ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਡੀ ਏ ਪੀ ਦੇ ਬਦਲਵੇਂ ਸਰੋਤਾਂ ਨੂੰ ਵਰਤਣ ਦੀ ਅਪੀਲ
ਰੂਪਨਗਰ, 2 ਨਵੰਬਰ 2024
ਜ਼ਿਲ੍ਹੇ ਦੇ ਅਗਾਂਹਵਧੂ ਨੌਜੁਆਨ ਕਿਸਾਨ ਬਲਜਿੰਦਰ ਸਿੰਘ ਪਿੰਡ ਝੱਲੀਆਂ ਕਲਾਂ ਜੋ ਕਿ ਡੀ ਏ ਪੀ ਦੇ ਬਦਲ ਵਜੋਂ ਐਨ ਪੀ ਕੇ ਅਤੇ ਸੁਪਰ ਫਾਸਫੇਟ ਵਰਤਦੇ ਹਨ, ਦਾ ਕਹਿਣਾ ਹੈ ਕਿ ਫਾਸਫੋਰਸ ਤੱਤ ਦੀ ਪੂਰਤੀ ਲਈ ਸਾਨੂੰ ਕੇਵਲ ਡੀ ਏ ਪੀ ਦੀ ਵਰਤੋਂ ਕਰਨ ਦੀ ਜਾਂ ਨਿਰਭਰ ਰਹਿਣ ਦੀ ਲੋੜ ਨਹੀਂ। ਉਸ ਦਾ ਕਹਿਣਾ ਹੈ ਕਿ ਪਿਛਲੇ 2 ਸਾਲ ਉਸ ਵੱਲੋਂ ਡੀ ਏ ਪੀ ਦੀ ਬਹੁਤ ਸੀਮਤ ਵਰਤੋਂ ਕੀਤੀ ਗਈ ਸੀ ਅਤੇ ਉਸਦੇ ਮੁਕਾਬਲੇ ਐਨ ਪੀ ਕੇ 12:32:16 ਦੀ ਵਰਤੋਂ ਕਣਕ ਵਾਸਤੇ ਕੀਤੀ ਗਈ ਸੀ, ਜਿਸ ਦਾ ਨਤੀਜਾ ਬਹੁਤ ਵਧੀਆ ਰਿਹਾ।
ਉਨ੍ਹਾਂ ਕਿਹਾ ਕਿ ਇਸ ਵਾਰ ਵੀ ਉਨ੍ਹਾਂ ਵੱਲੋਂ ਡੀ ਏ ਪੀ ‘ਤੇ ਨਿਰਭਰਤਾ ਘਟਾ ਕੇ ਸਿੰਗਲ ਸੁਪਰਫਾਸਫੇਟ ਦੀ ਵਰਤੋਂ ‘ਤੇ ਜ਼ੋਰ ਦਿੱਤਾ ਜਾਵੇਗਾ ਤਾਂ ਜੋ ਫਾਸਫੋਰਸ ਦੀ ਪੂਰਤੀ ਲਈ ਕੇਵਲ ਡੀ ਏ ਪੀ ‘ਤੇ ਹੀ ਨਿਰਭਰਤਾ ਨਾ ਰਹੇ।
ਇਸ ਮੌਕੇ ਗਿਆਨ ਸਿੰਘ ਪਿੰਡ ਝੱਲੀਆਂ ਖੁਰਦ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਮੈਂ ਪਿਛਲੇ ਕੁਝ ਸਾਲਾਂ ਤੋਂ ਡੀ ਏ ਪੀ ਦੀ ਥਾਂ ਐਨ ਪੀ ਕੇ ਅਤੇ ਸੁਪਰ ਖਾਦ ਦੀ ਵਰਤੋਂ ਕਰ ਰਿਹਾਂ ਹਾਂ। ਜਿਸ ਨਾਲ ਮੇਰੀ ਫਸਲ ਤੇ ਕੋਈ ਪ੍ਰਭਾਵ ਨਹੀਂ ਪਿਆ ਅਤੇ ਝਾੜ ਵੀ ਪੂਰਾ ਮਿਲਿਆ। ਇਸ ਲਈ ਹੋਰ ਕਿਸਾਨ ਵੀ ਇਹਨਾਂ ਬਦਲਵੀਆਂ ਖਾਦਾਂ ਦੀ ਵਰਤੋਂ ਕਰਕੇ ਪੂਰਾ ਮੁਨਾਫ਼ਾ ਲੈਣ।
ਇਸ ਮੌਕੇ ਖੇਤੀਬਾੜੀ ਅਫ਼ਸਰ ਡਾ. ਪੰਕਜ ਸਿੰਘ, ਕਿਸਾਨ ਪਰਦੀਪ ਸਿੰਘ ਪਿੰਡ ਨੰਗਲ, ਨੁਰਪੁਰਬੇਦੀ ਦੀ ਪ੍ਰੋੜਤਾ ਕਰਦੇ ਹੋਏ ਕਹਿੰਦੇ ਹਨ ਕਿ ਇਨ੍ਹਾਂ ਵੱਲੋਂ ਫਾਸਫੋਰਸ ਦੀ ਡੀ ਏ ਪੀ ਤੋਂ ਨਿਰਭਰਤਾ ਘਟਾ ਕੇ, ਹੋਰਨਾਂ ਫਾਸਫੋਰਸ ਸਰੋਤਾਂ ਤੋਂ ਪੂਰਤੀ ਕੀਤੀ ਗਈ ਹੈ ਜਿਸ ਨਾਲ ਜਿੱਥੇ ਡੀ ਏ ਪੀ ‘ਤੇ ਨਿਰਭਰਤਾ ਘਟੀ ਹੈ, ਉਥੇ ਬਾਜ਼ਾਰ ਵਿੱਚ ਮੌਜੂਦ ਹੋਰ ਫਾਸਫੋਰਸ ਸਰੋਤਾਂ ‘ਤੇ ਵਿਸ਼ਵਾਸ ਬਣਿਆ ਹੈ।
ਉਨ੍ਹਾਂ ਦੱਸਿਆ ਕਿ ਐਨ ਪੀ ਕੇ 12:32:16 ਵਿੱਚ 32 ਫੀਸਦੀ ਫਾਸਫੋਰਸ ਤੱਤ ਤਾਂ ਹੁੰਦਾ ਹੀ ਹੈ, ਨਾਲ ਹੀ ਨਾਈਟ੍ਰੋਜਨ ਤੇ ਪੋਟਾਸ਼ ਵੀ ਮਿਲਦਾ ਹੈ ਜਦਕਿ ਇੱਕ ਹੋਰ ਬਦਲਵੇਂ ਸਰੋਤ ਟਰਿਪਲ ਸੁਪਰਫਾਸਫੇਟ ਵਿੱਚ 46 ਫੀਸਦੀ ਫਾਸਫੋਰਸ ਦੀ ਮਾਤਰਾ ਮੌਜੂਦ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਡੀ ਏ ਪੀ ਦੇ ਕਈ ਬਦਲ ਮੌਜੂਦ ਹਨ, ਇਸ ਕਰਕੇ ਸਾਨੂੰ ਕੇਵਲ ਇੱਕ ਖਾਦ ‘ਤੇ ਹੀ ਨਿਰਭਰ ਨਾ ਰਹਿ ਕੇ, ਹੋਰ ਬਦਲਵੇਂ ਸਰੋਤਾਂ ਤੋਂ ਵੀ ਫਾਸਫੋਰਸ ਦੀ ਪੂਰਤੀ ਕਰ ਲੈਣੀ ਚਾਹੀਦੀ ਹੈ।

हिंदी






