ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਗੁਰਦਾਸਪੁਰ ਨੇ ਮੁੜ ਸ਼ੁਰੂ ਕੀਤੀ ਮੁਫ਼ਤ ਬੱਸ ਯਾਤਰਾ

Sorry, this news is not available in your requested language. Please see here.

ਬਟਾਲਾ ਤੋਂ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ ਨੇ ਹਰੀ ਝੰਡੀ ਦਿਖਾ ਕੇ ਬੱਸ ਨੂੰ ਰਵਾਨਾ ਕੀਤਾ
ਯਾਤਰੂਆਂ ਨੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਕੇ ਇਤਿਹਾਸ ਦੀ ਲਈ ਜਾਣਕਾਰੀ
ਬਟਾਲਾ, 1 ਅਗਸਤ 2021 ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲਾ ਹੈਰੀਟੇਜ਼ ਸੁਸਾਇਟੀ ਵੱਲੋਂ ਜ਼ਿਲੇ ਦੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਅੱਜ ਦੁਬਾਰਾ ਸ਼ੁਰੂ ਹੋ ਗਈ ਹੈ।  ਇੱਕ ਰੋਜ਼ਾ ਟੂਰ ਪ੍ਰੋਗਰਾਮ ਤਹਿਤ ਅੱਜ ਬਟਾਲਾ ਦੇ ਸ਼ਿਵ ਬਟਾਲਵੀ ਆਡੀਟੋਰੀਅਮ ਤੋਂ ਚੱਲੀ ਵਿਸ਼ੇਸ਼ ਬੱਸ ਵਿੱਚ 40 ਦੇ ਕਰੀਬ ਯਾਤਰੂਆਂ ਨੇ ਯਾਤਰਾ ਕੀਤੀ। ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ ਨੇ ਹਰੀ ਝੰਡੀ ਦਿਖਾ ਕੇ ਇਸ ਬੱਸ ਨੂੰ ਰਵਾਨਾ ਕੀਤਾ।
ਇਸ ਮੌਕੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਧਾਰਮਿਕ ਅਤੇ ਇਤਿਹਾਸਕ ਪਿਛੋਕੜ ਬਹੁਤ ਅਮੀਰ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ ਗਲੋਬਲ ਸਿਟੀਜ਼ਨ ਬਣ ਰਹੇ ਹਨ ਅਤੇ ਅਜਿਹੇ ਵਿੱਚ ਉਨ੍ਹਾਂ ਨੂੰ ਦੁਨੀਆਂ ਭਰ ਦੇ ਇਤਿਹਾਸ ਦੇ ਨਾਲ ਆਪਣੇ ਇਲਾਕੇ ਦੇ ਇਤਿਹਾਸਕ ਪਿਛੋਕੜ ਤੋਂ ਵੀ ਜਾਣੂ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਉਪਰਾਲਾ ਬਹੁਤ ਵਧੀਆ ਹੈ ਜਿਸਦੀ ਬਦੌਲਤ ਨੌਜਵਾਨ ਪੀੜ੍ਹੀ ਆਪਣੀ ਵਿਰਾਸਤ ਨਾਲ ਜੁੜ ਰਹੀ ਹੈ।

