‘ਆਪ’ ਵੱਲੋਂ ਪਿੰਡ-ਪਿੰਡ ‘ਚ ਖੋਲੇ ਜਾ ਰਹੇ ਹਨ ਆਕਸੀਜਨ ਜਾਂਚ ਕੇਂਦਰ- ਪ੍ਰੋ. ਬਲਜਿੰਦਰ ਕੌਰ
ਬਠਿੰਡਾ, 7 ਸਤੰਬਰ 2020
ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ‘ਚ ਬੇਕਾਬੂ ਹੋਏ ਕੋਰੋਨਾ ਅਤੇ ਦਿਨ-ਬ-ਦਿਨ ਵੱਧ ਰਹੀ ਮੌਤਾਂ ਦੀ ਗਿਣਤੀ ਲਈ ਸਿੱਧਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ।
ਸੋਮਵਾਰ ਇੱਥੇ ਪਾਰਟੀ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੋਰ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ” ਰਾਜੇ ਦੀ ਆਰਾਮਪ੍ਰਸਤੀ, ਨਾਲਾਇਕੀ, ਨਾਕਾਮੀ ਅਤੇ ਹੰਕਾਰੀ ਸੋਚ ਕਾਰਨ ਅੱਜ ਪੰਜਾਬ ਅੰਦਰ ਕੋਰੋਨਾ ਭਿਅੰਕਰ ਰੂਪ ਧਾਰ ਗਿਆ ਹੈ।”
ਮਾਨ ਨੇ ਕਿਹਾ ਕਿ ਸਾਡੇ (ਆਪ) ਲਗਾਤਾਰ ਹਲੂਣਿਆਂ ਨਾਲ ਮਹਾਰਾਜਾ ਕੁੰਭਕਰਨੀ ਨੀਂਦ ‘ਚੋਂ ਹੁਣ ਥੋੜ੍ਹਾ ਜਾਗੇ ਹਨ। 5 ਮਹੀਨਿਆਂ ਬਾਅਦ ਹੁਣ ਸਰਕਾਰ ਨੂੰ ਇਕਾਂਤਵਾਸ ਕੀਤੇ ਮਰੀਜ਼ਾਂ ਦੇ ਪਰਿਵਾਰਾਂ ਲਈ ਰੋਟੀ ਅਤੇ ਆਪਣੇ ਭੁੱਲੇ-ਵਿੱਸਰੇ ਪਟਿਆਲਾ ਹਲਕੇ ਦਾ ਖ਼ਿਆਲ ਆ ਗਿਆ। ਅਸਲ ਗੱਲ ਇਹ ਹੈ ਕਿ ਫ਼ਿਕਰ ਲੋਕਾਂ ਦਾ ਨਹੀਂ ਆਪਣੀ ਤੇਜ਼ੀ ਨਾਲ ਖਿਸਕਦੀ ਜਾ ਰਹੀ ਸਿਆਸੀ ਜ਼ਮੀਨ ਦਾ ਹੈ।”
ਭਗਵੰਤ ਮਾਨ ਨੇ ਕੋਰੋਨਾ ਵਿਰੁੱਧ ਜੰਗ ‘ਚ ਲੋਕਾਂ ਅਤੇ ਸਰਕਾਰ ਦੀ ਮਦਦ ਲਈ ‘ਆਪ’ ਵੱਲੋਂ ਦੇਸ਼ ਭਰ ‘ਚ ਸ਼ੁਰੂ ਕੀਤੀ ਆਕਸੀਮੀਟਰ ਮੁਹਿੰਮ ਖ਼ਿਲਾਫ਼ ਮੁੱਖ ਮੰਤਰੀ ਅਤੇ ਕਾਂਗਰਸੀਆਂ ਦੇ ਕੂੜ ਪ੍ਰਚਾਰ ਨੂੰ ਸਿਰੇ ਦੀ ਬੌਖਲਾਹਟ ਦੱਸਦਿਆਂ ਕਿਹਾ ਕਿ ਇੱਕ ਪਾਸੇ ਰਾਜਾ ਸਾਹਿਬ ਕੋਰੋਨਾ ਜਾਂਚ ‘ਚ ਆਕਸੀਮੀਟਰਾਂ ਨੂੰ ਬੇਲੋੜਾ ਦੱਸ ਰਹੇ ਹਨ, ਦੂਜੇ ਪਾਸੇ ਖ਼ੁਦ (ਮੁੱਖ ਮੰਤਰੀ) 50 ਹਜ਼ਾਰ ਆਕਸੀਮੀਟਰਾਂ ਦਾ ਆਰਡਰ ਦੇ ਰਹੇ ਹਨ। ਕੀ ਮੁੱਖ ਮੰਤਰੀ ਲੋਕਾਂ ਨੂੰ ਸਪਸ਼ਟ ਕਰਨਗੇ ਕਿ ਉਹ ਕਿਸ ਹੰਕਾਰ ‘ਚ ‘ਆਪ’ ਦੀ ਮਦਦ ਲੈਣ ਲਈ ਤਿਆਰ ਨਹੀਂ? ਮਾਨ ਮੁਤਾਬਿਕ ਦਿੱਲੀ ‘ਚ ਅਰਵਿੰਦ ਕੇਜਰੀਵਾਲ ਨੇ ਕੋਰੋਨਾ ‘ਤੇ ਫ਼ਤਿਹ ਪਾਉਣ ਲਈ ਸਾਰੀਆਂ ਸਿਆਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਕੋਲੋਂ ਇਹ ਕਹਿੰਦਿਆਂ ਬਿਨਾ ਕਿਸੇ ਝਿਜਕ ਦੇ ਮਦਦ ਮੰਗੀ ਕਿ ਕੋਰੋਨਾ ਵਿਰੁੱਧ ਸਭ ਨੂੰ ਇੱਕਜੁੱਟ ਹੋ ਕੇ ਲੜਨਾ ਪਵੇਗਾ।
ਭਗਵੰਤ ਮਾਨ ਨੇ ਪੰਜਾਬ ਦੇ ਬੇਕਾਬੂ ਹਾਲਤਾਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਤਾਇਨਾਤ ਕੀਤੀਆਂ ਜਾ ਰਹੀਆਂ ਟੀਮਾਂ ਬਾਰੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਕੰਮੇ ਪ੍ਰਬੰਧਾਂ ਅਤੇ ਤਰਸਯੋਗ ਹਸਪਤਾਲਾਂ ਬਾਰੇ ਅਸੀਂ (ਆਪ) ਜੋ ਮਹੀਨਿਆਂ ਤੋਂ ਕਹਿ ਰਹੇ ਹਾਂ ਕੇਂਦਰ ਨੇ ਉਸ ‘ਤੇ ਮੋਹਰ ਲਗਾ ਦਿੱਤੀ ਹੈ। ਕੀ ਮੁੱਖ ਮੰਤਰੀ ਹੁਣ ਕੇਂਦਰੀ ਟੀਮਾਂ ਦੀ ਮਦਦ ਵੀ ਕਬੂਲ ਨਹੀਂ ਕਰਨਗੇ? ਜਦਕਿ ਕੌਮੀ ਪੱਧਰ ‘ਤੇ ਕੋਰੋਨਾ ਨਾਲ ਮੌਤ ਦੀ ਦਰ 3.36 ਫ਼ੀਸਦੀ ਤੋਂ ਘੱਟ ਕੇ 1.81 ਫ਼ੀਸਦੀ ਰਹਿ ਗਈ ਹੈ, ਜਦਕਿ ਇਸ ਦੌਰਾਨ ਪੰਜਾਬ ‘ਚ ਇਹ ਦਰ ਵਧ ਕੇ 2.64 ਫ਼ੀਸਦੀ ‘ਤੇ ਪਹੁੰਚ ਗਈ ਹੈ।
ਭਗਵੰਤ ਮਾਨ ਨੇ ਮੁੱਖ ਮੰਤਰੀ ਨੂੰ ਸੰਬੋਧਿਤ ਹੁੰਦਿਆਂ ਕਿਹਾ, ”ਰਾਜਾ ਸਾਹਿਬ! ਅਰੂਸਾ ਆਲਮ ਤੋਂ ਛੁੱਟੀ ਲੈ ਕੇ ਫਾਰਮ ਹਾਊਸ ਛੱਡੋ। ਲੋਕਾਂ ਅਤੇ ਆਪਣੇ ਸਰਕਾਰੀ ਸਿਹਤ ਪ੍ਰਬੰਧਾਂ ਦੀ ਦੁਰਦਸ਼ਾ ਅੱਖੀਂ ਵੇਖੋ।”
ਭਗਵੰਤ ਮਾਨ ਨੇ ਪਾਕਿਸਤਾਨੀ ਮਹਿਲਾ ਪੱਤਰਕਾਰ ਅਰੂਸਾ ਆਲਮ ਦੀ ਸਰਕਾਰੀ ਕੰਮਾਂ ‘ਚ ਦਖ਼ਲ ਅੰਦਾਜ਼ੀ ਦਾ ਦੋਸ਼ ਲਗਾਉਂਦੇ ਹੋਏ ਮਹਾਰਾਜਾ ਅਮਰਿੰਦਰ ਸਿੰਘ ਅਤੇ ਅਰੂਸਾ ਆਲਮ ਦੀ ਦੋਸਤੀ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਿਆ। ਮਾਨ ਨੇ ਕਿਹਾ ਕਿ ਉਹ ਸੰਸਦ ‘ਚ ਪੁੱਛਣਗੇ ਕਿ ਅਰੂਸਾ ਆਲਮ ਦਾ ਵੀਜ਼ਾ ਵਾਰ-ਵਾਰ ਕੌਣ ਵਧਾ ਰਿਹਾ ਹੈ ਅਤੇ ਇਹ ਕਿਵੇਂ ਹੋ ਰਿਹਾ ਹੈ।
