ਮੰਡੀਆਂ ਵਿੱਚ ਚੱਲ ਰਹੀ ਝੋਨੇ ਦੀ ਖਰੀਦ ਤੋਂ ਕਿਸਾਨ ਅਤੇ ਆੜ੍ਹਤੀਏ ਬੇਹੱਦ ਖੁਸ਼

ਮੰਡੀਆਂ ਵਿੱਚ ਚੱਲ ਰਹੀ ਝੋਨੇ ਦੀ ਖਰੀਦ ਤੋਂ ਕਿਸਾਨ ਅਤੇ ਆੜ੍ਹਤੀਏ ਬੇਹੱਦ ਖੁਸ਼

—-ਖਰੀਦੇ ਗਏ ਝੋਨੇ ਦੀ ਨਾਲੋਂ-ਨਾਲ ਹੋ ਰਹੀ ਹੈ ਲਿਫਟਿੰਗ

ਗੁਰਦਾਸਪੁਰ, 21 ਅਕਤੂਬਰ-

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਲਈ ਕੀਤੇ ਪ੍ਰਬੰਧਾਂ ਤੋਂ ਕਿਸਾਨ ਅਤੇ ਆੜ੍ਹਤੀਏ ਬੇਹੱਦ ਖੁਸ਼ ਹਨ। ਇਸ ਵਾਰ ਕਿਸਾਨਾਂ ਨੂੰ ਆਪਣਾ ਝੋਨਾ ਵੇਚਣ ਲਈ ਮੰਡੀਆਂ ਵਿੱਚ ਨਹੀਂ ਬੈਠਣਾ ਪੈ ਰਿਹਾ ਬਲਕਿ ਮੰਡੀ ਵਿੱਚ ਝੋਨਾ ਆਉਣ ਦੇ ਕੁਝ ਘੰਟਿਆਂ ਵਿੱਚ ਹੀ ਖਰੀਦ ਏਜੰਸੀਆਂ ਵੱਲੋਂ ਪੂਰੇ ਭਾਅ ’ਤੇ ਖਰੀਦਿਆ ਜਾ ਰਿਹਾ ਹੈ ਅਤੇ ਫਸਲ ਦੀ ਅਦਾਇਗੀ ਵੀ ਨਾਲ ਦੀ ਨਾਲ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਆ ਰਹੀ ਹੈ। ਭਗਵੰਤ ਮਾਨ ਸਰਕਾਰ ਵੱਲੋਂ ਇਸ ਵਾਰ ਖਰੀਦੀ ਗਈ ਫਸਲ ਦੀ ਲਿਫਟਿੰਗ ਉੱਪਰ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਮੰਡੀਆਂ ਵਿਚੋਂ ਨਾਲ ਦੀ ਨਾਲ ਹੀ ਝੋਨੇ ਦੀ ਲਿਫਟਿੰਗ ਜਾਰੀ ਹੈ।

ਗਜਨੀਪੁਰ ਮੰਡੀ ਵਿੱਚ ਝੋਨਾ ਵੇਚਣ ਆਏ ਕਿਸਾਨ ਕੁਲਵੰਤ ਸਿੰਘ ਪਿੰਡ ਦਬੂੜੀ, ਜਗੀਰ ਸਿੰਘ ਪਿੰਡ ਗੁਣੀਆ, ਹਰਵੰਤ ਸਿੰਘ ਪਿੰਡ ਖੋਖਰ ਅਤੇ ਰਾਜਬੀਰ ਸਿੰਘ ਪਿੰਡ ਖੋਖਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਸ ਵਾਰ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਫਸਲ ਬਿਨ੍ਹਾਂ ਕਿਸੇ ਮੁਸ਼ਕਲ ਦੇ ਪੂਰੇ ਭਾਅ ’ਤੇ ਵਿਕੀ ਹੈ। ਇਨ੍ਹਾਂ ਕਿਸਾਨਾਂ ਦੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਆਪਣੀ ਫਸਲ ਵੇਚਣ ਲਈ ਕਈ-ਕਈ ਦਿਨ ਮੰਡੀਆਂ ਵਿੱਚ ਖੱਜਲ-ਖੁਆਰ ਹੋਣਾ ਪੈਂਦਾ ਸੀ ਪਰ ਇਸ ਵਾਰ ਉਹ ਓਸੇ ਦਿਨ ਆਪਣੀ ਫਸਲ ਵੇਚ ਕੇ ਘਰ ਜਾ ਰਹੇ ਹਨ ਅਤੇ ਦੀਵਾਲੀ ਦਾ ਤਿਉਹਾਰ ਆਪਣੇ ਪਰਿਵਾਰ ਵਿੱਚ ਮਨਾਉਣਗੇ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲ੍ਹੇ ਵਿੱਚ ਝੋਨੇ ਦੀ ਚੱਲ ਰਹੀ ਖਰੀਦ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 338818 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਅਤੇ ਇਸ ਖਰੀਦੇ ਗਏ ਝੋਨੇ ਵਿੱਚੋਂ 308928 ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਵੀ ਕਰ ਲਈ ਗਈ ਹੈ ਜੋ 91 ਫੀਸਦੀ ਬਣਦੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦ ਏਜੰਸੀ ਪਨਗਰੇਨ ਵੱਲੋਂ ਬੀਤੀ ਸ਼ਾਮ ਤੱਕ 140744 ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ ਜਿਸ ਵਿਚੋਂ 129159 ਮੀਟ੍ਰਿਕ ਟਨ ਦੀ ਲਿਫਟਿੰਗ ਕਰ ਲਈ ਗਈ ਹੈ। ਮਾਰਕਫੈਡ ਵੱਲੋਂ 78408 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਅਤੇ ਇਸ ਵਿਚੋਂ 67751 ਮੀਟ੍ਰਿਕ ਟਨ ਚੁੱਕ ਲਿਆ ਗਿਆ ਹੈ। ਪਨਸਪ ਵੱਲੋਂ 68796 ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ ਅਤੇ 61140 ਮੀਟ੍ਰਿਕ ਟਨ ਲਿਫਟਿੰਗ ਕਰ ਲਈ ਗਈ ਹੈ। ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 25979 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਅਤੇ 44031 ਮੀਟ੍ਰਿਕ ਟਨ ਝੋਨਾ ਮੰਡੀਆਂ ਵਿਚੋਂ ਚੁੱਕ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।