-ਆਪਣੇ ਫਾਲਤੂ ਅਤੇ ਘਟੀਆ ਦਾਅ ਅਪਣਾ ਕੇ ਪੰਜਾਬ ਦੇ ਲੋਕਾਂ ਨੂੰ ਭਰਮ ਵਿੱਚ ਪਾਉਣ ਤੋਂ ਬਾਜ ਆਵੇ ਆਮ ਆਦਮੀ ਪਾਰਟੀ- ਬਰਿੰਦਰ ਢਿੱਲੋਂ
– ਆਕਸੀਮੀਟਰ ਦੇ ਬਹਾਨੇ ਲੋਕਾਂ ਦੇ ਘਰਾਂ ਵਿੱਚ ਵਾਇਰਸ ਨਾ ਵੜਨ ‘ਆਪ‘ ਵਰਕਰ
ਚੰਡੀਗੜ, 5 ਸਤੰਬਰ, 2020
ਆਮ ਆਦਮੀ ਪਾਰਟੀ ਦੁਆਰਾ ਪੰਜਾਬ ਵਿੱਚ ਆਪਣੀ ਖੁੱਸੀ ਜ਼ਮੀਨ ਨੂੰ ਮੁੜ ਲੱਭਣ ਦੇ ਯਤਨ ਵਿੱਚ ਕਰੋਨਾ ਵਰਗੀ ਮਹਾਂਮਾਰੀ ਦੇ ਦੌਰਾਨ ਰਾਜਨੀਤੀ ਕਰਨ ਲਈ ਆਪ ਦੀ ਆਲੋਚਨਾ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅਜਿਹੀਆਂ ਘਟੀਆ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ। ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਪੰਜਾਬ ਦੇ ਲੋਕਾ ਦੇ ਜਜਬਾਤਾ ਨਾਲ ਖੇਡ ਕੇ ਆਪਣੀ ਰਾਜਨੀਤੀ ਚਮਕਾਉਣ ਦਾ ਯਤਨ ਕਰਦੀ ਰਹੀ ਹੈ ਪ੍ਰੰਤੂ ਨਾ ਤਾ ਪੰਜਾਬੀਆ ਨੇ ਇਹਨਾ ਨੂੰ 2017 ਵਿੱਚ ਮੂਹ ਲਾਇਆ ਹੈ ਅਤੇ ਨਾ ਹੀ ਹੁਣ ਲਾਉਣਗੇ।
ਮੀਡੀਆ ਨੂੰ ਜਾਰੀ ਬਿਆਨ ਵਿੱਚ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਭਵਿੱਖ ਲਈ ਨਾ ਤਾਂ ਕੋਈ ਨੀਤੀ ਹੈ ਅਤੇ ਨਾ ਹੀ ਇਨਾਂ ਦੀ ਨੀਅਤ ਪੰਜਾਬੀਆਂ ਲਈ ਚੰਗੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ ਅਤੇ ਉਹ ਆਪਣੇ ਫੈਸਲੇ ਆਪ ਲੈਣ ਦੇ ਕਾਬਿਲ ਹਨ ਦਿੱਲੀ ਤੋਂ ਆ ਕੇ ਲੋਕ ਉਨਾਂ ਨੂੰ ਸਲਾਹ ਨਾ ਦੇਣ। ਕਰੋਨਾ ਮਹਾਂਮਾਰੀ ਦੇ ਦੌਰਾਨ ਆਪ ਵੱਲੋਂ ਕੀਤੀ ਜਾ ਰਹੀ ਰਾਜਨੀਤੀ ਨੂੰ ਮੰਦਭਾਗੀ ਕਰਾਰ ਦਿੰਦਿਆਂ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚੋਂ ਜ਼ਮੀਨ ਪੂਰੀ ਤਰਾਂ ਖਿਸਕ ਚੁੱਕੀ ਹੈ ਅਤੇ ਉਹ ਹੁਣ ਆਨੇ ਬਹਾਨੇ ਇਸ ਨੂੰ ਮੁੜ ਤਲਾਸ਼ਣ ਦਾ ਯਤਨ ਕਰ ਰਹੇ ਹਨ। ਉਨਾਂ ਕਿਹਾ ਕਿ ਵੈਸੇ ਤਾਂ ਪੰਜਾਬ ਦੇ ਲੋਕ ਕੇਜਰੀਵਾਲ ਦੀ ਪਾਰਟੀ ਨੂੰ ਮੂੰਹ ਲਾਉਣ ਤੋਂ ਗੁਰੇਜ਼ ਕਰਦੇ ਹਨ ਇਸ ਲਈ ਆਕਸੀ ਮੀਟਰਾਂ ਦਾ ਨਵਾਂ ਸ਼ੋਸ਼ਾ ਛੱਡ ਕੇ ਲੋਕਾਂ ਦੇ ਘਰਾਂ ਵਿੱਚ ਵੜਨ ਦਾ ਯਤਨ ਕਰ ਰਹੇ ਹਨ। ਉਨਾਂ ਕਿਹਾ ਕਿ ਡਾਕਟਰਾਂ ਅਤੇ ਸਿਹਤ ਮਾਹਰਾਂ ਦੀ ਸਲਾਹ ਅਨੁਸਾਰ ਇਸ ਸਮੇਂ ਲੋਕਾਂ ਨੂੰ ਇੱਕ ਦੂਸਰੇ ਨਾਲ ਮੇਲ ਮਿਲਾਪ ਘੱਟ ਕਰਨਾ ਚਾਹੀਦਾ ਹੈ ਪ੍ਰੰਤੂ ਆਪ ਵਰਕਰ ਬਿਮਾਰੀ ਨੂੰ ਇੱਕ ਘਰ ਤੋਂ ਦੂਸਰੇ ਘਰ ਤੱਕ ਲਿਜਾਣ ਦਾ ਕਾਰਜ ਕਰ ਰਹੇ ਹਨ
ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਆਪਣੀ ਹੋਸੀ ਬਿਆਨਬਾਜੀ ਤੋਂ ਗੁਰੇਜ ਕਰਨ ਦੀ ਸਲਾਹ ਦਿੰਦਿਆਂ ਢਿੱਲੋਂ ਨੇ ਕਿਹਾ ਕਿ ਰਾਜਨੀਤੀ ਮੁੱਦਿਆਂ ਤੇ ਆਧਾਰਿਤ ਹੋਣੀ ਚਾਹੀਦੀ ਹੈ ਨਾ ਕਿ ਘਟੀਆ ਦਰਜੇ ਦੇ ਬਿਆਨ ਦੇ ਕੇ। ਉਨਾਂ ਕਿਹਾ ਕਿ ਆਪ ਵਰਕਰ ਪੰਜਾਬ ਦੇ ਲੋਕਾਂ ਅਤੇ ਖਾਸ ਤੌਰ ਤੇ ਧੀਆਂ ਭੈਣਾਂ ਦੀ ਇੱਜਤ ਕਰਨਾ ਸਿੱਖਣ ਅਤੇ ਸੋਸ਼ਲ ਮੀਡੀਆ ਤੇ ਕੁਝ ਵੀ ਲਿਖਣ ਤੋਂ ਪਹਿਲਾਂ ਆਪਣੇ ਪਰਿਵਾਰ ਬਾਰੇ ਸੋਚਣ। ਉਨਾਂ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਵਾਪਸ ਲੀਹਾਂ ਤੇ ਲਿਆਉਣ ਲਈ ਸਾਰੇ ਪੰਜਾਬੀਆਂ ਨੂੰ ਯਤਨ ਕਰਨੇ ਚਾਹੀਦੇ ਹਨ ਨਾ ਕਿ ਇਕ ਦੂਜੇ ਬਾਰੇ ਘਟੀਆ ਬਿਆਨਬਾਜ਼ੀ ਕਰਨੀ ਚਾਹੀਦੀ ਹੈ।
ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਅਕਾਲੀ ਦਲ ਵੱਲੋਂ ਪਿਛਲੇ ਦਸ ਸਾਲਾਂ ਵਿੱਚ ਲੁੱਟੇ ਪੰਜਾਬ ਦੀ ਕਾਇਆ ਕਲਪ ਲਈ ਵੱਡੇ ਯਤਨ ਕਰ ਰਹੀ ਹੈ ਅਤੇ ਇਸ ਦਾ ਨਮੂਨਾ ਪੰਜਾਬ ਦੇ ਲੋਕ ਜਲਦ ਹੀ ਵੇਖਣਗੇ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਸਾਰੇ ਵਾਅਦਿਆਂ ਉੱਤੇ ਖਰਾ ਉਤਰੇਗੀ। ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਹਰ ਹੀਲਾ ਕੀਤਾ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਨੌਜਵਾਨਾਂ ਨੂੰ ਹੋਰ ਨੌਕਰੀਆ ਦੇਣ ਲਈ ਖਰੜਾ ਤਿਆਰ ਹੋ ਚੁੱਕਾ ਹੈ ਅਤੇ ਜਲਦ ਹੀ ਪੰਜਾਬ ਸਰਕਾਰ ਇਸ ਦਾ ਐਲਾਨ ਕਰੇਗੀ।

English






