ਸਮੂਹ ਅਧਿਆਪਕ ਅਤੇ ਵਿਦਿਆਰਥੀ ਇਸ ਉਪਰਾਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ
ਤਰਨਤਾਰਨ, 04 ਮਈ :
ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਵਿਦਿਆਰਥੀ ਤੱਕ ਗੁਣਾਤਮਕ ਅਤੇ ਮਿਆਰੀ ਸਿੱਖਿਆ ਪਹੁੰਚਾਉਣ ਦੇ ਮੰਤਵ ਨਾਲ ਜਿੱਥੇ ਸਰਕਾਰੀ ਸਕੂਲਾਂ ਦੇ ਅਧਿਆਪਕ ਸਾਹਿਬਾਨ ਵੱਲੋਂ ਰੋਜ਼ਾਨਾ ਜ਼ੂਮ ਜਮਾਤਾਂ ਲਗਾਈਆਂ ਜਾ ਰਹੀਆਂ ਹਨ ਅਤੇ ਪੀਡੀਐਫ, ਵੀਡੀਓਜ਼ ਰਾਹੀਂ ਸਕੂਲ ਦਾ ਕੰਮ ਭੇਜਿਆ ਜਾ ਰਿਹਾ ਹੈ ਉੱਥੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਹੁਣ ਸਿੱਖਿਆ ਵਿਭਾਗ ਪੰਜਾਬ ਵੱਲੋਂ ਟੀਵੀ ਚੈਨਲ ਡੀਡੀ ਪੰਜਾਬੀ ਰਾਹੀਂ “ਘਰ ਬੈਠੇ ਸਿੱਖਿਆ” ਮੁਹਿੰਮ ਤਹਿਤ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਸਿਲੇਬਸ ਅਨੁਸਾਰ ਆਨਲਾਈਨ ਜਮਾਤਾਂ ਲਗਾਈਆਂ ਜਾਣਗੀਆਂ।
ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੀ ਰਾਜੇਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਤਰਨਤਾਰਨ ਅਤੇ ਸ਼੍ਰੀ ਸਤਿਨਾਮ ਸਿੰਘ ਬਾਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਨੇ ਮੀਡੀਆ ਨੂੰ ਮੁਖ਼ਾਤਿਬ ਹੁੰਦਿਆਂ ਕੀਤਾ। ਉਹਨਾਂ ਕਿਹਾ ਕਿ ਦੂਰਦਰਸ਼ਨ ਚੈਨਲ ਡੀਡੀ ਪੰਜਾਬੀ ਰਾਹੀਂ ਆਨਲਾਈਨ ਜਮਾਤਾਂ ਸਬੰਧੀ ਇਹ ਪ੍ਰੋਗਰਾਮ ਕੱਲ੍ਹ ਮਿਤੀ 05 ਮਈ 2021 ਤੋਂ ਸ਼ੁਰੂ ਹੋਣਗੇ। ਜਿਸ ਤਹਿਤ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਪ੍ਰੋਗਰਾਮ ਸਵੇਰੇ 09.00 ਵਜੇ ਤੋਂ 10.40 ਵਜੇ ਤੱਕ ਅਤੇ ਹਾਈ ਅਤੇ ਸੈਕੰਡਰੀ ਜਮਾਤਾਂ ਨਾਲ ਸਬੰਧਤ ਪ੍ਰੋਗਰਾਮ ਸਵੇਰੇ 10.40 ਤੋਂ ਸ਼ਾਮ 04.00 ਵਜੇ ਤੱਕ ਰੋਜ਼ਾਨਾ ਚੱਲਿਆ ਕਰਨਗੇ।
ਇਸ ਮੌਕੇ ਸ਼੍ਰੀ ਪਰਮਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਨੇ ਦੱਸਿਆ ਕਿ ਸਮੂਹ ਬਲਾਕਾਂ ਦੇ ਬੀਪੀਈਓ ਸਾਹਿਬਾਨ ਨੂੰ ਇਸ ਸਬੰਧੀ ਦੱਸਿਆ ਗਿਆ ਹੈ ਅਤੇ ਉਹਨਾਂ ਅਪੀਲ ਕੀਤੀ ਕਿ ਜ਼ਿਲ੍ਹੇ ਦੇ ਸਮੂਹ ਵਿਦਿਆਰਥੀ ਪੰਜਾਬ ਸਰਕਾਰ ਵੱਲੋਂ ਕੀਤੇ ਇਸ ਬਿਹਤਰੀਨ ਉਪਰਾਲੇ ਦਾ ਲਾਭ ਜ਼ਰੂਰ ਉਠਾਉਣ।
ਸ਼੍ਰੀ ਪ੍ਰੇਮ ਸਿੰਘ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਅਧਿਆਪਕ ਸਾਹਿਬਾਨ ਨੂੰ ਸੋਸ਼ਲ ਮੀਡੀਆ ਰਾਹੀਂ ਪਹਿਲੀ ਤੋਂ ਬਾਰ੍ਹਵੀਂ ਤੱਕ ਦੀਆਂ ਆਨਲਾਈਨ ਜਮਾਤਾਂ ਦਾ ਸ਼ਡਿਊਲ ਭੇਜਿਆ ਜਾ ਰਿਹਾ ਹੈ ਤਾਂ ਕਿ ਹਰ ਅਧਿਆਪਕ ਆਪਣੇ ਵੱਲੋਂ ਸਕੂਲ ਅਤੇ ਜਮਾਤ ਪੱਧਰ ਤੇ ਬਣਾਏ ਵਟਸਐਪ ਗਰੁੱਪਾਂ ਰਾਹੀਂ ਹਰ ਵਿਦਿਆਰਥੀ ਤੱਕ ਸਮਾਂ ਸਾਰਣੀ ਪੁੱਜਦੀ ਕਰ ਸਕੇ। ਉਹਨਾਂ ਦੱਸਿਆ ਕਿ ਟੀਵੀ ਤੋਂ ਇਲਾਵਾ ਵਿਭਾਗ ਵੱਲੋਂ ਇਹਨਾਂ ਜਮਾਤਾਂ ਨੂੰ ਫੋਨ ਰਾਹੀਂ ਵੇਖਣ, ਸਮਝਣ ਲਈ webcast.gov.in ‘ਤੇ ਕਲਿੱਕ ਕਰਕੇ ਵੇਖ ਸਕਦੇ ਹਾਂ।

हिंदी






