਧ ਹੁੰਦਾ ਹੈ, ਉਸੀ ਤਰ੍ਹਾਂ ਉਮਰ ਵਧਣ ਦੇ ਨਾਲ ਨਾਲ ਸਹੀ ਭੋਜਣ ਤੇ ਫਲ ਫਰੂਟ, ਦੁੱਧ ਆਦਿ ਦਾ ਇਸਤੇਮਾਲ ਕਰਨਾ ਅਤਿ ਜ਼ਰੂਰੀ ਹੈ ਤਾਂ ਜੋ ਬੱਚੇ ਕਿਸੇ ਤਰ੍ਹਾਂ ਦੀ ਬਿਮਾਰੀ ਦੇ ਸ਼ਿਕਾਰ ਨਾ ਹੋ ਸਕੇ।
ਇਸ ਮੌਕੇ  ਸੀ ਐੱਚ ਓ ਮੈਡਮ ਨੀਤਿਕਾ, ਲੈਬੋਰਟਰੀ ਟੈਕਨੀਸ਼ੀਅਨ ਮੁਕੇਸ਼, ਬਹੁਮੰਤਵੀ ਸਿਹਤ ਕਰਮਚਾਰੀ ਜਸਪਾਲ, ਮੈਡਮ ਰੇਨੂ ਏ.ਐਨ.ਐਮ, ਅਲਕਾ ਆਂਗਣਵਾੜੀ ਸੁਪਰਵਾਈਜ਼ਰ, ਵਿਜੇ ਕੁਮਾਰੀ ਆਂਗਣਵਾੜੀ ਵਰਕਰ,  ਹਰਜਿੰਦਰ ਕੌਰ ਆਂਗਨਵਾੜੀ ਵਰਕਰ, ਸਕੂਲ ਅਧਿਆਪਕ ਮੌਜੂਦ ਸਨ।