ਜਿਲ੍ਹੇ ਦੇ 13 ਪ੍ਰਾਇਮਰੀ ਸਕੂਲਾਂ ਵਿੱਚ ਪ੍ਰਤੀ ਸਕੂਲ 8700 ਰੁਪਏ ਦੇ ਹਿਸਾਬ ਨਾਲ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਾਸ਼ੀ
ਤਰਨਤਾਰਨ, 15 ਦਸੰਬਰ :
ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸੁਯੋਗ ਅਗਵਾਈ ਅਧੀਨ ਵਿਦਿਆਰਥੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਮੱਗਰ ਸਿੱਖਿਆ ਅਭਿਆਨ ਅਧੀਨ ਰਾਜ ਦੇ 330 ਪ੍ਰਾਇਮਰੀ ਸਕੂਲਾਂ ਵਿੱਚ ਭਾਸ਼ਾ ਨੂੰ ਸੁਣਨ ਦੇ ਕੌਸ਼ਲ ਨੂੰ ਨਿਪੁੰਨਤਾ ਪ੍ਰਦਾਨ ਕਰਨ ਦੇ ਮੰਤਵ ਨਾਲ ਭਾਸ਼ਾ ਸੁਣਨ ਲੈਬੋਰਟਰੀਆਂ (ਲੈਗੁਏਜ਼ ਲਿਸਨਿੰਗ ਲੈਬਾਰਟਰੀਜ਼) ਸਥਾਪਤ ਕਰਨ ਲਈ 28 ਲੱਖ 71 ਹਜ਼ਾਰ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਸੁਸ਼ੀਲ ਕੁਮਾਰ ਤੁਲੀ, ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਤਰਨਤਾਰਨ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਜਾਰੀ ਪੱਤਰ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਭਾਸ਼ਾ ਦੇ ਉਚਾਰਨ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਦੇ ਸੁਣਨ ਦੇ ਕੌਸ਼ਲ ਨੂੰ ਨਿਪੁੰਨਤਾ ਪ੍ਰਦਾਨ ਕਰਨ ਲਈ ਲੋੜੀਂਦੇ ਉਪਕਰਣ ਜਿਵੇਂ ਐਂਪਲੀਫਾਇਰ, ਪੈੱਨ ਡਰਾਈਵ ਸੌਕਟ, ਬਲਿਊਟੁੱਥ ਅਤੇ ਔਕਸ ਕੇਬਲ ਖਰੀਦਣ ਦੇ ਮੰਤਵ ਨਾਲ ਜਿਲ੍ਹੇ ਦੇ 13 ਪ੍ਰਾਇਮਰੀ ਸਕੂਲਾਂ ਵਿੱਚ ਪ੍ਰਤੀ ਸਕੂਲ 8700 ਰੁਪਏ ਦੇ ਹਿਸਾਬ ਨਾਲ ਰਾਸ਼ੀ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਪੈੱਨ ਡਰਾਈਵ (32 ਜੀ ਬੀ ਦੀ ਸਟੋਰੇਜ਼ ਸਮੱਰਥਾ ਵਾਲੀ), ਹੈੱਡ ਫੋਨਜ਼ (ਘੱਟੋ-ਘੱਟ 20) ਖਰੀਦਣ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਈਅਰ ਫ਼ੋਨ ਦੀ ਵਰਤੋਂ ਨਾ ਕਰਨ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਲ੍ਹੇ ਦੇ 13 ਸਕੂਲਾਂ ਨੂੰ ਉਕਤ ਗ੍ਰਾਂਟ ਜਾਰੀ ਕੀਤੀ ਗਈ ਹੈ।
ਉਪ-ਜਿਲ੍ਹਾ ਸਿੱਖਿਆ ਅਫਸਰ ਤਰਨਤਾਰਨ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਐਂਪਲੀਫਾਇਰ ਦੀ ਆਉਟਪੁੱਟ ਤਾਰ ਨਾਲ ਘੱਟੋ-ਘੱਟ 20 ਹੈੱਡਫੋਨ ਲਗਾਏ ਜਾਣ ਅਤੇ ਹਰ ਇੱਕ ਹੈੱਡਫੋਨ ਵਿਚਕਾਰ ਘੱਟੋ-ਘੱਟ 2 ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ। ਸੁਣਨ ਸਮੱਗਰੀ ਨੂੰ ਪੈੱਨ ਡਰਾਈਵ ਵਿੱਚ ਸਟੋਰ ਕਰਕੇ ਚਲਾਇਆ ਜਾ ਸਕਦਾ ਹੈ। ਇਸ ਨੂੰ ਮੋਬਾਇਲ ਫੋਨ ਤੋਂ ਬਲੂਟੁੱਥ ਜਾਂ ਔਕਸ ਕੇਬਲ ਨਾਲ ਜੋੜ ਕੇ ਵੀ ਚਲਾਇਆ ਜਾ ਸਕਦਾ ਹੈ। ਅਧਿਆਪਕ ਵਿਦਿਆਰਥੀਆਂ ਦੇ ਉਚਾਰਣ ਨੂੰ ਸ਼ੁੱਧ ਕਰਨ ਲਈ ਆਪਣੀ ਅਵਾਜ਼ ਨੂੰ ਵੀ ਰਿਕਾਰਡ ਕਰਕੇ ਪਲੇਅ ਕਰ ਸਕਦੇ ਹਨ ਅਤੇ ਬਾਕੀ ਅਧਿਆਪਕਾਂ ਨਾਲ ਸਾਂਝਾ ਕਰ ਸਕਦੇ ਹਨ। ਅਧਿਆਪਕ ਸੁਣਨਯੋਗ ਸਮੱਗਰੀ ਨੂੰ ਪਲੇਅ ਕਰੇਗਾ ਅਤੇ ਵਿਦਿਆਰਥੀ ਹੈੱਡ ਫੋਨ ਲਗਾ ਕੇ ਕਈ ਵਾਰ ਸੁਣਨਗੇ ਅਤੇ ਸੁਣੇ ਹੋਈ ਸਮੱਗਰੀ ਨੂੰ ਕਾਪੀ ਵਿੱਚ ਨੋਟ ਕਰਨਗੇ ਅਤੇ ਅਧਿਆਪਕ ਨੂੰ ਸੁਣਾਉਣਗੇ। ਅਧਿਆਪਕ ਲੋੜ ਮੁਤਾਬਕ ਵਿਦਿਆਰਥੀਆਂ ਦੇ ਉਚਾਰਣ ਵਿੱਚ ਸੁਧਾਰ ਕਰਦੇ ਰਹਿਣਗੇ।
ਡੀ. ਈ. ਓ. ਐਲੀਮੈਂਟਰੀ ਤਰਨਤਾਰਨ ਨੇ ਦੱਸਿਆ ਕਿ ਇਸ ਸੰਬੰਧੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ, ਬਲਾਕ ਮਾਸਟਰ ਟ੍ਰੇਨਰ ਅਤੇ ਕਲੱਸਟਰ ਮਾਸਟਰ ਟ੍ਰੇਨਰ ਵੱਲੋਂ ਸਮੇਂ-ਸਮੇਂ ਤੇ ਲੈਂਗੁਏਜ ਲਿਸਨਿੰਗ ਲੈਬਜ਼ ਦੀ ਕਾਰਜਕੁਸ਼ਲਤਾ, ਸੁਧਾਰਾਂ ਅਤੇ ਵਿਦਿਆਰਥੀਆਂ ਦੇ ਸਿੱਖਣ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਸੰਬੰਧਿਤ ਸਕੂਲ ਦੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਜਾਵੇਗੀ।

हिंदी





