ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ‘ਸ਼ੋਅ ਐਂਡ ਟੈੱਲ’ ਮੁਕਾਬਲੇ ਸੰਪੰਨ

ਵਿਦਿਆਰਥੀਆਂ ਵੱਲੋਂ ਮਿਲਿਆ ਭਰਵਾਂ ਹੁੰਗਾਰਾ
ਬਰਨਾਲਾ, 25 ਮਈ,2021
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਮਾਤ ਭਾਸ਼ਾ ਨੂੰ ਹੁਲਾਰਾ ਦੇਣ ਦੇ ਨਾਲ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਭਾਸ਼ਾ ’ਚ ਨਿਖਾਰ ਲਈ ਯਤਨਸ਼ੀਲ ਹੈ।ਇਸ ਉਦੇਸ਼ ਲਈ ‘ਵਰਡ ਆਫ ਦਿ ਡੇਅ’ ਅਤੇ ‘ਇੰਗਲਿਸ਼ ਬੂਸਟਰ ਕਲੱਬ’ ਆਦਿ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਅੰਗਰੇਜ਼ੀ ਵਿਸ਼ੇ ਦੇ ਸਟੇਟ ਰਿਸੋਰਸ ਪਰਸਨ ਚੰਦਰ ਸ਼ੇਖਰ ਨੇ ਦੱਸਿਆ ਕਿ ਇਸ ਤਹਿਤ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸਕੂਲਾਂ ਦੇ ਵਿਦਿਆਰਥੀਆਂ ਦੇ 20 ਤੋਂ 25 ਮਈ ਤੱਕ ਆਨਲਾਈਨ ‘ਸ਼ੋਅ ਐਂਡ ਟੈੱਲ’ ਮੁਕਾਬਲੇ ਕਰਵਾਏ ਗਏ ਹਨ।
ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ‘ਸ਼ੋਅ ਐਂਡ ਟੈੱਲ’ ਗਤੀਵਿਧੀਆਂ ਅਧੀਨ ਸਮੂਹ ਸਕੂਲਾਂ ਦੇ 6 ਵੀਂ ਤੋਂ 12 ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ। ਜ਼ਿਲਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਅਮਨਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਨੂੰ ਆਨਲਾਈਨ ਤਰੀਕੇ ਨਾਲ ਭੇਜੀਆਂ ਵੀਡੀਓਜ਼ ਵਿੱਚੋਂ ਪਹਿਲਾਂ ਸਕੂਲ ਪੱਧਰ ’ਤੇ ਅੱਵਲ ਵੀਡੀਓਜ਼ ਦੀ ਚੋਣ ਕੀਤੀ ਗਈ ਅਤੇ ਬਲਾਕ ਮੈਂਟਰਾਂ ਦੀ ਅਗਵਾਈ ਹੇਠ ਸਕੂਲਾਂ ਦੀਆਂ ਅੱਵਲ ਵੀਡੀਓਜ਼ ਵਿੱਚੋਂ ਬਲਾਕ ਦੀਆਂ ਸਰਵੋਤਮ ਵੀਡੀਓਜ਼ ਦੀ ਚੋਣ ਕੀਤੀ ਗਈ। ਜ਼ਿਲਾ ਮੀਡੀਆ ਕੋ-ਆਰਡੀਨੇਟਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਦੱਸਿਆ ਕਿ ਸੂਬੇ ਭਰ ਦੀਆਂ ਬਿਹਤਰੀਨ ਵੀਡੀਓਜ਼ ਨੂੰ ਵਿਭਾਗ ਦੇ ਮੁੱਖ ਫੇਸਬੁੱਕ ਪੇਜ ’ਤੇ ਸ਼ੇਅਰ ਕਰਕੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ।