ਰੂਪਨਗਰ, 4 ਦਸੰਬਰ:
ਭਾਰਤ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਆਦੇਸ਼ਾਂ ਅਨੁਸਾਰ ਪ੍ਰੋਗਰਾਮ ਕੋਆਰਡੀਨੇਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਰਕਾਰੀ ਕਾਲਜ ਰੋਪੜ ਵਿਖੇ ਕੌਮੀ ਸੇਵਾ ਯੋਜਨਾ, ਰੈੱਡ ਰਿਬਨ ਅਤੇ ਯੁਵਕ ਸੇਵਾਵਾਂ ਕਲੱਬ ਦੇ ਸਹਿਯੋਗ ਨਾਲ ਵਿਸ਼ਵ ਏਡਜ ਦਿਵਸ ਅਧੀਨ ਜਾਗਰੁਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਤਹਿਤ ਏਡਜ ਦੀ ਲਾਇਲਾਜ ਬਿਮਾਰੀ ਸਬੰਧੀ ਵਲੰਟੀਅਰਾਂ ਨੇ ਪੋਸਟਰ ਮੇਕਿੰਗ ਅਤੇ ਸਲੋਗਨ ਲੇਖਨ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਹਿਊਮਨ ਚੇਨ ਬਣਾ ਕੇ ਇਸ ਸਬੰਧੀ ਜਾਣਕਾਰੀ ਦਾ ਪ੍ਰਸਾਰ ਕਰਨ ਅਤੇ ਏਡਜ ਦੇ ਮਰੀਜਾ ਨਾਲ ਵਿਤਕਰੇ ਨੂੰ ਰੋਕਣ ਦਾ ਸੰਦੇਸ਼ ਦਿੱਤਾ।
ਯੁਵਕ ਸੇਵਾਵਾਂ ਰੂਪਨਗਰ ਦੇ ਅਸਿਸਟੈਂਟ ਡਾਇਰੈਕਟਰ ਡਾ. ਮਲਕੀਤ ਸਿੰਘ ਮਾਨ ਨੇ ਇਸ ਵਰ੍ਹੇ ਦੇ ਥੀਮ ਸਬੰਧੀ ਜਾਣਕਾਰੀ ਦਿੱਤੀ ਅਤੇ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ।
ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ ਨੇ ਐੱਨ.ਐੱਸ. ਵਲੰਟੀਅਰਾਂ ਨੂੰ ਇਸ ਸਬੰਧੀ ਆਮ ਲੋਕਾਂ ਵਿੱਚ ਜਾਗਰੁਕਤਾ ਪੈਦਾ ਕਰਨ ਦੀ ਅਪੀਲ ਕੀਤੀ। ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਪੋਸਟਰ ਮੇਕਿੰਗ ਅਤੇ ਸਲੋਗਨ ਲੇਖਨ ਮੁਕਾਬਲੇ ਵਿੱਚ ਵਲੰਟੀਅਰਾਂ ਨੇ ਸਮਾਜ ਵਿੱਚ ਜਾਗਰੁਕਤਾ ਪੈਦਾ ਕਰਨ ਲਈ ਖੁਬਸੂਰਤ ਢੰਗ ਨਾਲ ਪੇਸ਼ਕਾਰੀ ਕੀਤੀ।
ਰੈੱਡ ਰਿਬਨ ਅਤੇ ਯੁਵਕ ਸੇਵਾਵਾਂ ਕਲੱਬ ਦੇ ਕਨਵੀਨਰ ਡਾ. ਅਨੂ ਸ਼ਰਮਾ ਨੇ ਕਿਹਾ ਕਿ ਬੇਸ਼ਕ ਇਸ ਬਿਮਾਰੀ ਨੂੰ ਰੋਕਿਆ ਨਹੀਂ ਜਾ ਸਕਦਾ ਪ੍ਰੰਤੂ ਸਹੀ ਜਾਣਕਾਰੀ ਅਤੇ ਮੈਡੀਕਲ ਸਹਾਇਤਾ ਨਾਲ ਲੰਮਾ ਜੀਵਨ ਜੀਵਿਆ ਜਾ ਸਕਦਾ ਹੈ।
ਇਸ ਮੌਕੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਡਾ. ਨਿਰਮਲ ਸਿੰਘ ਬਰਾੜ, ਡਾ. ਦਲਵਿੰਦਰ ਸਿੰਘ, ਡਾ. ਜਤਿੰਦਰ ਕੁਮਾਰ, ਪ੍ਰੋ. ਰਵਨੀਤ ਕੌਰ ਅਤੇ ਰੈੱਡ ਰਿਬਨ ਕਲੱਬ ਦੇ ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਜਗਜੀਤ ਸਿੰਘ, ਪ੍ਰੋ. ਕੀਰਤੀ ਭਾਗੀਰਥ ਹਾਜ਼ਰ ਸਨ।

हिंदी






