ਵੈਕਸੀਨ ਦੇ ਆਉਣ ਤੱਕ ਸਾਵਧਾਨੀਆਂ ਨਾਲ ਹੀ ਕੋਵਿਡ ਤੋਂ ਹੋ ਸਕਦੈ ਬਚਾਅ-ਡਾ. ਸ਼ੇਨਾ ਅਗਰਵਾਲ

Sorry, this news is not available in your requested language. Please see here.

ਵੈਕਸੀਨ ਦੀ ਪਹੁੰਚ ਹਰੇਕ ਵਿਅਕਤੀ ਤੱਕ ਯਕੀਨੀ ਬਣਾਉਣ ਲਈ ਜ਼ਿਲੇ ਵਿਚ ਕੀਤੇ ਗਏ ਅਗਾਊਂ ਪ੍ਰਬੰਧ
*ਪਹਿਲੇ ਪੜਾਅ ਵਿਚ ਹੈਲਥ ਵਰਕਰਾਂ, ਫਰੰਟ ਲਾਈਨ ਵਰਕਰਾਂ, 50 ਸਾਲ ਤੋਂ ਵੱਧ ਅਤੇ ਕੋ-ਮਾਰਵਿਡ ਵਿਅਕਤੀਆਂ ਨੂੰ ਲੱਗੇਗੀ ਵੈਕਸੀਨ
*ਕੋਵਿਡ-19 ਵੈਕਸੀਨ ਸਬੰਧੀ ਜ਼ਿਲਾ ਟਾਸਕ ਫੋਰਸ ਦੀ ਮੀਟਿੰਗ
ਨਵਾਂਸ਼ਹਿਰ, 10 ਦਸੰਬਰ :
ਅਗਲੇ ਵਰੇ ਦੇ ਸ਼ੁਰੂ ਵਿਚ ਕੋਵਿਡ-19 ਦੀ ਵੈਕਸੀਨ ਦੀ ਉਪਲਬੱਧਤਾ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਜ਼ਿਲਾ ਟਾਸਕ ਫੋਰਸ ਦੀ ਮੀਟਿੰਗ ਹੋਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ ਵੈਕਸੀਨ ਉਪਲਬੱਧ ਹੋਣ ’ਤੇ ਇਸ ਦੀ ਪਹੁੰਚ ਹਰੇਕ ਵਿਅਕਤੀ ਤੱਕ ਯਕੀਨੀ ਬਣਾਉਣ ਲਈ ਜ਼ਿਲੇ ਵਿਚ ਜ਼ਮੀਨੀ ਪੱਧਰ ’ਤੇ ਅਗਾਊਂ ਪ੍ਰਬੰਧ ਕੀਤੇ ਗਏ ਹਨ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਵੈਕਸੀਨ ਉਪਲਬੱਧ ਨਹੀਂ ਹੁੰਦੀ, ਉਦੋਂ ਤੱਕ ਕੇਵਲ ਸਾਵਧਾਨੀਆਂ ਵਰਤਣ ਨਾਲ ਹੀ ਇਸ ਮਹਾਂਮਾਰੀ ਤੋਂ ਬਚਾਅ ਹੋ ਸਕਦਾ ਹੈ। ਇਸ ਲਈ ਮਾਸਕ ਪਹਿਨਣਾ, ਦੂਰੀ ਬਣਾਏ ਰੱਖਣਾ ਅਤੇ ਵਾਰ-ਵਾਰ ਸਾਬਣ ਨਾਲ ਹੱਥ ਧੋਣੇ ਬੇਹੱਦ ਜ਼ਰੂਰੀ ਹਨ।
ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਕੋਵਿਡ-19 ਦੀ ਵੈਕਸੀਨ ਅਗਲੇ ਸਾਲ ਦੇ ਸ਼ੁਰੂ ਵਿਚ ਲੋਕਾਂ ਨੂੰ ਲਗਾਉਣ ਲਈ ਉਪਲਬੱਧ ਹੋਣ ਦੀ ਉਮੀਦ ਹੈ। ਉਨਾਂ ਦੱਸਿਆ ਕਿ ਭਾਰਤ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਕਿ ਵੈਕਸੀਨ ਉਪਲਬੱਧ ਹੋਣ ’ਤੇ ਪਹਿਲੇ ਪੜਾਅ ਵਿਚ ਹੈਲਥ ਕੇਅਰ ਵਰਕਰਾਂ, ਫਰੰਟ ਲਾਈਨ ਵਰਕਰਾਂ, 50 ਸਾਲ ਤੋਂ ਉੱਪਰ ਉਮਰ ਦੇ ਵਿਅਕਤੀਆਂ ਅਤੇ 50 ਸਾਲ ਤੋਂ ਘੱਟ ਉਮਰ ਦੇ ਕੋ-ਮਾਰਵਿਡ (ਸ਼ੂਗਰ, ਬਲੱਡ ਪ੍ਰ੍ਰੈਸ਼ਰ, ਸਾਹ ਦੀ ਬਿਮਾਰੀ ਆਦਿ ਤੋਂ ਪੀੜਤ) ਵਿਅਕਤੀਆਂ ਨੂੰ ਇਹ ਵੈਕਸੀਨ ਲਗਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੈਲਥ ਕੇਅਰ ਵਰਕਰਾਂ ਦਾ ਡਾਟਾ ਬੇਸ ਤਿਆਰ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿਚ 24 ਸਰਕਾਰੀ ਅਤੇ 136 ਪ੍ਰਾਈਵੇਟ ਸਿਹਤ ਅਦਾਰਿਆਂ ਦੇ ਕੁੱਲ 4693 ਹੈਲਥ ਕੇਅਰ ਵਰਕਰਾਂ ਨੂੰ ਪਹਿਲ ਦੇ ਆਧਾਰ ’ਤੇ ਕੋਵਿਡ-19 ਵੈਕਸੀਨ ਦਿੱਤੀ ਜਾਵੇਗੀ।
  ਉਨਾਂ ਦੱਸਿਆ ਕਿ ਵੈਕਸੀਨ ਦੇ ਰੱਖ-ਰਖਾਅ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਜ਼ਿਲੇ ਵਿਚ 28 ਕੋਲਡ ਚੇਨ ਪੁਆਇੰਟ ਪਹਿਲਾਂ ਤੋਂ ਹੀ ਬਣੇ ਹੋਏ ਹਨ, ਜਿਥੇ ਵੈਕਸੀਨ ਨੂੰ ਠੀਕ ਢੰਗ ਨਾਲ ਸਟੋਰ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਜ਼ਿਲੇ ਵਿਚ 171 ਵੈਕਸੀਨੇਟਰ ਦੀ ਲਿਸਟ ਤਿਆਰ ਕੀਤੀ ਗਈ ਹੈ ਅਤੇ ਲੋੜ ਪੈਣ ’ਤੇ ਹੋਰ ਵੀ ਵੈਕਸੀਨੇਟਰ ਲਗਾਏ ਜਾਣਗੇ। ਉਨਾਂ ਦੱਸਿਆ ਕਿ ਵੈਕਸੀਨ ਲਗਾਉਣ ਦਾ ਕੰਮ ਫਿਕਸਡ ਸੈਸ਼ਨ ਸਾਈਟਾਂ ਜਿਵੇਂ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਅਦਾਰਿਆਂ ਅਤੇ ਆਊਟ ਰੀਚ ਸੈਸ਼ਨ ਸਾਈਟਾਂ ਜਿਵੇਂ ਸਕੂਲਾਂ, ਕਮਿਊਨਿਟੀ ਹਾਲਾਂ ਆਦਿ ਵਿਚ ਕੀਤਾ ਜਾਵੇਗਾ।
  ਇਸ ਮੌਕੇ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ, ਡੀ. ਐਸ. ਪੀ ਦੀਪਿਕਾ ਸਿੰਘ, ਜ਼ਿਲਾ ਟੀਕਾਕਰਨ ਅਫ਼ਸਰ ਡਾ. ਦਵਿੰਦਰ ਢਾਂਡਾ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਵਿੰਦਰ ਸਿੰਘ, ਜ਼ਿਲਾ ਐਪੀਡੀਮੋਲੋਜਿਸਟ ਡਾ. ਜਗਦੀਪ, ਆਈ. ਐਮ. ਏ ਦੇ ਪ੍ਰਧਾਨ ਡਾ. ਰੰਜੀਵ ਕੁਮਾਰ, ਜ਼ਿਲਾ ਮਾਸ ਮੀਡੀਆ ਅਫ਼ਸਰ ਜਗਤ ਰਾਮ, ਡਾ. ਜੇ. ਡੀ ਵਰਮਾ, ਰਾਮ ਸਿੰਘ ਤੇ ਹੋਰ ਹਾਜ਼ਰ ਸਨ।