ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਲਾਏ ਗਏ ਖੂਨਦਾਨ ਕੈਂਪ ’ਚ 45 ਯੂਨਿਟ ਖੂਨ ਇਕੱਤਰ ਕੀਤਾ ਗਿਆ- ਡੀ ਸੀ ਆਸ਼ਿਕਾ ਜੈਨ

Sorry, this news is not available in your requested language. Please see here.

— ਕੈਂਪ ਦੌਰਾਨ ਇਕੱਤਰ ਹੋਇਆ ਖੂਨ ਡੇਂਗੂ ਪੀੜਤਾਂ ਦੀ ਮੱਦਦ ਦੇ ਕੰਮ ਆਵੇਗਾ

— ਏ ਡੀ ਸੀ ਵਿਰਾਜ ਐਸ ਤਿੜਕੇ ਨੇ ਕੀਤਾ ਕੈਂਪ ਦਾ ਉਦਘਾਟਨ

— ਸਹਿਯੋਗ ਲਈ ਵਿਸ਼ਵਾਸ ਫਾਊਂਡੇਸ਼ਨ ਦਾ ਕੀਤਾ ਧੰਨਵਾਦ

ਐੱਸ ਏ ਐੱਸ ਨਗਰ, 24 ਨਵੰਬਰ:

ਡਿਪਟੀ ਕਮਿਸ਼ਨਰ, ਸ੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਜ਼ਿਲਾ ਰੈਡ ਕਰਾਸ ਸ਼ਾਖਾ, ਐਸ.ਏ.ਐਸ.ਨਗਰ ਵਲੋਂ ਵਿਸ਼ਵਾਸ ਫਾਉਡੇਸ਼ਨ ਦੇ ਸਹਿਯੋਗ ਨਾਲ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ.ਨਗਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੈਂਪ ਡੇਂਗੂ ਦੀ ਬੀਮਾਰੀ ਕਾਰਨ ਸਿਵਲ ਹਸਪਤਾਲ, ਫੇਜ਼-6, ਮੋਹਾਲੀ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਆਈ.ਏ.ਐਸ, ਉਪ ਮੰਡਲ ਮੈਜਿਸਟ੍ਰੇਟ ਸ੍ਰੀਮਤੀ ਚੰਦਰਜੋਤੀ ਸਿੰਘ, ਆਈ.ਏ.ਐਸ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਹਰਜੋਤ ਕੌਰ, ਪੀ.ਸੀ.ਐਸ ਦੀ ਹਾਜ਼ਰੀ ’ਚ ਕੀਤਾ ਗਿਆ। ਇਸ ਮੌਕੇ ਇੰਸਪੈਕਟਰ ਅਮਨਦੀਪ ਸਿੰਘ, ਜ਼ਿਲ੍ਹਾ ਸਾਝ ਕੇਂਦਰ ਮੋਹਾਲੀ ਅਤੇ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਸਰਲ ਵਿਸ਼ਵਾਸ ਅਤੇ ਸਮੁੱਚੀ ਟੀਮ ਵਲੋਂ ਸ਼ਮੂਲੀਅਤ ਕੀਤੀ ਗਈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਲੋਂ ਖੂਨਦਾਨੀਆਂ ਨੂੰ ਬੈਜ ਲਗਾ ਕੇ ਵੱਧ ਤੋਂ ਵੱਧ ਖੂਨ ਦਾਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਖੂਨਦਾਨੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਇਸ ਕੈਂਪ ਵਿੱਚ ਬਲੱਡ ਬੈਂਕ ਸਿਵਲ ਹਸਪਤਾਲ, ਫੇਜ਼-6, ਮੋਹਾਲੀ ਦੀ ਟੀਮ ਵਲੋਂ 45 ਯੂਨਿਟ ਬਲੱਡ ਦੇ ਇਕੱਤਰ ਕੀਤੇ ਗਏ। ਇਸ ਮੌਕੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਲੋਕਾਂ ਵਿੱਚ ਇਹ ਗਲਤ ਧਾਰਨਾ ਹੈ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਆਉਂਦੀ ਹੈ। ਖੂਨਦਾਨ ਕਰਕੇ ਕੋਈ ਕਮਜ਼ੋਰੀ ਨਹੀ ਆਉਂਦੀ, ਬਲ ਕਿ ਹਰ ਕਿਸੇ ਨੂੰ 90 ਦਿਨਾਂ ਤੋਂ ਬਾਅਦ ਇੱਕ ਵਾਰ ਖੂਨਦਾਨ ਕਰਨਾ ਚਾਹੀਦਾ ਹੈ। ਇਹ ਦਾਨ ਲੋੜਵੰਦਾਂ ਦੀ ਮਦਦ ਦੇ ਨਾਲ-ਨਾਲ ਸਰੀਰ ਨੂੰ ਤੰਦਰੁਸਤ ਰੱਖਦਾ ਹੈ। ਖੂੁਨਦਾਨ ਕਰਨ ਵਰਗਾ ਇੱਕ ਨੇਕ ਕੰਮ ਮਹਾਨ ਸੇਵਾ ਵਿੱਚ ਆਉਦਾ ਹੈ।

ਇਸ ਕੈਂਪ ਵਿੱਚ ਰੈਡ ਕਰਾਸ ਦੇ ਮੈਂਬਰ ਸ੍ਰੀ ਪੀ.ਐਸ. ਵਿਰਦੀ, ਬਲੱਡ ਬੈਂਕ ਮੋਹਾਲੀ ਵਲੋਂ ਡਾ. ਸਨਿਆਸ਼ਰਮਾ ਬੀ.ਟੀ.ਓ. ਅਤੇ ਰੈਡ ਕਰਾਸ ਦੀ ਟੀਮ ਵਲੋਂ ਵੀ ਸਮੂਲੀਅਤ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਦੇ ਸਕੱਤਰ ਹਰਬੰਸ ਸਿੰਘ ਨੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਰੈਡ ਕਰਾਸ ਵਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਜਿਵੇ ਕਿ ਫਸਟ ਏਡ ਟੇ੍ਰਨਿੰਗ, ਪੇਸੈਂਟ ਕੇਅਰ ਅਟੈਡੈਂਟ ਸਰਵਿਸ, ਜਨ ਅੋਸ਼ਧੀ ਸਟੋਰਾਂ ਆਦਿ ਦੀ ਸਹੂਲਤ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਅੰਤ ਵਿੱਚ ਸਕੱਤਰ ਵਲੋਂ ਵਿਸ਼ਵਾਸ ਫਾਊਡੇਸ਼ਨ ਦੀ ਟੀਮ ਅਤੇ ਬਲੱਡ ਬੈਂਕ, ਸਿਵਲ ਹਸਪਤਾਲ, ਮੋਹਾਲੀ ਦੀ ਟੀਮ ਦਾ ਧੰਨਵਾਦ ਕੀਤਾ ਗਿਆ।