ਸਰਦਾਰ ਇਕਬਾਲ ਸਿੰਘ ਆਹਲੂਵਾਲੀਆ ਜੀ ਚੁਣੇ ਗਏ ਨਵੇਂ ਸੂਬਾ ਸੰਘਚਾਲਕ

ਸਰਦਾਰ ਇਕਬਾਲ ਸਿੰਘ ਆਹਲੂਵਾਲੀਆ ਜੀ ਚੁਣੇ ਗਏ ਨਵੇਂ ਸੂਬਾ ਸੰਘਚਾਲਕ

ਸਰਦਾਰ ਇਕਬਾਲ ਸਿੰਘ ਜੀ ਨੇ ਪੀਟੀਯੂ ਦੇ ਸਾਬਕਾ ਵਾਈਸ ਚਾਂਸਲਰ ਡਾ.ਰਜਨੀਸ਼ ਅਰੋੜਾ ਨੂੰ ਪੰਜਾਬ ਪ੍ਰਾਂਤ ਦਾ ਸਹਿ-ਸੰਘਚਾਲਕ ਨਿਯੁਕਤ ਕੀਤਾ 

ਰਾਸ਼ਟਰੀ ਸ੍ਵਯਮਸੇਵਕ ਸੰਘ ਪੰਜਾਬ ਦੀ ਚੋਣ ਪ੍ਰਕਿਰਿਆ ਹੋਈ ਸਮਾਪਤ 

ਚੰਡੀਗੜ, 23 ਨਵੰਬਰ: ਰਾਸ਼ਟਰੀ ਸ੍ਵਯਮਸੇਵਕ ਸੰਘ ਪੰਜਾਬ ਪ੍ਰਾਂਤ ਨੇ ਜ਼ਿਲ੍ਹਾ ਕਾਰਜਕਾਰਨੀਆਂ , ਵਿਭਾਗ ਕਾਰਜਕਾਰਨੀਆਂ, ਪ੍ਰਾਂਤ ਕਾਰਜਕਾਰਨੀ ਅਤੇ ਚੁਣੇ ਹੋਏ ਸ਼ਾਖਾ ਪ੍ਰਤੀਨਿਧੀਆਂ ਦੀ ਇੱਕ ਮੀਟਿੰਗ ਵਿੱਚ ਆਪਣੀ ਤਿੰਨ ਸਾਲਾ ਚੋਣ-ਪ੍ਰਕਿਰਿਆ ਨੂੰ ਸੰਪੰਨ ਕੀਤਾ। ਸੂਬਾ ਸੰਘਚਾਲਕ ਸਰਦਾਰ ਬ੍ਰਿਜਭੂਸ਼ਣ ਸਿੰਘ ਬੇਦੀ ਜੀ ਨੇ ਇਸ ਮੌਕੇ ਸ੍ਵਯਮਸੇਵਕਾਂ ਨੂੰ ਸੰਬੋਧਨ ਕੀਤਾ। 90 ਸਾਲ ਦੀ ਉਮਰ ਦੇ ਸਰਦਾਰ ਬ੍ਰਿਜਭੂਸ਼ਣ ਸਿੰਘ ਬੇਦੀ ਜੀ, ਜੋ ਕਿ 1947 ਤੋਂ ਵੀ ਪਹਿਲਾਂ ਦੇ ਸ੍ਵਯਮਸੇਵਕ ਹਨ ਅਤੇ 1947 ਤੋਂ ਬਾਅਦ ਸਭ ਤੋਂ ਲੰਬੇ ਸਮੇਂ ਤੱਕ ਸੰਘ-ਚਾਲਕ ਰਹੇ ਉਹਨਾਂ ਨੇ ਸ੍ਵਯੰਸੇਵਕਾਂ ਨੂੰ ਅਪੀਲ ਕੀਤੀ ਕਿ ਪਿਛਲੇ 26 ਸਾਲਾਂ ਤੋਂ ਮੈਂ ਪ੍ਰਾਂਤ-ਸੰਘਚਾਲਕ ਦੀ ਜ਼ਿੰਮੇਵਾਰੀ ਨਿਰੰਤਰ ਨਿਭਾਉਂਦਾ ਆ ਰਿਹਾ ਹਾਂ ਅਤੇ ਹੁਣ ਮੈਂ ਇਸ ਜ਼ਿੰਮੇਵਾਰੀ ਨੂੰ ਕਿਸੇ ਐਸੇ ਵਿਅਕਤੀ ਕੋਲ਼ ਦੇਖਣਾ ਚਾਹੁੰਦਾ ਹਾਂ ਜੋ ਜਿਆਦਾ ਬਜ਼ੁਰਗ ਨਾ ਹੋਵੇ, ਇਸ ਜ਼ੁੰਮੇਵਾਰੀ ਨੂੰ ਐਸੇ ਵਿਅਕਤੀ ਦੇ ਹੱਥ ਵਿੱਚ ਦਿੱਤਾ ਜਾਣਾ ਚਾਹੀਦਾ ਹੈ, ਜੋ ਪੂਰੇ ਪੰਜਾਬ ਸੂਬੇ ਵਿੱਚ ਪਰਵਾਸ ਕਰਨ ਦੇ ਸਮਰੱਥ ਹੋਵੇ !
