ਆਈਆਈਟੀ ਰੋਪੜ ਦੇ ਰਜਿਸਟਰਡ ਕਿਰਤੀਆਂ ਦੇ ਬੱਚਿਆਂ ਨੂੰ ਕਿੱਤਾਮੁਖੀ ਕੋਰਸ ਕਰਵਾਏਗੀ – ਸਪੀਕਰ ਕੁਲਤਾਰ ਸਿੰਘ ਸੰਧਵਾਂ 

Sorry, this news is not available in your requested language. Please see here.

ਰੂਪਨਗਰ, 12 ਜੂਨ 2025
ਦੇਸ਼ ਦੀ ਸਰਵਉੱਤਮ ਸਿੱਖਿਆ ਸੰਸਥਾ ਆਈਆਈਟੀ ਰੋਪੜ ਇੱਕ ਵਿਲੱਖਣ ਪ੍ਰੋਗਰਾਮ ਅਧੀਨ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਰਜਿਸਟਰਡ ਕਿਰਤੀਆਂ ਦੇ ਬੱਚਿਆਂ ਨੂੰ ਮੁਫਤ ਕਿੱਤਾਮੁਖੀ ਕੋਰਸ ਮੁਹੱਈਆ ਕਰਵਾਏਗੀ।
ਇਸ ਸਬੰਧੀ ਆਈਆਈਟੀ ਰੋਪੜ ਵਿਖੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਅਧੀਨ ਕਿਰਤ ਵਿਭਾਗ, ਤਕਨੀਕੀ ਸਿੱਖਿਆ ਅਤੇ ਆਈਆਈਟੀ ਰੋਪੜ ਦੇ ਸੀਨੀਅਰ ਅਧਿਕਾਰੀਆਂ ਦੀ ਅਹਿਮ ਮੀਟਿੰਗ ਹੋਈ।
ਮੀਟਿੰਗ ਦੀ ਅਗਵਾਈ ਕਰਦਿਆਂ ਸਪੀਕਰ ਵਿਧਾਨ ਸਭਾ ਨੇ ਕਿਹਾ ਕਿ ਕਿਰਤੀਆਂ ਦੇ ਬੱਚਿਆਂ ਨੂੰ ਵਪਾਰ ਅਤੇ ਸਟਾਰਟ-ਅੱਪ ਸਬੰਧੀ ਕੋਰਸ ਸਮੇਤ ਵੈੱਬ ਡਿਜ਼ਾਇੰਨਗ, ਆਰਟੀਫਿਸ਼ਲ ਇੰਟੈਲੀਜੈਂਸ, ਕੰਟੈਂਟ ਰਾਈਟਿੰਗ ਸਬੰਧੀ ਮੁਫਤ ਕੋਰਸ ਆਈਆਈਟੀ, ਰੋਪੜ ਵਲੋਂ ਕਰਵਾਏ ਜਾਣਗੇ ਅਤੇ ਇਸ ਦੀ ਸਰਟੀਫਿਕੇਸ਼ਨ ਵੀ ਆਈਆਈਟੀ ਵੱਲੋਂ ਕੀਤੀ ਜਾਵੇਗੀ।
ਉਨ੍ਹਾਂ ਮੀਟਿੰਗ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਵਚਨਬੱਧਤਾ ਨਿਭਾਉਂਦੇ ਹੋਏ ਹਾਸ਼ੀਏ ਉੱਤੇ ਜੀਵਨ ਬਤੀਤ ਕਰ ਰਹੇ ਬੱਚਿਆਂ ਦੇ ਬਿਹਤਰ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇਨ੍ਹਾਂ ਖ਼ਾਸ ਕੋਰਸਾਂ ਦੀ ਸ਼ੁਰੂਆਤ ਕਰ ਰਹੀ ਹੈ ਜਿਸ ਦੀ ਰੂਪ ਰੇਖਾ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕੀਤੀ ਜਾਵੇਗੀ ਅਤੇ ਜਲਦ ਲੋੜਵੰਦਾਂ ਪਰਿਵਾਰਾਂ ਦੇ ਬੱਚਿਆਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।
