ਕੈਕਿੰਗ ਕੈਨੋਇੰਗ ਤੇ ਰੋਇੰਗ ਕੋਚਿੰਗ ਸੈਂਟਰ ਕਟਲੀ ਰੂਪਨਗਰ ਨੂੰ 16 ਬੋਟਾਂ ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਲਈ ਮਿਲੀਆਂ

Sorry, this news is not available in your requested language. Please see here.

— ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ 17 ਤੋਂ 19 ਅਕਤੂਬਰ ਤੱਕ ਰੋਇੰਗ ਕੋਚਿੰਗ ਸੈਂਟਰ, ਕਟਲੀ ਵਿਖੇ ਰਾਜ ਪੱਧਰੀ ਮੁਕਾਬਲੇ ਹੋਣਗੇ

ਰੂਪਨਗਰ, 13 ਅਕਤੂਬਰ:

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਖਿਡਾਰੀਆਂ ਨੂੰ ਸਿਖਲਾਈ ਲਈ ਵਧੀਆ ਮੌਕੇ ਦੇਣ ਦੇ ਨਾਲ-ਨਾਲ ਹਰ ਪੱਧਰ ਉਤੇ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸ ਸਦਕਾ ਸੂਬੇ ਦੇ ਖਿਡਾਰੀ ਵਿਸ਼ਵ ਪੱਧਰ ਉਤੇ ਦੇਸ਼ ਦਾ ਨਾਮ ਉੱਚਾ ਕਰ ਰਹੇ ਹਨ। ਇਸੇ ਲੜ੍ਹੀ ਤਹਿਤ ਕੈਕਿੰਗ ਕੈਨੋਇੰਗ ਅਤੇ ਰੋਇੰਗ ਕੋਚਿੰਗ ਗੇਮ ਨੂੰ ਪ੍ਰਫੁੱਲਿਤ ਕਰਨ ਲਈ ਕੈਕਿੰਗ ਕੈਨੋਇੰਗ ਤੇ ਰੋਇੰਗ ਕੋਚਿੰਗ ਸੈਂਟਰ ਕਟਲੀ ਰੂਪਨਗਰ ਨੂੰ 16 ਬੋਟਾਂ, ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਲਈ ਦਿੱਤੀਆਂ ਗਈਆਂ ਹਨ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਵਿਚ ਹੀ ਬੱਚਿਆਂ ਸਮੇਤ ਨੌਜਵਾਨਾਂ ਦਾ ਰੁਝਾਨ ਕੈਕਿੰਗ ਕੈਨੋਇੰਗ ਤੇ ਰੋਇੰਗ ਪ੍ਰਤੀ ਵਧਿਆ ਹੈ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਖੇਡ ਨੂੰ ਹੋਰ ਵਿਕਸਿਤ ਕਰਨ ਲਈ ਕੋਚਿੰਗ ਸੈਂਟਰ ਕਟਲੀ  ਵਿਖੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਦਿੱਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ 17 ਤੋਂ 19 ਅਕਤੂਬਰ ਤੱਕ ਕੋਚਿੰਗ ਸੈਂਟਰ ਕਟਲੀ ਵਿਖੇ ਰਾਜ ਪੱਧਰੀ ਖੇਡਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ ਜਿਸ ਲਈ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਜਾ ਰਹੇ ਇਨ੍ਹਾਂ ਖਿਡਾਰੀਆਂ ਵਿਚ ਕਾਫੀ ਉਤਸ਼ਾਹ ਵੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਤਲੁਜ ਵਿਚ ਰਾਸ਼ਟਰੀ ਪੱਧਰ ਦੇ ਮੁਕਾਬਲੇ ਹੋਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ।

ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਰੂਪਨਗਰ ਰੁਪੇਸ਼ ਕੁਮਾਰ ਬੇਗੜਾ ਵੱਲੋਂ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦੇ ਹੋਏ ਦੱਸਿਆ ਗਿਆ ਕਿ ਇਸ ਸੈਂਟਰ ਤੋਂ ਟ੍ਰੇਨਿੰਗ ਲੈ ਕੇ ਬਹੁਤ ਸਾਰੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਪ੍ਰਾਪਤ ਕੀਤੇ ਹਨ ਅਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।

ਇਸ ਮੌਕੇ ਪ੍ਰਧਾਨ ਕੈਕਿੰਗ ਕੈਨੋਇੰਗ ਐਸੋਸੀਏਸ਼ਨ ਸੁਰਜਨ ਸਿੰਘ, ਜਨਰਲ ਸੈਕਟਰੀ ਕੈਕਿੰਗ ਕੈਨੋਇੰਗ ਹਰਮਿੰਦਰ ਸਿੰਘ, ਰੋਇੰਗ ਕੋਚ ਗੁਰਜਿੰਦਰ ਸਿੰਘ ਚੀਮਾ, ਕੈਕਿੰਗ ਕਨੋਇੰਗ ਕੋਚ ਮਿਸ ਉਂਕਰਦੀਪ ਕੌਰ, ਵਰਲਡ ਕੱਪ ਕੈਕਿੰਗ ਕੈਨੋਇੰਗ ਖਿਡਾਰੀ ਯੁਗਰਾਜ ਸਿੰਘ, ਵਰਲਡ ਕੱਪ ਖਿਡਾਰਨ ਨਵਪ੍ਰੀਤ ਕੌਰ ਅਤੇ ਹੋਰ ਸਾਰੇ ਕੈਕਿੰਗ ਕੈਨੋਇੰਗ ਅਤੇ ਰੋਇੰਗ ਖਿਡਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਦਾ ਇਸ ਮੌਕੇ ਧੰਨਵਾਦ ਕੀਤਾ ਗਿਆ।