ਇਸੇ ਵਿਸ਼ੇ ਨੂੰ ਅੱਗੇ ਰੱਖਦੇ ਹੋਏ ਸਰਦਾਰ ਬ੍ਰਿਜਭੂਸ਼ਣ ਸਿੰਘ ਬੇਦੀ ਜੀ ਨੇ ਸੂਬਾ-ਸੰਘਚਾਲਕ ਦੀ ਜ਼ਿੰਮੇਵਾਰੀ ਲਈ ਪੰਜਾਬ ਪ੍ਰਾਂਤ ਦੇ ਮੌਜੂਦਾ ਸੂਬਾ ਸਹਿ-ਸੰਘਚਾਲਕ ਸਰਦਾਰ ਇਕਬਾਲ ਸਿੰਘ ਆਹਲੂਵਾਲੀਆ ਜੀ ਦੇ ਨਾਮ ਦੀ ਤਜਵੀਜ਼ ਰੱਖੀ ਜਿਸਦਾ ਸਮਰਥਨ ਪਠਾਨਕੋਟ ਵਿਭਾਗ ਦੇ ਨਵੇਂ ਚੁਣੇ ਸੰਘਚਾਲਕ ਰਮੇਸ਼ ਜੀ ਅਤੇ ਜਲੰਧਰ ਵਿਭਾਗ ਦੇ ਨਵੇਂ ਚੁਣੇ ਸੰਘਚਾਲਕ ਸ੍ਰੀ ਨਰਿੰਦਰ ਜੈਨ ਅਤੇ ਨਵੇਂ ਚੁਣੇ ਅਖਿਲ ਭਾਰਤੀ ਪ੍ਰਤੀਨਿਧੀ ਡਾ: ਵਰਿੰਦਰ ਗਰਗ ਨੇ ਕੀਤਾ । ਆਡੀਟੋਰੀਅਮ ਵਿਚ ਮੌਜੂਦ ਜ਼ਿਲ੍ਹਿਆਂ,ਵਿਭਾਗਾਂ ਦੀਆਂ ਕਾਰਜਕਾਰਨੀਆਂ, ਸੂਬਾਈ ਕਾਰਜਕਾਰਨੀ ਮੈਂਬਰਾਂ ਅਤੇ ਨਵੇਂ ਚੁਣੇ ਅਖਿਲ ਭਾਰਤੀ ਪ੍ਰਤੀਨਿਧੀ ਵੋਟਰਾਂ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਆਵਾਜ਼ ਵੋਟ ਦੁਆਰਾ ਸਰਬਸੰਮਤੀ ਨਾਲ਼ ਇਸ ਪ੍ਰਸਤਾਵਨਾ ਨੂੰ ਪਾਸ ਕੀਤਾ! ਚੋਣ ਅਧਿਕਾਰੀ ਡਾ. ਕਰੁਨੇਸ਼ ਗੁਪਤਾ, ਜੋ ਕਿ ਬ੍ਰਿਜ ਭੂਸ਼ਣ ਸਿੰਘ ਬੇਦੀ ਜੀ ਦੁਆਰਾ ਨਿਯੁਕਤ ਕੀਤੇ ਗਏ ਸਨ ਨੇ ਸਰਦਾਰ ਇਕਬਾਲ ਸਿੰਘ ਜੀ ਨੂੰ ਨਵੇਂ ਪ੍ਰਾਂਤ ਸੰਘਚਾਲਕ ਚੁਣੇ ਜਾਣ ਦਾ ਐਲਾਨ ਕੀਤਾ।
ਸਰਦਾਰ ਇਕਬਾਲ ਸਿੰਘ 1963 ਤੋਂ ਸੰਘ ਦੇ ਸਰਗਰਮ ਸ੍ਵਯਮਸੇਵਕ ਰਹੇ ਹਨ ਅਤੇ ਐਫ.ਸੀ.ਆਈ. ਤੋਂ ਸੇਵਾਮੁਕਤ ਹਨ ਤੇ ਪਹਿਲਾਂ ਵੀ ਸੰਘ ਦੀਆਂ ਕਈ ਜ਼ਿੰਮੇਵਾਰੀਆਂ ਨਿਭਾਅ ਚੁੱਕੇ ਹਨ ! ਇਸ ਮੌਕੇ ਆਪਣੀ ਕਾਰਜਕਾਰਨੀ ਦੀ ਨਿਯੁਕਤੀ ਕਰਦਿਆਂ ਸਰਦਾਰ ਇਕਬਾਲ ਸਿੰਘ ਜੀ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.ਰਜਨੀਸ਼ ਅਰੋੜਾ ਨੂੰ ਪੰਜਾਬ ਪ੍ਰਾਂਤ ਦਾ ਸਹਿ-ਸੰਘਚਾਲਕ ਨਿਯੁਕਤ ਕੀਤਾ।