ਜ਼ਿਲੇ ਵਿਚ ਹੁਣ ਤੱਕ 10795 ਨੇ ਕੋਵਿਡ ਤੇ ਪਾਈ ਫਤਿਹ
ਫਾਜ਼ਿਲਕਾ 19 ਮਈ, 2021:
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਆਈਏਐਸ ਨੇ ਅੱਜ ਹਫਤਾਵਾਰੀ ਫੇਸਬੁੱਕ ਲਾਈਵ ਦੌਰਾਨ ਜ਼ਿਲਾਂ ਵਾਸੀਆਂ ਨੂੰ ਕੋਵਿਡ ਦੀ ਤਾਜਾ ਜਾਣਕਾਰੀ ਸਾਂਝੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਵਾਜਾਈ ਘੱਟ ਕਰਦੇ ਹੋਏ ਕੋਵਿਡ ਦੇ ਲੱਛਣ ਵਿਖਾਈ ਦੇਣ ਤੇ ਬਿਨਾਂ ਦੇਰੀ ਟੈਸਟ ਕਰਵਾਉਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੁੱਧਵਾਰ ਨੂੰ ਜ਼ਿਲੇ ਵਿਚ 550 ਨਵੇਂ ਕੇਸ ਸਾਹਮਣੇ ਆਏ ਹਨ ਅਤੇ 258 ਲੋਕ ਕੋਵਿਡ ਤੇ ਫਤਿਹ ਪਾ ਕੇ ਠੀਕ ਹੋਏ ਹਨ। ਉਨਾਂ ਨੇ ਕਿਹਾ ਕਿ ਇਸ ਸਮੇਂ ਜ਼ਿਲੇ ਵਿਚ ਐਕਟਿਵ ਕੇਸ 4570 ਹਨ ਜਦ ਕਿ ਹੁਣ ਤੱਕ ਜ਼ਿਲੇ ਵਿਚ ਕੁੱਲ 10795 ਲੋਕ ਠੀਕ ਹੋ ਚੁੱਕੇ ਹਨ। ਗੌਰਤਲਬ ਹੈ ਕਿ ਜ਼ਿਲੇ ਵਿਚ ਕੁੱਲ 15701 ਲੋਕਾਂ ਦੇ ਟੈਸਟ ਪਾਜਿਟਿਵ ਆਏ ਸਨ ਅਤੇ ਹੁਣ ਤੱਕ 336 ਮੌਤਾਂ ਹੋਈਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਬਿਮਾਰੀ ਦੇ ਵਾਧੇ ਨੂੰ ਰੋਕਣ ਲਈ ਸਾਨੂੰ ਸਾਵਧਾਨੀਆਂ ਤੇ ਪੂਰਾ ਜੋਰ ਦੇਣਾ ਹੈ। ਉਨਾਂ ਅਪੀਲ ਕੀਤੀ ਕਿ ਮਾਸਕ ਲਗਾ ਕੇ ਰੱਖੋ, ਦੋ ਗਜ ਦੀ ਦੂਰੀ ਰੱਖੋ, ਭੀੜ ਭਾੜ ਵਾਲੀ ਥਾਂ ਤੇ ਨਾ ਜਾਓ, ਬੱਚੇ ਅਤੇ ਬਜੁਰਗ, ਗਰਭਵਤੀ ਔਰਤਾਂ ਘਰ ਤੋਂ ਬਾਹਰ ਨਾ ਜਾਣ ਅਤੇ ਵਾਰ ਵਾਰ ਹੱਥ ਧੋਵੋ। ਜੇਕਰ ਕਿਸੇ ਨੂੰ ਵੀ ਕੋਵਿਡ ਦੇ ਲੱਛਣ ਜਿਵੇਂ ਖੰਘ, ਬੁਖਾਰ, ਜੁਕਾਮ, ਬਦਨ ਦਰਦ ਹੋਣ ਤਾਂ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਤੋਂ ਟੈਸਟ ਕਰਵਾਓ। ਇਹ ਟੈਸਟ ਬਿਲਕੁਲ ਮੁਫ਼ਤ ਹੈ।
ਸ੍ਰੀ ਹਰੀਸ਼ ਨਾਇਰ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਦਾ ਟੈਸਟ ਪਾਜਿਟਿਵ ਆ ਜਾਵੇ ਅਤੇ ਉਸਦੀ ਹਾਲਤ ਠੀਕ ਹੋਵੇ ਭਾਵ ਉਸਨੂੰ ਕੋਈ ਗੰਭੀਰ ਲੱਛਣ ਨਾ ਹੋਣ ਤਾਂ ਅਜਿਹੇ ਵਿਅਕਤੀ ਆਪਣੇ ਘਰ ਹੀ ਰਹਿ ਕੇ ਇਲਾਜ ਕਰਵਾ ਸਕਦੇ ਹਨ। ਸਰਕਾਰ ਵੱਲੋਂ ਕਿਸੇ ਨੂੰ ਜਬਰਦਸਤੀ ਹਸਪਤਾਲ ਭਰਤੀ ਨਹੀਂ ਕੀਤਾ ਜਾਂਦਾ ਹੈ। ਉਨਾਂ ਨੇ ਕਿਹਾ ਕਿ ਜਦ ਤੁਸੀਂ ਟੈਸਟ ਦੇ ਕੇ ਆਉਂਦੇ ਹੋ ਤਾਂ ਜਦ ਤੱਕ ਰਿਜਲਟ ਨਹੀਂ ਆਉਂਦਾ ਆਪਣੇ ਪਰਿਵਾਰ ਤੋਂ ਵੱਖ ਰਹੋ। ਜੇਕਰ ਤੁਹਾਡਾ ਰਿਜਲਟ ਪਾਜਿਟਿਵ ਆ ਜਾਂਦਾ ਹੈ ਤਾਂ ਤੁਸੀਂ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਕਾਲ ਕਰਕੇ ਆਪਣੀ ਦਵਾਈਆਂ ਦੀ ਫਤਿਹ ਕਿੱਟ ਮੰਗਵਾ ਸਕਦੇ ਹੋ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਲੋਕ ਵੈਕਸੀਨ ਲਈ ਯੋਗ ਹਨ ਉਹ ਆਪਣੇ ਨੇੜਲੇ ਵੈਕਸੀਨ ਕੇਂਦਰ ਵਿਖੇ ਜਾ ਕੇ ਆਪਣੇ ਟੀਕਾ ਜਰੂਰ ਲਗਵਾਉਣ। ਇਹ ਪੂਰੀ ਤਰਾਂ ਨਾਲ ਮੁਫ਼ਤ ਹੈ ਅਤੇ ਸੁਰੱਖਿਅਤ ਹੈ। ਉਨਾਂ ਨੇ ਕਿਹਾ ਕਿ ਜੇਕਰ ਆਪਾਂ ਸਾਰੇ ਰਲ ਮਿਲ ਕੇ ਯਤਨ ਕਰਾਂਗੇ ਤਾਂ ਫਤਿਹ ਸਾਡੀ ਹੋਵੇਗੀ।

हिंदी






