ਕਿਹਾ, ਇਲਾਕੇ ਵਿੱਚ ਬੁਨਿਆਦੀ ਚਾਂਚੇ ਨੂੰ ਵਧਾਉਣ, ਗਲੀਆਂ/ਸੜਕਾਂ ਦੀ ਮੁਰੰਮਤ ਅਤੇ ਸੁੰਦਰਤਾ ਦੇ ਲਈ ਖਰਚ ਕੀਤੀ ਜਾਵੇਗੀ ਰਾਸ਼ੀ
ਫਿਰੋਜ਼ਪੁਰ 26 ਜੁਲਾਈ 2021
ਫਿਰੋਜ਼ਪੁਰ ਛਾਉਣੀ ਦੇ ਵਿਕਾਸ ਲਈ ਪੰਜਾਬ ਮਿਊਂਸੀਪਲ ਫੰਡ ਸਕੀਮ ਅਧੀਨ 4.5 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਹ ਰਾਸ਼ੀ ਕੰਟੋਨਮੈਂਟ ਇਲਾਕੇ ਦੇ ਵਿਕਾਸ ਲਈ ਖਰਚ ਕੀਤੀ ਜਾਵੇਗੀ। ਇਹ ਜਾਣਕਾਰੀ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨੂੰ ਫਿਰੋਜ਼ਪੁਰ ਛਾਉਣੀ ਦੇ ਇਲਾਕੇ ਦੀਆਂ ਸੜਕਾਂ, ਗਲੀਆਂ, ਨਾਲੀਆਂ ਤੇ ਸਕੂਲਾਂ ਦੇ ਵਿਕਾਸ, ਮੁਰੰਮਤ ਅਤੇ ਸੁੰਦਰੀਕਰਨ ਲਈ ਵਰਤਿਆ ਜਾਵੇਗਾ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਫਿਰੋਜ਼ਪੁਰ ਛਾਉਣੀ ਦੇ ਵਿਕਾਸ ਲਈ ਪੰਜਾਬ ਮਿਊਂਸੀਪਲ ਫੰਡ ਸਕੀਮ ਅਧੀਨ 9.70 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੇ ਵਿਕਾਸ ਲਈ ਕਿਸੇ ਵੀ ਤਰ੍ਹਾਂ ਦੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਿਸੇ ਤਰ੍ਹਾਂ ਦੀ ਘਾਟ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵਲੋਂ ਵਿਕਾਸ ਲਈ ਨਿਰੰਤਰ ਫੰਡ ਜਾਰੀ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਕਰੋੜਾਂ ਰੁਪਿਆਂ ਦੀ ਲਾਗਤ ਨਾਲ ਸ਼ਹਿਰ ਤੇ ਕੰਟੋਨਮੈਂਟ ਇਲਾਕੇ ਲਈ ਕਈ ਪ੍ਰਾਜੈਕਟ ਸ਼ੁਰੂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿੱਚ ਸੜਕਾਂ, ਪਾਰਕਾਂ, ਗਲੀਆਂ, ਖੇਡ ਬੁਨਿਆਦੀ ਢਾਂਚੇ ਤੋਂ ਇਲਾਵਾ ਇਤਿਹਾਸਕ ਗੇਟਾਂ ਦੇ ਨਿਰਮਾਣ ਆਦਿ ਵਰਗੇ ਕਾਰਜਾਂ ਨੂੰ ਵੀ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੈਸਾ ਛਾਉਣੀ ਅਤੇ ਸ਼ਹਿਰ ਦੇ ਕਈ ਇਲਾਕਿਆਂ ਦੀਆਂ ਸੜਕਾਂ ਚੌੜੀਆਂ ਕਰਨ ਦੇ ਨਾਲ-ਨਾਲ, ਪਾਰਕਾਂ ਦਾ ਨਿਰਮਾਣ, ਓਪਨ ਜ਼ਿਮ ਲਗਾਉਣ ਅਤੇ ਗਲੀਆਂ ਤੇ ਨਾਲੀਆਂ ਦੀ ਮੁਰੰਮਤ ਅਤੇ ਸੁੰਦਰੀਕਰਨ ਲਈ ਵਰਤਿਆ ਜਾਵੇਗਾ। ਫਿਰੋਜ਼ਪੁਰ ਸਹਿਰ ਅਤੇ ਛਾਉਣੀ ਦੇ ਸੁੰਦਰੀਕਰਨ ਦੇ ਲਈ ਉਚੇਚੇ ਤੌਰ ਤੇ ਖਾਕਾ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਫਿਰੋਜ਼ਪੁਰ ਵਿਚ ਹਲਕਾ ਨਿਵਾਸੀਆਂ ਦੀ ਸਹੂਲਤ ਲਈ ਹੋਰ ਵੀ ਕਈ ਪ੍ਰਾਜੈਟਕ ਲਿਆਂਦੇ ਜਾ ਰਹੇ ਹਨ, ਜਿਸ ਵਿਚੋਂ ਆਰਿਫ ਕੇ ਤੋਂ ਮੁਕਤਸਰ ਤੱਕ ਦੀ ਰੋਡ ਨੂੰ 33 ਫੁੱਟ ਚੋੜਾ ਕਰਨ ਦਾ ਇੱਕ ਪ੍ਰਾਜੈਕਟ ਵੀ ਸ਼ਾਮਲ ਹੈ। ਇਸ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਪ੍ਰਾਜੈਕਟ ਤੇ ਕਰੀਬ 208.95 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ।
ਉਨ੍ਹਾਂ ਦੱਸਿਆ ਕਿ ਇਸ ਰੋਡ ਵਿਚ ਕਰੀਬ 12 ਪੁੱਲ ਬਣਾਏ ਜਾਣਗੇ ਅਤੇ ਬਹਾਦਰ ਵਾਲਾ ਤੋਂ ਮੁਕਤਸਰ ਤੱਕ ਦਾ ਬਾਇਪਾਸ ਵੀ ਬਣੇਗਾ।ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾ ਆਰਿਫ ਕੇ ਤੇ ਮੁਕਤਸਰ ਰੋਡ 18 ਫੁੱਟ ਚੌੜੀ ਸੀ ਜਿਸ ਨਾਲ ਰਾਹੀਗਰਾਂ ਨੂੰ ਵਾਹਨ ਚਲਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ,ਇਸ ਸੜਕ ਦੇ ਘੱਟ ਚੌੜੀ ਹੋਣ ਕਾਰਨ ਕਈ ਵਾਰ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਸਨ। ਇਸ ਕਰਕੇ ਕਈ ਅਨਮੋਲ ਜਿੰਦਗੀਆਂ ਦਾ ਨੁਕਸਾਨ ਹੋ ਜਾਂਦਾ ਸੀ ਅਤੇ ਦੁਰਘਟਨਾਵਾਂ ਕਾਰਨ ਕਈ ਪਰਿਵਾਰਾਂ ਦੇ ਪਰਿਵਾਰ ਰੁਲ ਜਾਂਦੇ ਸੀ। ਇਸ ਸੜਕ ਦੇ ਚੌੜੀ ਹੋ ਜਾਣ ਤੋਂ ਬਾਅਦ ਵਾਹਨ ਚਾਲਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਹਲਕਾ ਨਿਵਾਸੀਆਂ ਦੀਆਂ ਸਮੱਸਿਆ ਅਤੇ ਮੰਗਾ ਅਨੁਸਾਰ ਹੀ ਸਾਰੇ ਵਿਕਾਸ ਪ੍ਰਾਜੈਕਟ ਤਿਆਰ ਕੀਤੇ ਜਾਂਦੇ ਹਨ, ਹਲਕੇ ਵਿਚ ਬਹੁਤ ਸਾਰੇ ਵਿਕਾਸ ਕਾਰਜ ਜਿੱਥੇ ਮੁਕੰਮਲ ਹੋ ਚੁੱਕੇ ਹਨ ਉਥੇ ਕਈ ਵੱਡੇ ਪ੍ਰਾਜੈਕਟਾ ਦਾ ਕੰਮ ਵੀ ਚੱਲ ਰਿਹਾ ਹੈ।

English






