ਕੈਮੀਕਲ ਹਾਦਸਿਆਂ ਨੂੰ ਰੋਕਣ ਸਬੰਧੀ ਜ਼ਿਲ੍ਹਾ ਸੰਕਟ ਸਮੂਹ ਦੀ ਮੀਟਿੰਗ

Patiala administrator

Sorry, this news is not available in your requested language. Please see here.

ਪਟਿਆਲਾ, 22 ਅਕਤੂਬਰ:
ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਦੀਆਂ ਹਦਾਇਤਾਂ ‘ਤੇ ਅੱਜ ਜ਼ਿਲ੍ਹੇ ਦੀਆਂ ਉਦਯੋਗਿਕ ਇਕਾਈਆਂ ਵਿੱਚ ਸੁਰੱਖਿਆ ਦੇ ਕੀਤੇ ਪ੍ਰਬੰਧਾਂ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਤਕਾਲ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦਾ ਜਾਇਜ਼ਾ ਲੈਣ ਲਈ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੈ ਸਿੰਘ ਦੀ ਅਗਵਾਈ ‘ਚ ਜ਼ਿਲ੍ਹਾ ਸੰਕਟ ਸਮੂਹ, ਪਟਿਆਲਾ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ।
ਮੀਟਿੰਗ ‘ਚ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੈ ਸਿੰਘ ਨੇ ਕਿਹਾ ਕਿ ਵੱਡੀਆਂ ਉਦਯੋਗਿਕ ਇਕਾਇਆਂ ਵਿੱਚ ਆਮ ਤੌਰ ‘ਤੇ ਗੈਸਾਂ ਜਾਂ ਹੋਰ ਜਲਣਸ਼ੀਲ ਪਦਾਰਥਾਂ ਦੀ ਵਧੇਰੇ ਮਾਤਰਾ ਹੋਣ ਕਾਰਨ ਹਰ ਸਮੇਂ ਸਾਵਧਾਨੀਆਂ ਵਰਤਣ ਦੀ ਲੋੜ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਵਰਤ ਕੇ ਹੀ ਕਿਸੇ ਅਣਹੋਣੀ ਜਾ ਹਾਦਸੇ ਨੂੰ ਟਾਲਿਆ ਜਾ ਸਕਦਾ ਹੈ। ਸੁਰੱਖਿਆ ਲਈ ਸਾਵਧਾਨੀਆਂ ਵਰਤਣਾ ਬਹੁਤ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਉਦਯੋਗਿਕ ਇਕਾਈਆਂ ਵਿੱਚ ਅਜਿਹੇ ਪਦਾਰਥ ਵੱਡੀ ਮਾਤਰਾ ਵਿੱਚ ਹਨ, ਜੋ ਕਿਸੇ ਦੁਰਘਟਨਾ ਸਮੇਂ ਵੱਡਾ ਨੁਕਸਾਨ ਕਰ ਸਕਦੇ ਹਨ, ਉਨ੍ਹਾਂ ਲਈ ਪਹਿਲ ਦੇ ਆਧਾਰ ‘ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