ਸ. ਸੰਧਵਾਂ ਨੇ ਕਿਹਾ ਕਿ ਇਸ ਮੁਫ਼ਤ ਕੋਰਸ ਲਈ ਕੇਵਲ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਰਜਿਸਟਰਡ ਕਿਰਤੀਆਂ ਦੇ ਬੱਚਿਆਂ ਨੂੰ ਹੀ ਯੋਗ ਸਮਝਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਇਨ੍ਹਾਂ ਕੋਰਸਾਂ ਨੂੰ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਮੁਹਈਆਂ ਕਰਵਾਇਆ ਜਾਵੇਗਾ ਅਤੇ ਇਸ ਪ੍ਰੋਗਰਾਮ ਨਾਲ ਸੂਬੇ ਦੇ 3 ਲੱਖ ਦੇ ਕਰੀਬ ਰਜਿਸਟਰਡ ਕਿਰਤੀਆਂ ਨੂੰ ਇਸ ਦਾ ਲਾਭ ਮਿਲੇਗਾ।
ਸਪੀਕਰ ਨੇ ਮੀਟਿੰਗ ਵਿੱਚ ਸਕੱਤਰ, ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਆਈਏਐਸ ਰਾਜੀਵ ਗੁਪਤਾ ਨੂੰ ਕਿਹਾ ਕਿ ਇਹ ਯਕੀਨੀ ਕੀਤਾ ਜਾਵੇ ਕਿ ਰਜਿਸਟਰਡ ਕਿਰਤੀ ਦਾ ਕਾਰਡ ਹਰ ਸਾਲ ਰੀਨਿਊ ਕੀਤਾ ਜਾਵੇ ਤਾਂ ਜੋ ਇਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀਆਂ ਸਰਕਾਰੀ ਸੇਵਾਵਾਂ ਨੂੰ ਬਿਨ੍ਹਾਂ ਕਿਸੇ ਦੇਰੀ ਨਾਲ ਮੁਹਈਆਂ ਕਰਵਾਇਆ ਜਾ ਸਕੇ।
ਇਸ ਮੀਟਿੰਗ ਵਿੱਚ ਰਜਿਸਟਰਡ ਕਿਰਤੀਆਂ ਨੂੰ ਮਿਲਣ ਵਾਲੀਆਂ ਭਲਾਈ ਸਕੀਮਾਂ ਫ੍ਰੀ ਟੂਲ ਕਿੱਟਾਂ, ਵਜੀਫ਼ਾ ਸਕੀਮਾਂ ਅਤੇ ਹੋਰ ਵਿੱਤੀ ਸੇਵਾਵਾਂ ਦੀ ਵੇਰਵਿਆਂ ਸਹਿਤ ਚਰਚਾ ਵੀ ਕੀਤੀ ਗਈ।
ਇਸ ਮੀਟਿੰਗ ਆਈਆਈਟੀ ਤੋਂ ਡਾ. ਪੁਸ਼ਪਿੰਦਰ ਸਿੰਘ ਅਤੇ ਡਾ. ਰਾਧਿਕਾ ਤ੍ਰਿਖਾ, ਆਰਟੀਏ ਗੁਰਵਿੰਦਰ ਸਿੰਘ ਜੌਹਲ, ਡਿਪਟੀ ਸਕੱਤਰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਪਦਮਜੀਤ ਸਿੰਘ, ਅਸਿਸਟੈਂਟ ਲੇਬਰ ਕਮਿਸ਼ਨਰ ਫਰੀਦਕੋਟ ਕੰਵਲਜੀਤ ਸਿੰਘ, ਲੇਬਰ ਇੰਸਪਕਟਰ ਅਸ਼ੋਕ ਕੁਮਾਰ ਸਮੇਤ ਤਕਨੀਕੀ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।