ਸਰਕਾਰੀ ਸਕੂਲਾਂ `ਚ ਸਥਾਪਤ ਹੋਣਗੇ ਇੰਗਲਿਸ਼ ਬੂਸਟਰ ਕਲੱਬ
ਤਰਨ ਤਾਰਨ, 11 ਅਕਤੂਬਰ :
ਪੰਜਾਬ ਦੇ ਸਰਕਾਰੀ ਸਕੂਲਾਂ `ਚ ਪੜ੍ਹਦੇ ਛੇਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਦੇ ਗੁਣਾਤਮਿਕ ਵਿਕਾਸ ਲਈ ਨਿਵੇਕਲੀ ਪਹਿਲਕਦਮੀ ਕਰਦਿਆਂ ਅੰਗਰੇਜ਼ੀ ਬੂਸਟਰ ਕਲੱਬ ਬਣਾਉਣ ਦਾ ਫੈਸਲਾ ਕੀਤਾ ਹੈ। ਜਿਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਭਾਸ਼ਾ ਦੇ ਉਚਾਰਣ ਸਮੇਂ ਝਿਜਕ ਅਤੇ ਡਰ ਖਤਮ ਕਰਨ ਦੇ ਨਾਲ਼-ਨਾਲ਼ ਵਿਦਿਆਰਥੀਆਂ ਨੂੰ ਭਾਸ਼ਾ ਕੌਸ਼ਲਾਂ ਵਿੱਚ ਪਰਵੀਨ ਬਣਾਉਣਾ ਹੈ। ਇਹ ਕਲੱਬ ਬਣਾਉਣ ਦੀ ਸ਼ੁਰੂਆਤ 12 ਅਕਤੂਬਰ ਤੋਂ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਸਤਨਾਮ ਸਿੰਘ ਬਾਠ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਨਿੱਜੀ ਸਕੂਲਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਹਟ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਏ ਹਨ ਅਤੇ ਉਹਨਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੇ ਤਜ਼ਰਬੇਕਾਰ ਅਧਿਆਪਕਾਂ ਅਤੇ ਉਹਨਾਂ ਦੀ ਪੜ੍ਹਾਉਣ ਦੀਆਂ ਵਿਧੀਆਂ `ਚ ਵਿਸ਼ਵਾਸ਼ ਪ੍ਰਗਟਾਇਆ ਹੈ। ਇਸੇ ਵਿਸ਼ਵਾਸ਼ ਨੂੰ ਕਾਇਮ ਰੱਖਣ ਲਈ ਸਰਕਾਰੀ ਸਕੂਲਾਂ ਦੇ ਅੰਗਰੇਜ਼ੀ ਅਧਿਆਪਕਾਂ ਨੇ ਬੂਸਟਰ ਕਲੱਬ ਬਣਾਉਣ ਦੀ ਨਿਵੇਕਲੀ ਪਹਿਲਕਦਮੀ ਕੀਤੀ ਹੈ।
ਇਸ ਸਬੰਧੀ ਹਰਪਾਲ ਸਿੰਘ ਸਿੰਘ ਸੰਧਾਵਾਲੀਆ , ਡਿਪਟੀ ਡੀ. ਈ. ਓ. ਤਰਨਤਾਰਨ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਵਧਾਉਣ ਸਮੇਂ ਜਦੋਂ ਉਹ ਨਿੱਜੀ ਸਕੂਲਾਂ ਦੇ ਮਾਪਿਆਂ ਨਾਲ ਗੱਲਬਾਤ ਕਰਦੇ ਸਨ ਤਾਂ ਉਹਨਾਂ ਨੂੰ ਆਮ ਸੁਣਨ ਵਿੱਚ ਮਿਲਦਾ ਸੀ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਅੰਗਰੇਜ਼ੀ ਵਿੱਚ ਬੱਚਿਆਂ ਦੀ ਪਕੜ ਮਜਬੂਤ ਨਹੀਂ ਕਰਵਾ ਸਕਦੇ। ਜਦੋਂ ਉਹਨਾਂ ਨੇ ਹੋਰ ਅੰਗਰੇਜ਼ੀ ਦੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਤਾਂ ਇਸ ਮੁੱਦੇ ਨੂੰ ਚੁਣੌਤੀ ਵਜੋਂ ਲੈਦਿਆਂ ਸਕੂਲਾਂ ਵਿੱਚ ਬੱਚਿਆਂ ਨੂੰ ਆਨ-ਲਾਈਨ ਅੰਗਰੇਜ਼ੀ ਦਾ ਪਾਠਕ੍ਰਮ ਕਰਵਾਉਂਦੇ ਹੋਏ ਬੋਲਚਾਲ ਸਮੇਂ ਪਰਿਪੱਕਤਾ ਨਾਲ ਅੰਗਰੇਜ਼ੀ ਬੋਲਣ ਲਈ ਉਤਸ਼ਾਹਿਤ ਕੀਤਾ ਜਿਸਦੇ ਚੰਗੇ ਨਤੀਜੇ ਸਾਹਮਣੇ ਆਏ ਅਤੇ ਇਹਨਾਂ ਹੀ ਪ੍ਰਸਥਿਤੀਆਂ ਵਿੱਚੋਂ ਬੂਸਟਰ ਕਲੱਬ ਬਣਾਉਣ ਦੀ ਸੋਚ ਬਣੀ। ਜਿਸ ਸਬੰਧੀ ਅੰਗਰੇਜ਼ੀ ਅਧਿਆਪਕਾਂ ਵੱਲੋਂ 12 ਅਕਤੂਬਰ ਤੋਂ ਬੂਸਟਰ ਕਲੱਬ ਸ਼ੁਰੂ ਕੀਤੇ ਜਾ ਰਹੇ ਹਨ। ਜ਼ਿਲ੍ਹਾ ਮੈਂਟਰਜ਼ ਅਤੇ ਬਲਾਕ ਮੈਂਟਰਜ਼ ਵੱਲੋਂ ਅੰਗਰੇਜ਼ੀ ਬੂਸਟਰ ਕਲੱਬ ਤਹਿਤ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਰੂਪਰੇਖਾ ਵੀ ਤਿਆਰ ਕਰ ਲਈ ਗਈ ਹੈ।
ਇਸ ਸਬੰਧੀ ਅੰਗਰੇਜ਼ੀ ਦੇ ਜ਼ਿਲ੍ਹਾ ਮੈਂਟਰ ਬਲਜਿੰਦਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਬੂਸਟਰ ਕਲੱਬ ਸਥਾਪਤ ਕਰਨ ਦਾ ਕੰਮ ਦੋ ਪੜਾਵਾਂ ਵਿੱਚ ਹੋਵੇਗਾ। ਜਿਸਦਾ ਪਹਿਲਾ ਪੜਾਅ ਇੱਕ ਮਹੀਨੇ ਦਾ ਹੋਵੇਗਾ ਜਿਸ ਤਹਿਤ ਸਕੂਲ, ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ `ਤੇ ਬੂਸਟਰ ਕਲੱਬ ਸਥਾਪਤ ਕਰਨਾ ਅਤੇ ਇਸ ਕਲੱਬ ਵਿੱਚ ਸ਼ਾਮਲ ਬੱਚਿਆਂ ਨੂੰ ਆਡੀਓ ਅਤੇ ਹੋਰ ਸਿੱਖਣ ਸਹਾਇਕ ਸਮੱਗਰੀ ਦੀ ਵਰਤੋਂ ਕਰਕੇ ਸਥਿਤੀ ਅਨੁਸਾਰ ਸਾਧਾਰਨ ਵਾਕ ਬੋਲਣ ਲਈ ਉਤਸ਼ਾਹਿਤ ਕਰਨਾ ਹੋਵੇਗਾ। ਇਸ ਵਿੱਚ ਸਕੂਲ ਦੀ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਹਰੇਕ ਸੈਕਸ਼ਨ ਵਿੱਚੋਂ ਤਿੰਨ-ਤਿੰਨ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਇਸ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ। ਇਹ ਵਿਦਿਆਰਥੀ ਆਪਣੀ ਇੱਛਾ ਅਨੁਸਾਰ ਬੂਸਟਰ ਕਲੱਬ ਵਿੱਚ ਸ਼ਾਮਿਲ ਹੋ ਸਕਣਗੇ।
ਇਸ ਸਬੰਧੀ ਮੁੱਖ ਅਧਿਆਪਕਾ ਸ੍ਰੀਮਤੀ ਜਸਪ੍ਰੀਤ ਕੌਰ, ਸਰਕਾਰੀ ਹਾਈ ਸਕੂਲ ਕੁੱਲਾ ਨੇ ਕਿਹਾ ਕਿ ਇਹਨਾਂ ਸਕੂਲ, ਬਲਾਕ ਅਤੇ ਜ਼ਿਲ੍ਹਾ ਪੱਧਰੀ ਬੂਸਟਰ ਕਲੱਬਾਂ ਨਾਲ ਭਵਿੱਖ ਵਿੱਚ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਣ ਦੇ ਆਸਾਰ ਹਨ ਕਿਉਂਕਿ ਹਜ਼ਾਰਾਂ ਸਕੂਲਾਂ ਵਿੱਚ ਜਦੋਂ ਲੱਖਾਂ ਵਿਦਿਆਰਥੀ ਸੋਸ਼ਲ ਮੀਡੀਆ ਰਾਹੀਂ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ ਤਾਂ ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਗੁਣਾਤਮਿਕ ਸਿੱਖਿਆ ਮੁਹਿੰਮ ਦਾ ਨਤੀਜਾ ਸਭਨਾਂ ਦੇ ਸਨਮੁੱਖ ਹੋਵੇਗਾ। ਇਸ ਪ੍ਰੋਜੈਕਟ ਲਈ ਸਮੂਹ ਅੰਗਰੇਜ਼ੀ ਅਧਿਆਪਕ ਬਹੁਤ ਹੀ ਜਿਆਦਾ ਉਤਸਾਹਿਤ ਹਨ ਅਤੇ ਉਹਨਾਂ ਨੂੰ ਪੂਰਨ ਭਰੋਸਾ ਹੈ ਕਿ ਇਸਦੇ ਜਲਦ ਹੀ ਚੰਗੇ ਨਤੀਜੇ ਵੀ ਸਾਹਮਣੇ ਆਉਣਗੇ।

हिंदी