ਭਗਵੰਤ ਮਾਨ ਨੇ ਮੁੱਖ ਮੰਤਰੀ ‘ਤੇ ਤੰਜ ਕਸਦਿਆਂ ਕਿਹਾ, ”ਸਾਡੇ ਹਲੂਣਿਆਂ-ਝਟਕਿਆਂ ਨਾਲ ਹੁਣ ਜਦ ਤੁਸੀਂ ਕੁੰਭਕਰਨੀ ਨੀਂਦ ‘ਚੋਂ ਜਾਗ ਹੀ ਪਏ ਹੋ ਤਾਂ ਲੱਗਦੇ ਹੱਥ ਵਜ਼ੀਫ਼ਾ ਘੁਟਾਲੇ ‘ਚ ਫਸੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ‘ਚੋਂ ਬਰਖ਼ਾਸਤ ਕਰੋ, ਜ਼ਹਿਰੀਲੀ ਸ਼ਰਾਬ ਦੇ ਸੌਦਾਗਰ ਆਪਣੇ ਕਾਂਗਰਸੀ ਵਿਧਾਇਕਾਂ-ਆਗੂਆਂ ‘ਤੇ 302 ਦੇ ਮੁਕੱਦਮੇ ਦਰਜ ਕਰੋ।”
ਇਸ ਮੌਕੇ ਪ੍ਰੋ. ਬਲਜਿੰਦਰ ਕੌਰ ਨੇ ‘ਆਪ’ ਦੀ ਆਕਸੀਮੀਟਰ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਪਿੰਡ ‘ਚੋਂ ਘੱਟੋ-ਘੱਟ ਇੱਕ ਆਕਸੀਜਨ ਜਾਂਚ ਕੇਂਦਰ ਖੋਲ੍ਹਿਆ ਜਾ ਰਿਹਾ ਹੈ। ਜਿੱਥੇ ਆਕਸੀਜਨ ਜਾਂਚਣ ਵਾਲੇ ‘ਆਕਸੀ ਮਿੱਤਰ’ (‘ਆਪ’ ਵਲੰਟੀਅਰ) ਨੂੰ ਪੂਰੀ ਤਰਾਂ ਟਰੇਂਡ ਕਰਕੇ ਬਿਠਾਇਆ ਜਾਵੇਗਾ। ਅੱਠ ਲੋਕ ਸਭਾ ਹਲਕਿਆਂ ‘ਚ ਟਰੇਨਿੰਗ ਸ਼ੁਰੂ ਹੋ ਚੁੱਕੀ ਹੈ। ਕਿੱਟਾਂ ਦੀ ਸਪਲਾਈ ਸ਼ੁਰੂ ਹੋ ਚੁੱਕੀ ਹੈ। ਹਰ ਕਿੱਟ ‘ਚ ਆਕਸੀਮੀਟਰ ਸੈਨੀਟਾਇਜਰ, ਗਲੱਬਜ਼, ਮਾਸਕ ਅਤੇ ਕੋਰੋਨਾ ਤੋਂ ਬਚਾਅ ਲਈ ਮਾਹਿਰਾਂ ਵੱਲੋਂ ਲਿਖੇ ਗਏ ਪੈਂਫ਼ਲਿਟ ਵੀ ਸ਼ਾਮਲ ਹਨ।
ਇਸ ਮੌਕੇ ਨਵਦੀਪ ਜੀਦਾ, ਨੀਲ ਗਰਗ, ਅਮਰਦੀਪ ਰਾਜਨ, ਅੰਮ੍ਰਿਤ ਲਾਲ ਅਗਰਵਾਲ, ਮਹਿੰਦਰ ਸਿੰਘ ਆਦਿ ਹਾਜਰ ਸਨ।
ਬਾਕਸ ਲਈ
ਜਾਖੜ ਨੂੰ ਦਿੱਤੀ ਚੁਨੌਤੀ- ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਆਕਸੀਮੀਟਰ ਦੀ ਕੀਮਤ 5 ਰੁਪਏ ਦੱਸੇ ਜਾਣ ‘ਤੇ ਚੁਟਕੀ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਿਸ ਕਾਂਗਰਸ ਜਮਾਤ ਨੂੰ ਆਕਸੀਮੀਟਰ ਦੀ ਕੀਮਤ ਨਹੀਂ ਪਤਾ ਉਸ ਨੂੰ ਲੋਕਾਂ ਦੀ ਜ਼ਿੰਦਗੀ ਦੀ ਕੀਮਤ ਦਾ ਕਿਵੇਂ ਅੰਦਾਜ਼ਾ ਹੋ ਸਕਦਾ ਹੈ।
ਮਾਨ ਨੇ ਜਾਖੜ ਨੂੰ ਚੁਨੌਤੀ ਦਿੱਤੀ ਕਿ ਪੰਜਾਬ ਦੇ ਲੋਕਾਂ ਲਈ 5 ਰੁਪਏ ਦੇ ਹਿਸਾਬ ਨਾਲ ਆਮ ਆਦਮੀ ਪਾਰਟੀ ਵੱਲੋਂ ਇੱਕ ਲੱਖ ਆਕਸੀਮੀਟਰ ਅੱਜ ਹੀ ਬੁੱਕ ਕਰਕੇ ਡਿਲਿਵਰੀ ਦੇ ਦੇਣ।

English