ਅੱਜ ਦੀ ਯਾਤਰਾ ਸਭ ਤੋਂ ਪਹਿਲਾਂ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਵਿਖੇ ਪਹੁੰਚੀ ਜਿਥੇ ਯਾਤਰੂਆਂ ਨੇ ਪੰਜਾਬ ਸਰਕਾਰ ਵੱਲੋਂ ਬਣਾਏ ਸ਼ਹੀਦੀ ਸਮਾਰਕ ਦੇ ਦਰਸ਼ਨ ਕੀਤੇ ਅਤੇ ਸ਼ਹੀਦਾਂ ਨੂੰ ਸਿਜਦਾ ਕੀਤਾ। ਇਸ ਮੌਕੇ ਸਮਾਰਕ ਵਿੱਚ ਪ੍ਰਬੰਧਕਾਂ ਵੱਲੋਂ ਯਾਤਰੂਆਂ ਨੂੰ ਛੋਟਾ ਘੱਲੂਘਾਰਾ ਦੇ ਇਤਿਹਾਸ ਸਬੰਧੀ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ। ਯਾਤਰੂਆਂ ਨੇ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਵਿਖੇ ਵੀ ਮੱਥਾ ਟੇਕਿਆ। ਇਥੇ ਯਾਤਰੂਆਂ ਨੇ ਮਾਲ-ਪੂੜਿਆਂ ਦਾ ਸਵਾਦ ਵੀ ਚੱਖਿਆ।
ਇਸ ਤੋਂ ਬਾਅਦ ਯਾਤਰਾ ਸ੍ਰੀ ਹਰਗੋਬਿੰਦਪੁਰ ਵਿਖੇ ਪਹੁੰਚੀ ਜਿਥੇ ਯਾਤਰੂਆਂ ਅਤੇ ਯਾਤਰੂਆਂ ਨੇ ਗੁਰੂ ਕੀ ਮਸੀਤ, ਲਾਹੌਰੀ ਦਰਵਾਜ਼ਾ ਅਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕੀਤੇ। ਯਾਤਰਾ ਦਾ ਅਗਲਾ ਪੜਾਅ ਰਾਧਾ ਕ੍ਰਿਸ਼ਨ ਮੰਦਰ ਪਿੰਡ ਕਿਸ਼ਨ ਕੋਟ ਵਿਖੇ ਹੋਇਆ ਜਿਥੇ ਯਾਤਰੂਆਂ ਨੇ ਮੱਥਾ ਟੇਕਣ ਦੇ ਨਾਲ 200 ਸਾਲ ਤੋਂ ਵੱਧ ਪੁਰਾਣੇ ਕੰਧ ਚਿੱਤਰਾਂ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਯਾਤਰੂਆਂ ਨੇ ਘੁਮਾਣ ਵਿਖੇ ਪਹੁੰਚ ਕੇ ਭਗਤ ਨਾਮਦੇਵ ਜੀ ਦੇ ਸਮਾਧੀ ਅਸਥਾਨ ਸ੍ਰੀ ਨਾਮਦੇਵ ਦਰਬਾਰ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਯਾਤਰਾ ਦਾ ਅਗਲਾ ਪੜਾਅ ਪਿੰਡ ਮਸਾਣੀਆਂ ਵਿਖੇ ਹੋਇਆ ਅਤੇ ਸਾਰਿਆਂ ਨੇ ਬਾਬਾ ਬਦਰ ਸ਼ਾਹ ਦੀਵਾਨ ਜੀ ਦੀ ਦਰਗਾਹ ਦੇ ਦਰਸ਼ਨ ਕੀਤੇ। ਅਖੀਰ ਵਿੱਚ ਯਾਤਰਾ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਪਹੁੰਚੀ ਅਤੇ ਇਨਾਂ ਧਾਰਮਿਕ ਅਸਥਾਨਾਂ ਵਿਖੇ ਨਤਮਸਕ ਹੋਣ ਤੋਂ ਬਾਅਦ ਇਹ ਯਾਤਰਾ ਸ਼ਾਮ ਨੂੰ ਬਟਾਲਾ ਸ਼ਹਿਰ ਵਿਖੇ ਸਮਾਪਤ ਹੋਈ। ਯਾਤਰਾ ਦੌਰਾਨ ਗਾਈਡ ਹਰਬਖਸ਼ ਸਿੰਘ ਅਤੇ ਹਰਪ੍ਰੀਤ ਸਿੰਘ ਵੱਲੋਂ ਸਾਰੇ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।
ਯਾਤਰਾ ਕਰ ਰਹੀਆਂ ਬਟਾਲਾ ਦੀਆਂ ਵਸਨੀਕ ਸੁਨਿਧੀ ਸ਼ਰਮਾ ਅਤੇ ਸ਼ਰਨਜੀਤ ਕੌਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਸ ਨਿਵੇਕਲੇ ਉਪਰਾਲੇ ਸਦਕਾ ਸਾਡੇ ਜ਼ਿਲ੍ਹੇ ਦਾ ਇਤਿਹਾਸ ਦੁਨੀਆਂ ਸਾਹਮਣੇ ਉਜਾਗਰ ਹੋ ਰਿਹਾ ਹੈ। ਉਨਾਂ ਕਿਹਾ ਕਿ ਅੱਜ ਦੀ ਯਾਤਰਾ ਦੌਰਾਨ ਜੋ ਅਸਥਾਨ ਦੇਖਣ ਨੂੰ ਮਿਲੇ ਹਨ ਉਹ ਉਨਾਂ ਪਹਿਲਾਂ ਨਹੀਂ ਦੇਖੇ ਸਨ। ਉਨਾਂ ਕਿਹਾ ਕਿ ਇਹ ਇੱਕ ਸਿੱਖਿਆਦਾਇਕ ਟੂਰ ਹੈ ਜਿਸ ਤੋਂ ਬਹੁਤ ਕੁਝ ਸਿੱਖਣ ਤੇ ਜਾਨਣ ਨੂੰ ਮਿਲ ਰਿਹਾ ਹੈ।