ਜਥੇਦਾਰ ਜਗਦੀਪ ਸਿੰਘ ਚੀਮਾ ਨੇ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਹਰੀਪੁਰ ਪਹੁੰਚ ਕੇ ਜਖਮੀ ਕਿਸਾਨਾਂ ਨਾਲ ਕੀਤੀ ਮੁਲਾਕਾਤ
ਕਿਸਾਨੀ ਸੰਘਰਸ਼ ਵਿੱਚ ਜਖਮੀ ਹੋਏ ਕਿਸਾਨਾਂ ਦੀ ਵੀ ਪੰਜਾਬ ਸਰਕਾਰ ਆਰਥਿਕ ਸਹਾਇਤਾ ਕਰਨ ਲਈ ਅੱਗੇ ਆਵੇ : ਜਗਦੀਪ ਚੀਮਾ
ਫਤਿਹਗੜ੍ਹ ਸਾਹਿਬ, 23 ਫਰਵਰੀ
ਸ਼ੰਬੂ ਬਾਰਡਰ ਤੇ 21 ਫਰਵਰੀ ਨੂੰ ਹਰਿਆਣਾ ਪੁਲਿਸ ਵੱਲੋਂ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਤੇ ਛੱਡੀ ਗਈ ਅੱਥਰੂ ਗੈਸ ਅਤੇ ਰਬੜ ਦੀ ਕੀਤੀ ਗਈ ਗੋਲਾਬਾਰੀ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਜ਼ਖਮੀ ਹੋਏ, ਉੱਥੇ ਹੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਹਰੀਪੁਰ ਦੇ ਨੌਜਵਾਨ ਕਿਸਾਨ ਵੀ ਬੁਰੀ ਤਰ੍ਹਾਂ ਜ਼ਖਮੀ ਹੋਏ ਜਿਨਾਂ ਵਿੱਚੋਂ ਕਿਸਾਨ ਰਵਿੰਦਰਜੀਤ ਸਿੰਘ ਦੀ ਬਾਂਹ ਟੁੱਟ ਗਈ ਜਦਕਿ ਉਸਦੇ ਹੋਰ ਤਿੰਨ ਸਾਥੀ ਵੀ ਰਬੜ ਦੀਆਂ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ ।
ਜ਼ਖਮੀ ਹੋਏ ਇਹਨਾਂ ਕਿਸਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਜਗਦੀਪ ਸਿੰਘ ਚੀਮਾ ਵੱਲੋਂ ਪਿੰਡ ਹਰੀਪੁਰ ਪਹੁੰਚ ਕੇ ਹਾਲ ਜਾਣਿਆ ਗਿਆ। ਇਸ ਮੌਕੇ ਬੋਲਦਿਆਂ ਜਥੇਦਾਰ ਜਗਦੀਪ ਸਿੰਘ ਚੀਮਾ ਨੇ ਹਰਿਆਣਾ ਸਰਕਾਰ ਅਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਤੇ ਕੀਤੀ ਗਈ ਅੱਥਰੂ ਗੈਸ ਅਤੇ ਰਬੜ ਦੀ ਗੋਲਾਵਾਰੀ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ । ਜਥੇਦਾਰ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਮੰਗੀਆਂ ਹੋਈਆਂ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਜਾ ਰਹੇ ਸ਼ਾਂਤਮਈ ਪ੍ਰਦਰਸ਼ਨ ਕਰਦੇ ਪੰਜਾਬ ਦੇ ਕਿਸਾਨਾਂ ਤੇ ਸ਼ੰਭੂ ਬਾਰਡਰ ਉੱਤੇ ਹਰਿਆਣਾ ਸਰਕਾਰ ਅਤੇ ਹਰਿਆਣਾ ਪੁਲਿਸ ਵੱਲੋਂ ਜੋ ਤਸ਼ੱਦਦ ਢਾਇਆ ਗਿਆ, ਉਸ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਹੁਣਾਂ ਦੱਸਿਆ ਕਿ ਹਰਿਆਣਾ ਪੁਲਿਸ ਵੱਲੋਂ ਕੀਤੇ ਗਏ ਅਨੁਮਨੁਖੀ ਤਸ਼ੱਦਦ ਵਿੱਚ ਇੱਕ ਕਿਸਾਨ ਦੀ ਜਿੱਥੇ ਮੌਤ ਵੀ ਹੋ ਗਈ ਉੱਥੇ ਹੀ ਸੈਂਕੜੇ ਕਿਸਾਨ ਬੁਰੀ ਤਰ੍ਹਾਂ ਜ਼ਖਮੀ ਵੀ ਹੋਏ। ਉਹਨਾਂ ਕਿਹਾ ਕਿ ਜ਼ਖਮੀ ਹੋਏ ਕਿਸਾਨਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਆਪਣਾ ਇਲਾਜ ਵਧੀਆ ਤਰੀਕੇ ਨਾਲ ਕਰਾ ਸਕਣ।
ਇਸ ਮੌਕੇ ਜ਼ਖਮੀ ਕਿਸਾਨ ਰਵਿੰਦਰਜੀਤ ਸਿੰਘ ਹਰੀਪੁਰ ਨੇ ਕਿਹਾ ਕਿ 21 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਤੇ ਅਚਾਨਕ ਹਰਿਆਣਾ ਸਰਕਾਰ ਅਤੇ ਹਰਿਆਣਾ ਪੁਲਿਸ ਨੇ ਉਹਨ ਤੇ ਵੱਡੀ ਗਿਣਤੀ ਵਿੱਚ ਜਿੱਥੇ ਅੱਥਰੂ ਗੈਸ ਦੇ ਗੋਲੇ ਛੱਡੇ ਉੱਥੇ ਹੀ ਉਨਾਂ ਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਜਿਸ ਕਾਰਨ ਉਹ ਜ਼ਖਮੀ ਹੋ ਗਏ ਅਤੇ ਉਹਨਾਂ ਦੀ ਜਿੱਥੇ ਬਾਂਹ ਟੁੱਟੀ ਉੱਥੇ ਹੀ ਲੱਤਾਂ ਅਤੇ ਪੱਟਾਂ ਵਿੱਚ ਰਬੜ ਦੀਆਂ ਗੋਲੀਆਂ ਵੀ ਲੱਗੀਆਂ ਤੇ ਇਸ ਦੇ ਨਾਲ ਹੀ ਉਨਾਂ ਦੇ ਤਿੰਨ ਸਾਥੀ ਦਿਲਜੀਤ ਸਿੰਘ ਪੰਚ, ਇੰਦਰਜੀਤ ਸਿੰਘ ਸਾਬਕਾ ਸਰਪੰਚ ਜਖਮੀ ਹੋਏ, ਜਿਨਾਂ ਦੇ ਸਰੀਰ ਵਿੱਚ ਗੰਭੀਰ ਅੰਦਰੂਨੀ ਸੱਟਾਂ ਵੱਜੀਆਂ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਮੰਨ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਕਿਸੇ ਵੀ ਤਰਾਂ ਦੇ ਤਸ਼ੱਦਦ ਝੱਲਣ ਲਈ ਤਿਆਰ ਹਨ ਪ੍ਰੰਤੂ ਉਹ ਕੇਂਦਰ ਸਰਕਾਰ ਅੱਗੇ ਕਿਸੇ ਵੀ ਕੀਮਤ ਤੇ ਨਹੀਂ ਝੁਕਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਜਸਪ੍ਰੀਤ ਸਿੰਘ ਝੰਬਾਲੀ, ਜੁਝਾਰ ਸਿੰਘ ਮਾਜਰੀ ਸੋਢੀਆਂ, ਗੁਰਿੰਦਰ ਸਿੰਘ ਹਰੀਪੁਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

हिंदी






