ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਪਟਿਆਲਾ ਸ਼ਹਿਰ ਦੀਆਂ ਟਰੈਫ਼ਿਕ ਲਾਈਟਾਂ ‘ਤੇ ਲੱਗੇ ਐਲ.ਈ.ਡੀ ਅਧਾਰਤ ਅੱਠ ਡਿਜੀਟਲ ਬੋਰਡ ਕੀਤੇ ਪਟਿਆਲਾ ਵਾਸੀਆਂ ਨੂੰ ਸਮਰਪਿਤ -ਸਰਕਾਰ ਸਕੀਮਾਂ ਅਤੇ ਜ਼ਰੂਰੀ ਸੂਚਨਾਵਾਂ ਆਮ ਲੋਕਾਂ ਤੱਕ ਪਹੁੰਚਾਉਣ ‘ਚ ਸਹਾਈ ਹੋਣਗੇ ਡਿਜੀਟਲ ਬੋਰਡ : ਪਰਨੀਤ ਕੌਰ

Sorry, this news is not available in your requested language. Please see here.

ਪਟਿਆਲਾ, 29 ਨਵੰਬਰ:ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੱਲੋਂ ਅੱਜ ਪਟਿਆਲਾ ਸ਼ਹਿਰ ਦੀਆਂ ਪ੍ਰਮੁੱਖ ਟਰੈਫ਼ਿਕ ਲਾਈਟਾਂ ‘ਤੇ ਲਗਾਏ ਗਏ ਐਲ.ਈ.ਡੀ. ਅਧਾਰਤ ਡਿਜੀਟਲ ਬੋਰਡ ਪਟਿਆਲਾ ਵਾਸੀਆਂ ਨੂੰ ਸਮਰਪਿਤ ਕੀਤੇ ਗਏ। ਪਟਿਆਲਾ ਪੁਲਿਸ ਵੱਲੋਂ ਲੀਲ੍ਹਾ ਭਵਨ ਚੌਂਕ ਵਿਖੇ ਕਰਵਾਏ ਸਮਾਗਮ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਹ ਡਿਜੀਟਲ ਬੋਰਡ ਜਿਥੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਦੇਣਗੇ ਉਥੇ ਹੀ ਟਰੈਫ਼ਿਕ ਨਿਯਮਾਂ ਅਤੇ ਕੋਵਿਡ ਤੋਂ ਬਚਾਅ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਲੋਕਾਂ ਨੂੰ ਸੁਚੇਤ ਕਰਨਗੇ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਅਤੇ ਪਟਿਆਲਾ ਪੁਲਿਸ ਵੱਲੋਂ ਲਗਾਏ ਗਏ ਇਹ ਡਿਜੀਟਲ ਬੋਰਡ ਪਟਿਆਲਾ ਵਾਸੀਆਂ ਤੱਕ ਸੂਚਨਾਵਾਂ ਪਹੁੰਚਾਉਣ ਲਈ ਕਾਫ਼ੀ ਉਪਯੋਗੀ ਸਿੱਧ ਹੋਣਗੇ ਅਤੇ ਇਸ ਨਾਲ ਜਿਥੇ ਪਟਿਆਲਾ ਸ਼ਹਿਰ ਦੀ ਸੁੰਦਰ ਦਿੱਖ ਹੋਰ ਚੰਗੀ ਤਰ੍ਹਾਂ ਉਭਰੇਗੀ ਉਥੇ ਹੀ ਟਰੈਫ਼ਿਕ ਨਿਯਮਾਂ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਅਤੇ ਕੋਵਿਡ ਵਰਗੀ ਮਹਾਂਮਾਰੀ ਤੋਂ ਲੋਕਾਂ ਨੂੰ ਸਾਵਧਾਨੀਆਂ ਰੱਖਣ ਲਈ ਪ੍ਰੇਰਿਤ ਕਰਨ ‘ਚ ਇਹ ਸਹਾਈ ਸਿੱਧ ਹੋਣਗੇ।
ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਇਸ ਮੌਕੇ ਦੱਸਿਆ ਕਿ ਪਟਿਆਲਾ ਸ਼ਹਿਰ ‘ਚ ਸੀ.ਸੀ. ਟੀਵੀ ਕੈਮਰਿਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ, ਪੰਜਾਬ ਸਰਕਾਰ ਵਲੋਂ ਨਗਰ ਨਿਗਮ ਨੂੰ 4 ਕਰੋੜ ਰੁਪਏ ਦੇ ਫੰਡ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਸੀ.ਸੀ ਟੀਵੀ ਕੈਮਰੇ ਟਰੈਫ਼ਿਕ ਲਾਈਟਾਂ ਤੇ ਲਗਾਏ ਜਾਣਗੇ।
ਇਸ ਮੌਕੇ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ਇਹ ਡਿਜੀਟਲ ਬੋਰਡ ਪਟਿਆਲਾ ਦੇ ਪ੍ਰਮੁੱਖ ਚੌਂਕਾਂ ‘ਤੇ ਲਗਾਏ ਗਏ ਹਨ, ਜਿਸ ਵਿੱਚ ਲੀਲ੍ਹਾ ਭਵਨ ਅਤੇ ਫੁਹਾਰਾਂ ਚੌਂਕ ਵਿਖੇ ਰੰਗਦਾਰ ਡਿਜੀਟਲ ਬੋਰਡ ਲਗਾਏ ਗਏ ਹਨ ਅਤੇ ਸ਼ੇਰਾ ਵਾਲਾ ਗੇਟ, ਬੱਸ ਸਟੈਂਡ, ਅਰਬਨ ਅਸਟੇਟ, ਸਰਹਿੰਦ ਰੋਡ ਬਾਈਪਾਸ, ਖੰਡਾ ਚੌਂਕ ਅਤੇ ਥਾਪਰ ਕਾਲਜ ਕੋਲ ਲਗਾਏ ਗਏ ਬੋਰਡ ਲਾਲ ਅੱਖਰਾਂ ‘ਚ ਹਨ ਜੋ ਦੂਰ ਤੋਂ ਆਸਾਨੀ ਨਾਲ ਪੜੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਟਰੈਫ਼ਿਕ ਲਾਈਟਾਂ ‘ਤੇ ਖੜੇ ਲੋਕਾਂ ਨੂੰ ਇਨ੍ਹਾਂ ਬੋਰਡਾਂ ਰਾਹੀਂ ਟਰੈਫ਼ਿਕ ਨਿਯਮਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਾਲੇ ਇਹ ਬੋਰਡ ਪਟਿਆਲਾ ਸ਼ਹਿਰ ਵਿੱਚ ਲਗਾਏ ਗਏ ਹਨ ਅਤੇ ਜਲਦੀ ਹੀ ਇਹ ਪਟਿਆਲਾ ਜ਼ਿਲ੍ਹੇ ਦੇ ਹੋਰਨਾਂ ਖੇਤਰਾਂ ਅਤੇ ਖਾਸਕਰ ਬਾਰਡਰ ਨਾਲ ਲੱਗਦੇ ਖੇਤਰਾਂ ‘ਚ ਇਹ ਡਿਜੀਟਲ ਬੋਰਡ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਏ ਜਾਣਗੇ।
ਸਮਾਗਮ ਦੌਰਾਨ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਲੋਕ ਸਭਾ ਮੈਂਬਰ ਦੇ ਨਿੱਜੀ ਸਕੱਤਰ ਬਲਵਿੰਦਰ ਸਿੰਘ, ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰ ਦੇ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮ ਦੀਪ ਕੌਰ, ਐਸ.ਪੀ. ਸਿਟੀ ਵਰੁਣ ਸ਼ਰਮਾ, ਐਸ.ਪੀ. ਸਥਾਨਕ ਨਵਨੀਤ ਸਿੰਘ ਬੈਂਸ ਅਤੇ ਐਸ.ਪੀ. ਟਰੈਫ਼ਿਕ ਪਲਵਿੰਦਰ ਸਿੰਘ ਚੀਮਾ ਵੀ ਮੌਜੂਦ ਸਨ।
ਕੈਪਸ਼ਨ : ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਡਿਜੀਟਲ ਬੋਰਡ ਪਟਿਆਲਾ ਵਾਸੀਆਂ ਨੂੰ ਸਮਰਪਿਤ ਕਰਦੇ ਹੋਏ, ਉਨ੍ਹਾਂ ਦੇ ਨਾਲ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਬਲਵਿੰਦਰ ਸਿੰਘ, ਵਿਕਰਮ ਜੀਤ ਦੁੱਗਲ, ਕੇ. ਕੇ. ਮਲਹੋਤਰਾ ਅਤੇ ਪਨੂਮ ਦੀਪ ਕੌਰ ਵੀ ਨਜ਼ਰ ਆ ਰਹੇ ਹਨ।