ਸਹਾਇਕ ਕਮਿਸ਼ਨਰ ਨੇ ਕਿਹਾ ਕਿ ਆਮ ਤੌਰ ‘ਤੇ ਅਜਿਹੀਆਂ ਉਦਯੋਗਿਕ ਇਕਾਈਆਂ ਦੇ ਵਿੱਚ ਸੁਰੱਖਿਆ ਅਤੇ ਸਾਵਧਾਨੀਆਂ ਬਾਰੇ ਸਮੇਂ-ਸਮੇਂ ‘ਤੇ ਜਾਣਕਾਰੀ ਦੇਣ ਦੇ ਵਿਸ਼ੇਸ਼ ਉਪਰਾਲੇ ਤਾਂ ਕੀਤੇ ਜਾਂਦੇ ਹਨ, ਪਰੰਤੂ ਆਲੇ ਦੁਆਲੇ ਦੇ ਖੇਤਰਾਂ ਵਿੱਚ ਰਹਿ ਰਹੇ ਆਮ ਲੋਕਾਂ ਨੂੰ ਜਾਣਕਾਰੀ ਦੀ ਅਣਹੋਂਦ ਕਾਰਨ ਜ਼ਹਿਰੀਲੀਆਂ ਗੈਸਾਂ ਜਾਂ ਜਲਣਸ਼ੀਲ ਪਦਾਰਥਾਂ ਨਾਲ ਨਜਿੱਠਣ ਦੇ ਢੰਗ ਤਰੀਕਿਆਂ ਬਾਰੇ ਨਹੀਂ ਪਤਾ ਹੁੰਦਾ, ਜਿਸ ਕਾਰਨ ਦੁਰਘਟਨਾ ਦੇ ਭਿਆਨਕ ਰੂਪ ਧਾਰਨ ਕਰਨ ਦੀ ਸੰਭਾਵਨਾ ਵੱਧ ਜਾਂਦੀ ਹੈ, ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਕਟ ਸਮੂਹ ਅਤੇ ਉਪ ਮੰਡਲ ਸੰਕਟ ਸਮੂਹ ਦੀਆਂ ਮੀਟਿੰਗਾਂ ਅਤੇ ਇਨ੍ਹਾਂ ਵਿੱਚ ਹੋਣ ਵਾਲਾ ਵਿਚਾਰ ਵਟਾਂਦਰੇ ‘ਤੇ ਸਭ ਤੋਂ ਜ਼ਰੂਰੀ ਆਲੇ ਦੁਆਲੇ ਦੇ ਖੇਤਰਾਂ ਵਿਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਰਹਿਣ ਬਾਰੇ ਦਿੱਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਜਾਣਕਾਰੀ ਦੇਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਵਾਪਰੇ ਹਾਦਸਿਆਂ ਅਤੇ ਦੁਰਘਟਨਾਵਾਂ ਤੋਂ ਸਬਕ ਲੈਣ ਦੀ ਲੋੜ ਹੈ। ਹਰ ਤਰ੍ਹਾਂ ਦੇ ਹਾਦਸੇ ਨੂੰ ਟਾਲਣ ਲਈ ਜ਼ਿਲ੍ਹਾ ਸੰਕਟ ਸਮੂਹ ਵਲੋਂ ਇਹ ਉਪਰਾਲੇ ਲੋਕਾਂ ਦੀ ਸੁਰੱਖਿਆ ਲਈ ਕੀਤੇ ਗਏ ਹਨ।
ਮੀਟਿੰਗ ਵਿੱਚ ਆਈ.ਓ.ਸੀ.ਐਲ., ਨਾਭਾ ਵੱਲੋਂ ਆਏ ਸ਼੍ਰੀ ਭੁਪਿੰਦਰ ਵੱਲੋਂ ਐਲ.ਪੀ.ਜੀ. ਗੈਸ ਦੇ ਨਾਲ ਹੋਣ ਵਾਲੇ ਹਾਦਸਿਆਂ ਸਬੰਧੀ ਦੱਸਿਆ ਅਤੇ ਮੈਸ: ਸੀਲ ਕੈਮੀਕਲ ਕੰਪਲੈਕਸ, ਰਾਜਪੁਰਾ ਵੱਲੋਂ ਆਏ ਸ਼੍ਰੀ ਆਰ.ਕੇ. ਸ਼ਰਮਾ ਨੇ ਕਲੋਰਿੰਨ ਗੈਸ ਦੀ ਲੀਕੇਜ ਦੀ ਸਥਿਤੀ ਨੂੰ ਨਜਿਠਣ ਸਬੰਧੀ ਜਾਣਕਾਰੀ ਦਿੱਤੀ।
ਮੀਟਿੰਗ ‘ਚ ਪੁਲਿਸ, ਪੀ.ਪੀ.ਸੀ.ਬੀ., ਹੈਲਥ, ਫਾਇਰ, ਵਾਟਰ ਸਪਲਾਈ, ਬਿਜਲੀ ਬੋਰਡ ਅਤੇ ਖੇਤੀਬਾੜੀ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ‘ਚ ਸ਼੍ਰੀ ਨਰਿੰਦਰ ਪਾਲ ਸਿੰਘ, ਸਹਾਇਕ ਡਾਇਰੈਕਟਰ ਆਫ ਫੈਕਟਰੀਜ਼, ਪਟਿਆਲਾ ਵੱਲੋਂ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।