ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਅੰਗਰੇਜ਼ੀ ਬੋਲਚਾਲ ਦੇ ਨਿਖਾਰ ਲਈ ਸਕੂਲ ਪੱਧਰੀ ” ਸ਼ੋਅ ਐਂਡ ਟੈੱਲ” ਮੁਕਾਬਲੇ ਸ਼ੁਰੂ

Sorry, this news is not available in your requested language. Please see here.

ਉੱਚ ਸਿੱਖਿਆ ਪ੍ਰਾਪਤੀ ਅਤੇ ਰੋਜ਼ਗਾਰ ਪ੍ਰਾਪਤੀ ਲਈ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਣਾ ਵੀ ਬੇਹੱਦ ਜਰੂਰੀ
ਤਰਨਤਾਰਨ, 20 ਮਈ :
ਸਕੂਲ ਸਿੱਖਿਆ ਵਿਭਾਗ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ।ਇਸ ਮਨੋਰਥ ਲਈ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਪ੍ਰਾਜੈਕਟ ਪੜ੍ਹੋ ਪੰਜਾਬ ਅਧੀਨ ਸਮੇਂ ਸਮੇਂ `ਤੇ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਸਹਿ-ਅਕਾਦਮਿਕ ਮੁਕਾਬਲੇ ਕਰਵਾਏ ਜਾ ਰਹੇ ਹਨ।ਜਿੱਥੇ ਸਰਕਾਰੀ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਨਾਲ ਜੋੜੀ ਰੱਖਣ ਦੇ ਸਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਸਮੇਂ ਦੀ ਮੰਗ ਅਨੁਸਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਵੀ ਨਿਪੁੰਨ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸ੍ਰੀ ਸਤਿਨਾਮ ਸਿੰਘ ਬਾਠ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਨੇ ਇਸ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਅੰਗਰੇਜ਼ੀ ਬੋਲਣ ਵਿੱਚ ਨਿਪੁੰਨ ਬਣਾਉਣ ਲਈ ਵਿਭਾਗ ਵੱਲੋਂ ਸਕੂਲ ਪੱਧਰ `ਤੇ ” ਸ਼ੋਅ ਐਂਡ ਟੈੱਲ” ਮੁਕਾਬਲੇ ਕਰਵਾਏ ਜਾ ਰਹੇ ਹਨ। ਬਿਨਾਂ ਸ਼ੱਕ ਹਰ ਇਨਸਾਨ ਲਈ ਉਸਦੀ ਮਾਤ ਭਾਸ਼ਾ ਦਾ ਰੁਤਬਾ ਸਾਰੀਆਂ ਭਾਸ਼ਾਵਾਂ ਤੋਂ ਉੱਪਰ ਹੈ, ਪਰ ਅੱਜਕਲ੍ਹ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਪ੍ਰਾਪਤੀ ਅਤੇ ਰੋਜ਼ਗਾਰ ਪ੍ਰਾਪਤੀ ਲਈ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਣਾ ਵੀ ਬੇਹੱਦ ਜਰੂਰੀ ਹੈ।ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਬੋਲਚਾਲ ਵਿੱਚ ਨਿਪੁੰਨ ਬਣਾਉਣ ਲਈ ਸਕੂਲਾਂ ਵਿੱਚ ਇੰਗਲਿਸ਼ ਬੂਸਟਰ ਕਲੱਬਾਂ ਦੀ ਸਥਾਪਨਾ ਕਰਕੇ ਰੋਜ਼ਾਨਾ ਆਨਲਾਈਨ ਤਰੀਕੇ ਅੰਗਰੇਜ਼ੀ ਬੋਲਣ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।ਇਸ ਦੇ ਨਾਲ ਹੀ ਵਿਭਾਗ ਵੱਲੋਂ ਸਕੂਲ ਪੱਧਰ `ਤੇ ” ਸ਼ੋਅ ਐਂਡ ਟੈੱਲ” ਮੁਕਾਬਲੇ ਕਰਵਾਏ ਜਾ ਰਹੇ ਹਨ।ਇਸ ਵਿੱਚ ਵਿਦਿਆਰਥੀ ਕੋਈ ਤਸਵੀਰ ਅਤੇ ਚਿੱਤਰ ਆਦਿ ਵਿਖਾ ਕੇ ਉਸ ਬਾਰੇ ਅੰਗਰੇਜ਼ੀ ਵਿੱਚ ਬੋਲ ਕੇ ਦੱਸੇਗਾ।
ਸ੍ਰੀ ਗੁਰਬਚਨ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਨੇ ਦੱਸਿਆ ਕਿ ਇਹ ਮੁਕਾਬਲੇ ਜ਼ੂਮ ਕਲਾਸ ਜਰੀਏ ਜਾਂ ਫਿਰ ਵੀਡਿਓ ਰਿਕਾਰਡਿੰਗ ਜਰੀਏ ਕਰਵਾਏ ਜਾ ਸਕਣਗੇ।ਉਹਨਾਂ ਦੱਸਿਆ ਕਿ ਛੇਵੀਂ ਜਮਾਤ ਦੇ ਵਿਦਿਆਰਥੀਆਂ ਦਾ ਮੁਕਾਬਲਾ ਅੱਜ 20 ਮਈ ਨੂੰ ਸਮੂਹ ਸਕੂਲਾਂ ਵੱਲੋਂ ਕਰਵਾ ਕੇ ਕੰਪੀਟੀਸ਼ਨ ਦਾ ਆਗਾਜ਼ ਕਰ ਦਿੱਤਾ ਗਿਆ ਹੈ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਦਾ 21 ਮਈ ਨੂੰ, ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦਾ 22 ਮਈ ਨੂੰ, ਨੌਵੀਂ ਅਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਮੁਕਾਬਲਾ 24 ਮਈ ਨੂੰ ਜਦਕਿ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਮੁਕਾਬਲਾ 25 ਮਈ ਨੂੰ ਕਰਵਾਇਆ ਜਾਵੇਗਾ। ਬਲਜਿੰਦਰ ਸਿੰਘ ਜਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਪੜ੍ਹੋ ਪੰਜਾਬ ਟੀਮ ਦੇ ਬਲਾਕ ਮੈਂਟਰਾਂ ਵੱਲੋਂ ਅਧਿਆਪਕਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਜਾਵੇਗਾ। ਸਕੂਲ ਵੱਲੋਂ ਹਰ ਜਮਾਤ ਵਿੱਚੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਦੀ ਚੋਣ ਕਰਨ ਉਪਰੰਤ ਨਾਮ ਬਲਾਕ ਮੈਂਟਰ ਨੂੰ ਭੇਜਿਆ ਜਾਵੇਗਾ।ਸਿੱਖਿਆ ਅਧਿਕਾਰੀਆਂ ਨੇ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਇਸ ਮੁਕਾਬਲੇ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ।